ਮੋਗਰਾ | mogra

ਪਿੰਡਾਂ ਆਲੀ ਸਾਂਝ
ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ ਪੂਰੀ ਸਾਂਝ ਸੀ। ਉਂਜ ਤਾਈ ਸੁਰਜੀਤ ਕੁਰ ਦਾ ਸੁਭਾਅ ਵੀ ਵਧੀਆ ਸੀ। ਤਾਈ ਦੀਆਂ ਦੋਂਨੋ ਕੁੜੀਆਂ ਛੰਨੋ ਤੇ ਛੋਟੀ ਜਿਸ ਨੂੰ ਘਰੇ ਗੰਜੀ ਆਖਦੇ ਸਨ ਘਰ ਦੇ ਕੰਮਾਂ ਵਿਚ ਪੂਰੀਆਂ ਨਿਪੁੰਨ ਸਨ। ਖੇਸ ਦਰੀਆਂ ਚਾਦਰਾਂ ਝੋਲੇ ਨਾਲੇ ਬੁਣਨ ਵਿੱਚ ਮਾਹਿਰ ਸਨ। ਵੱਡਾ ਮੁੰਡਾ ਬਿੱਲੂ ਜੋ ਗਰੀਬੀ ਵਿੱਚ ਬੀ ਏ ਕਰ ਗਿਆ ਤੇ ਛੋਟਾ ਮਿਸ਼ਰੀ ਨਿਰੋਲ ਅਨਪੜ੍ਹ। ਪਰਿਵਾਰ ਨਾਲ ਸਾਡੀ ਪੂਰੀ ਨੇੜਤਾ।
ਤਾਏ ਚਤਰੇ ਕੀ ਕੰਧ ਨਾਲ ਸਾਡੇ ਵੱਡਾ ਦਰਵਾਜ਼ਾ ਬਣਿਆ ਸੀ ਜਿਥੇ ਅਸੀਂ ਆਪਣੀ ਇਕਲੌਤੀ ਮੱਝ ਬੰਨਦੇ ਹੁੰਦੇ ਸੀ। ਮੱਝ ਦਾ ਕਿੱਲਾ ਜਵਾਂ ਤਾਏ ਕੀ ਕੰਧ ਨਾਲ ਗੱਡਿਆ ਹੋਇਆ ਸੀ। ਇੱਕ ਦਿਨ ਮੱਝ ਨੇ ਸਿੰਗਾਂ ਦੀ ਅੱਚਵੀ ਜਿਹੀ ਮੰਨਦੀ ਨੇ ਕੰਧ ਨਾਲ ਸਿੰਗ ਰਗੜ ਦਿੱਤੇ। ਕੁਦਰਤੀ ਉਸੇ ਜਗ੍ਹਾ ਤੇ ਹੀ ਤਾਈ ਸੁਰਜੀਤ ਕੁਰ ਕੇ ਹਾਰੇ ਬਣੇ ਹੋਏ ਸਨ। ਗੱਲ ਕੀ ਕੱਚੀ ਕੰਧ ਬਹਾਨਾ ਹੀ ਭਾਲਦੀ ਸੀ ਹਾਰਿਆਂ ਵਿਚ ਵੱਡਾ ਸਾਰਾ ਮੋਗਰਾ ਹੋ ਗਿਆ। ਕੱਚੀ ਕੰਧ ਦੀ ਮਿੱਟੀ ਓਹਨਾ ਦੇ ਹਾਰੇ ਵਿਚ ਡਿੱਗ ਪਈ। ਦੁੱਧ ਦੀ ਕਾਹੜਨੀ ਤੇ ਵੀ ਮਿੱਟੀ ਡਿਗ ਪਈ। ਸ਼ੁਕਰ ਦਾਤੇ ਦਾ ਕਾਹੜਨੀ ਤੇ ਚੱਪਣੀ ਹੋਣ ਕਰਕੇ ਮਿੱਟੀ ਦੁੱਧ ਵਿੱਚ ਨਾ ਪਈ ਤੇ ਬਚਾ ਹੋ ਗਿਆ। ਅਸੀਂ ਸਾਰੇ ਡਰ ਗਏ। “ਲ਼ੈ ਹੁਣ ਤੇਰੀ ਤਾਈ ਸੁਰਜੀਤ ਕੁਰ ਲੜਾਈ ਕੁਰੂ ਤੇ ਮੰਦਾ ਬੋਲੂ। ਤੇ ਗੁਆਂਢ ਮੱਥੇ ਟਿਟ ਵੈਰ ਪਊ।” ਮੇਰੀ ਮਾਂ ਦਾ ਡਰ ਬੋਲਿਆ। ਜਦੋਂ ਸ਼ਾਮੀ ਤਾਈ ਸੁਰਜੀਤ ਕੁਰ ਨੇ ਮੋਗਰਾ ਵੇਖਿਆ ਤਾਂ ਉਸਨੇ ਉਸੇ ਮੋਰੇ ਵਿੱਚ ਦੀ ਮੇਰੀ ਮਾਂ ਨੂੰ ਆਵਾਜ਼ ਮਾਰੀ।

“ਕਰਤਾਰ ਕੁਰੇ। ਨੀ ਕਰਤਾਰ ਕੁਰੇ।” ਮੇਰੀ ਮਾਂ ਦੇ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਹੀ ਤਾਈ ਕਹਿੰਦੀ
“ਨੀ ਕਰਤਾਰ ਕੁਰੇ ਆਹ ਤਾਂ ਮੌਜ ਬਣ ਗਈ। ਹੁਣ ਆਪਾਂ ਇਸੇ ਮੋਰੇ ਵਿਚ ਦੀ ਸੁੱਖ ਦੁਖ ਕਰ ਸਕਦੇ ਹਾਂ। ਦਾਲ ਸਬਜ਼ੀ ਦਾ ਲੈਣ ਦੇਣ ਕਰ ਸਕਦੇ ਹਾਂ।” ਤਾਈ ਦੇ ਚੇਹਰੇ ਤੇ ਰੌਣਕ ਸੀ। ਅਗਲੇ ਦਿਨ ਤਾਈ ਸੁਰਜੀਤ ਕੁਰ ਨੇ ਮਿੱਟੀ ਨਾਲ ਲਿੱਪ ਕੇ ਉਸ ਮੋਗਰੇ ਨੂੰ ਵਧੀਆ ਆਕਾਰ ਦੇ ਦਿੱਤਾ। ਉਸ ਚੋਰਸ ਮੋਗਰੇ ਵਿਚ ਲੱਸੀ ਦਾ ਡੋਲੂ ਵੀ ਲਿਆ ਦਿੱਤਾ ਜਾ ਸਕਦਾ ਸੀ। ਕਈ ਸਾਲ ਉਹ ਮੋਗਰਾ ਸਾਡੇ ਪਰਵਾਰਿਕ ਸਬੰਧਾਂ ਦਾ ਗਵਾਹ ਰਿਹਾ। ਵੇਲੇ ਕੁਵੇਲੇ ਦੁਖ ਸੁਖ ਵੇਲੇ ਅਸੀ ਇੱਕ ਦੂਜੇ ਨੂੰ ਆਵਾਜ਼ ਮਾਰਦੇ।
ਪਿੰਡਾਂ ਵਿਚਲੇ ਆਪਸੀ ਸਾਂਝ ਤੇ ਮੋਹ ਪਿਆਰ ਦੀ ਰੀਸ ਆਹ ਸ਼ਹਿਰੀ ਵਿਹਾਰ ਨਹੀਂ ਕਰ ਸਕਦੇ। ਉਹ ਸੁਨਿਹਰੀ ਦਿਨ ਬਸ ਮਿਠੀਆ ਯਾਦਾਂ ਵਿਚ ਸ਼ੁਮਾਰ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *