ਅੱਜਕਲ੍ਹ ਵਿਰਲੇ ਹੀ ਪਰਿਵਾਰ ਐਸੇ ਹੋਣਗੇ ਜਿੰਨਾ ਦਾ ਕੋਈਂ ਜੀਅ ਬਾਹਰਲੇ ਮੁਲਕ ਨਹੀਂ ਗਿਆ। ਬਹੁਤੇ ਜਾਣ ਦੀ ਤਿਆਰੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਵਿੱਚ ਵੀਜ਼ੇ ਅਤੇ ਆਈਲੇਟਸ ਵਾਲੀਆਂ ਹੱਟੀਆਂ ਲੋਕਾਂ ਨੂੰ ਵੱਡੇ ਸੁਫ਼ਨੇ ਦਿਖਾਕੇ ਆਪਣੇ ਵੱਲ ਖਿੱਚ ਰਹੀਆਂ ਹਨ। ਇੰਡੀਆ ਵਿੱਚ ਇਹ ਸਭ ਤੋਂ ਵਧੀਆ ਰੋਜਗਾਰ ਹੈ। ਇਹ੍ਹਨਾਂ ਹੱਟੀਆਂ ਦੇ ਮਾਲਿਕ ਸ਼ਾਹੀ ਜੀਵਨ ਬਸਰ ਕਰ ਰਹੇ ਹਨ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ। ਤੇ ਅਸੀਂ ਆਪਣੀਆਂ ਜ਼ਮੀਨਾਂ ਬੈਅ ਜਾਂ ਰਹਿਣ ਕਰਕੇ ਥੱਬੇ ਭਰ ਨੋਟਾਂ ਦੇ ਦਿੰਦੇ ਹਾਂ। ਇਸ ਵਿੱਚ ਕੋਈਂ ਸ਼ੱਕ ਨਹੀਂ ਕਿ ਪੜ੍ਹਾਈ ਦੇ ਬਹਾਨੇ ਬਾਹਰਲੇ ਮੁਲਕਾਂ ਵਿੱਚ ਜਾਕੇ ਨੋਜਵਾਨ ਸਖਤ ਮਿਹਨਤ ਤੋਂ ਬਾਅਦ ਸੈੱਟ ਹੋ ਜਾਂਦੇ ਹਨ। ਫਿਰ ਵੀ ਈਐਮਆਈ ਤੇ ਖਰੀਦੇ ਘਰਾਂ ਕਾਰਾਂ ਦਾ ਭੁਗਤਾਨ ਕਰਦੇ ਜੀਵਨ ਬਸਰ ਕਰਦੇ ਹਨ। ਕੁਝ ਕੁ ਸਮਝਦਾਰ ਜੁਆਕ ਪੰਜ ਚਾਰ ਸਾਲਾਂ ਬਾਅਦ ਘਰੇ ਵੀ ਚਾਰ ਛਿੱਲੜ ਭੇਜਣੇ ਸ਼ੁਰੂ ਕਰ ਹਨ। ਜਾਂ ਪੰਜ ਚਾਰ ਸਾਲਾਂ ਤੋਂ ਸੁੱਖ ਦੁੱਖ ਤੇ ਘਰੇ ਗੇੜਾ ਮਾਰਦੇ ਹਨ ਤੇ ਆਪਣੀ ਕਮਾਈ ਖਰਚ ਕਰਕੇ ਮੁੜ ਜਾਂਦੇ ਹਨ। ਫਿਰ ਮੇਰੇ ਵਰਗੇ ਬਜ਼ੁਰਗਾਂ ਦੇ ਵੀ ਜਾਹਜਾਂ ਤੇ ਝੂਟੇ ਲੈਣ ਅਤੇ ਬਾਹਰਲੇ ਮੁਲਕਾਂ ਵਿੱਚ ਘੁੰਮਣ ਦਾ ਕੀੜਾ ਡੰਗ ਮਾਰਨ ਲੱਗਦਾ ਹੈ। ਜੁਆਕਾਂ ਨੂੰ ਜੱਫੀਆਂ ਪਾਉਣ ਪੋਤੇ ਪੋਤੀਆਂ ਨੂੰ ਮਿਲਣ ਦੇ ਲਾਲਚ ਵਿੱਚ ਬੁਢਾਪੇ ਵਿੱਚ ਉਹ ਵੀ ਪਾਸਪੋਰਟ ਦਫਤਰਾਂ ਵਿੱਚ ਧੱਕੇ ਧੁੱਕੇ ਖਾਕੇ ਤਿੰਨ ਮਹੀਨਿਆਂ ਲਈ ਜਹਾਜ ਚੜ੍ਹ ਜਾਂਦੇ ਹਨ।
ਬਾਹਰਲੇ ਮੁਲਕਾਂ ਦੇ ਸੁਫ਼ਨੇ ਬਜ਼ੁਰਗਾਂ ਲਈ ਬੋਝ ਬਣ ਜਾਂਦੇ ਹਨ। ਉਥੇ ਉਹਨਾਂ ਨੂੰ ਕੋਈ ਢੰਗ ਦਾ ਸਾਥ ਨਹੀਂ ਮਿਲਦਾ। ਉਹ ਕੋਈਂ ਰਿਕਸ਼ਾ ਆਟੋ ਲ਼ੈਕੇ ਘਰ ਤੋਂ ਬਾਹਰ ਘੁੰਮਣ ਨਹੀਂ ਜਾ ਸਕਦੇ। ਇਕੱਲੇ ਹੀ ਘਰ ਦੀਆਂ ਕੰਧਾਂ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ। ਉਹ ਪਾਰਕਾਂ ਜੋਗੇ ਰਹਿ ਜਾਂਦੇ ਹਨ ਜਾਂ ਨੇੜਲੇ ਗੁਰਦੁਆਰੇ ਉਹਨਾਂ ਦਾ ਬਸੇਰਾ ਬਣਦੇ ਹਨ। ਉਡੀਕਦਿਆਂ ਨੂੰ ਮਸਾਂ ਵੀਕ ਐਂਡ ਆਉਂਦਾ ਹੈ ਫਿਰ ਜੁਆਕ ਬੁੜਾ ਬੁੜੀ ਨੂੰ ਸਰਵਣ ਪੁੱਤਰ ਵਾੰਗੂ ਮਾਡਰਨ ਵਹਿੰਗੀ ਕਾਰ ਚ ਬਿਠਾਕੇ ਗੇੜੀ ਲਵਾਉਂਦੇ ਹਨ। ਅੱਕੇ ਹੋਏ ਬਜ਼ੁਰਗ ਉਂਗਲਾਂ ਤੇ ਦਿਨ ਗਿਣਨ ਲੱਗਦੇ ਹਨ ਤੇ ਵਾਪੀਸੀ ਨੂੰ ਕਾਹਲ ਕਰਦੇ ਹਨ। ਘਰਾਂ ਚੋਂ ਲਗਦੀ ਮੇਰੀ ਸਾਲੀ ਜਿਹੜੀ ਉਥੇ ਛੇ ਮਹੀਨੇ ਲ਼ਾਕੇ ਆਈ ਹੈ ਨੇ ਦੱਸਿਆ ਕਿ ਮੇਰਾ ਦਿਨ ਤਾਂ ਰਸੋਈ ਵਿੱਚ ਨਿਕਲ ਜਾਂਦਾ ਸੀ ਤੇ ਇਹ (ਪਤੀ ਸਾਹਿਬ) ਘਰ ਵਿੱਚ ਕੈਦ ਹੋਕੇ ਰਹਿ ਗਏ ਸਨ। ਬਜ਼ੁਰਗ ਤਿੰਨ ਮਹੀਨਿਆਂ ਦੀ ਮਿੱਠੀ ਜੇਲ੍ਹ ਤਾਂ ਕੱਟ ਆਉਂਦੇ ਹਨ। ਇਸ ਤੋਂ ਵੱਧ ਨਹੀਂ। ਜਾਂ ਫਿਰ ਸਰੀਰ ਫਿੱਟ ਹੋਵੇ ਬੇਰੀਆਂ ਤੋਂ ਬੇਰ ਤੋੜਨ ਦੀ ਹਿੰਮਤ ਹੋਵੇ ਖੁਦ ਗੱਡੀ ਚਲਾਉਣੀ ਆਉਂਦੀ ਹੋਵੇ। ਉਥੇ ਕੰਮ ਕਰਨ ਵਾਲਿਆਂ ਦੀ ਹੀ ਕਦਰ ਹੁੰਦੀ ਹੈ ਮੇਰੇ ਵਰਗੇ ਵਹਿਲੇ ਫੇਸ ਬੁੱਕੀਆਂ ਨੂੰ ਤਾਂ ਘਰ ਅਤੇ ਬਾਹਰਲੀਆਂ ਅੱਖਾਂ ਘੁਰਦੀਆਂ ਰਹਿੰਦੀਆਂ ਹਨ। ਜਨਾਨੀ ਦੇ ਹੱਡ ਗੋਢੇ ਚੱਲਦੇ ਹੋਣ ਤੇ ਰਸੋਈ ਸੰਭਾਲਣ ਦੀ ਹਿੰਮਤ ਹੋਵੇ ਫਿਰ ਦਿਨ ਲੰਘਦਿਆਂ ਦਾ ਪਤਾ ਨਹੀਂ ਲੱਗਦਾ। ਪਰ ਆਪਣੇ ਵਤਨ ਦੀ ਤੇ ਪਿੰਡ ਦੀ ਯਾਦ ਤਾਂ ਸਤਾਉਂਦੀ ਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ