ਬਹੁਤ ਸਾਲ ਹੋਗੇ ਸਾਡੀ ਗਲੀ ਵਿੱਚ ਰਹਿੰਦੇ ਮਾਸਟਰ ਰਾਜ ਕੁਮਾਰ ਬੱਤਰਾ ਦਾ ਦੇਹਾਂਤ ਹੋ ਗਿਆ। ਉਹਨਾਂ ਘਰ ਮੂਹਰੇ ਲੱਗੀ ਨੇਮ ਪਲੇਟ ਜਿਸ ਤੇ #ਆਰ_ਕੇ_ਬਤਰਾ ਲਿਖਿਆ ਹੋਇਆ ਸੀ। ਕਈ ਸਾਲ ਉਂਜ ਹੀ ਲੱਗੀ ਰਹੀ। ਮੈਨੂੰ ਅਜੀਬ ਜਿਹਾ ਲੱਗਿਆ ਕਰੇ ਕਿ ਜਦੋਂ ਮਾਸਟਰ ਜੀ ਗੁਜ਼ਰ ਗਏ ਤਾਂ ਉਹਨਾਂ ਦੇ ਨਾਮ ਦੀ ਨੇਮ ਪਲੇਟ ਲਾਉਣ ਦਾ ਕੀ ਤੁੱਕ। ਮੇਰੀ ਅੱਲ੍ਹੜ ਜਿਹੀ ਉਮਰ ਸੀ ਅਕਲਦਾਨ ਵੀ ਖਾਲੀ ਵਰਗਾ ਹੀ ਸੀ। ਫਿਰ ਉਥੇ ਘਰ ਤੋਂ ਕੋਠੀ ਬਣ ਗਈ। ਨੇਕ ਔਲਾਦ ਨੇ ਫਿਰ ਉਹੀ ਨੇਮ ਪਲੇਟ ਪੂਰੇ ਅਦਬ ਨਾਲ ਉੱਥੇ ਹੀ ਟੰਗ ਦਿੱਤੀ। ਪਰ ਹੁਣ ਮੈਨੂੰ ਵੀ ਅਕਲ ਆ ਗਈ ਸੀ ਕਿ ਇਹ ਹੀ ਮਾਂ ਪਿਓ ਦਾ ਅਦਬ ਹੁੰਦਾ ਹੈ। ਚੰਗੀ ਔਲਾਦ ਇੰਜ ਮਾਪਿਆਂ ਨੂੰ ਯਾਦ ਰੱਖਦੀ ਹੈ ਤੇ ਸਤਿਕਾਰ ਦਿੰਦੀ ਹੈ। ਕਾਫੀ ਸਮੇਂ ਬਾਅਦ ਗਲੀ ਵਿੱਚ ਰਹਿੰਦੇ ਮੇਰੇ ਮਾਮਾ ਜੀ ਦੀ ਡੈਥ ਹੋ ਗਈ। #ਬੀ_ਐਲ_ਸਚਦੇਵਾ ਲਿਖੇ ਵਾਲੀ ਨੇਮ ਪਲੇਟ ਚਮਕਦੀ ਰਹੀ। ਫਿਰ ਉਹਨਾਂ ਨੇ ਵੀ ਉੱਥੇ ਹੀ ਨਵੀਂ ਕੋਠੀ ਪਾ ਲਈ ਤੇ ਓਹੀ ਨੇਮ ਪਲੇਟ ਟੰਗ ਦਿੱਤੀ। ਮਨ ਨੂੰ ਬਹੁਤ ਖੁਸ਼ੀ ਹੋਈ ਕਿ ਅੱਜਕਲ੍ਹ ਵੀ ਮਾਪਿਆਂ ਦਾ ਸਤਿਕਾਰ ਕਰਨ ਵਾਲੇ ਬਹੁਤ ਲੋਕ ਹਨ। ਖੈਰ ਜਦੋਂ ਮੈਂ 1995 96 ਚ ਨਵਾਂ ਮਕਾਨ ਬਣਾਇਆ ਤਾਂ ਮੇਰਾ ਛੋਟਾ ਬੇਟਾ ਕੋਈਂ ਛੇ ਮਹੀਨੇ ਹਸਪਤਾਲ ਦਾਖਿਲ ਰਿਹਾ। ਉਹ ਮੌਤ ਦੇ ਮੂੰਹ ਚੋਂ ਨਿਕਲਕੇ ਘਰ ਆਇਆ ਤਾਂ ਮੈਂ ਵੱਡੇ ਨੂੰ ਅਤੇ ਬਾਪ ਦੇ ਨਾਮ ਨੂੰ ਛੱਡਕੇ ਆਪਣੇ ਘਰ ਦਾ ਨਾਮ ਛੋਟੇ ਬੇਟੇ ਦੇ ਨਾਮ ਤੇ #ਨਵਗੀਤ_ਨਿਵਾਸ ਰੱਖਿਆ। ਪਾਪਾ ਜੀ ਨੇ 1998 99 ਵਿੱਚ ਹਰੇ ਰੰਗ ਦੀ ਟਾਟਾ ਇੰਡੀਕਾ ਲਈ। ਉਹਨਾਂ ਨੇ ਨੇਮ ਪਲੇਟ ਤੇ ਨਾਇਬ ਤਹਿਸੀਲਦਾਰ ਲਿਖਵਾਉਣ ਦੀ ਬਜਾਇ ਆਪਣਾ ਨਾਮ ਅੰਗਰੇਜ਼ੀ ਵਿੱਚ #ਓ_ਪੀ_ਸੇਠੀ ਲਿਖਵਾਇਆ। 2003 ਵਿੱਚ ਪਾਪਾ ਜੀ ਚਲੇ ਗਏ । ਉਸ ਹਰੇ ਰੰਗ ਦੀ ਇੰਡੀਕਾ ਕਈ ਸਾਲ ਸਾਡੇ ਕੋਲ ਰਹੀ। ਪੁਰਾਣੀ ਹੋਣ ਤੇ ਵੇਖਕੇ ਆਲਟੋ ਲ਼ੈ ਲਈ। ਉਸ ਦੀ ਨੰਬਰ ਪਲੇਟ ਤੇ ਅਸੀਂ ਉਸੇ ਫੋਂਟ ਤੇ ਰੰਗ ਵਿੱਚ ਓ ਪੀ ਸੇਠੀ ਲਿਖਾਇਆ। ਆਲਟੋ ਵੇਚਕੇ ਮਾਰੂਤੀ ਕੇ 10 ਲਈ ਤੇ ਫਿਰ ਵੈਗਨ ਆਰ ਪਰ ਨੰਬਰ ਪਲੇਟ ਤੇ ਅਸੀਂ ਅੱਜ ਵੀ ਉਹੀ ਨਾਮ ਲਿਖਾਇਆ ਹੋਇਆ ਹੈ। ਪਾਪਾ ਜੀ ਨੇ ਸਾਨੂੰ ਪੜ੍ਹਾ ਲਿਖਾਕੇ ਕਾਰਾਂ ਜੋਗੇ ਕਰ ਦਿੱਤਾ। ਕਾਰ ਦੇ ਪਿੱਛੇ ਉਹਨਾਂ ਦਾ ਨਾਮ ਵੇਖਕੇ ਹੀ ਖੁਮਾਰੀ ਜਿਹੀ ਚੜ੍ਹ ਜਾਂਦੀ ਹੈ। ਸਮਾਜ ਵਿੱਚ ਆਪਣੀ ਔਲਾਦ ਦਾ ਨਾਮ ਕੋਠੀਆਂ ਕਾਰਾਂ ਤੇ ਲਿਖਣ ਵਾਲੇ ਬਹੁਤ ਹਨ। ਪਰ ਮਾਂ ਪਿਓ ਦਾ ਨਾਮ ਲਿਖਣ ਵਾਲੇ ਚੁਣਿੰਦਾ ਲੋਕ ਹੀ ਹੁੰਦੇ ਹਨ। ਕਈ ਟਰੱਕਾਂ ਤੇ ਤਾਂ ਸੋਨੂ ਮੋਨੂੰ ਰਿੰਕੂ ਟਿੰਕੂ ਗੋਲਡੀ ਦੇ ਪਾਪਾ ਦੀ ਗੱਡੀ ਤਾਂ ਆਮ ਹੀ ਲਿਖਿਆ ਹੁੰਦਾ ਹੈ। ਪਰ ਓਮ ਪ੍ਰਕਾਸ਼ ਦੇ ਬੇਟੇ ਦੀ ਗੱਡੀ ਲਿਖਿਆ ਘੱਟ ਹੀ ਮਿਲਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ