ਓਦੋਂ ਅਸੀਂ ਪੰਦਰਾਂ ਪੈਸੇ ਦਾ ਪਾਈਆ ਦੁੱਧ ਕਿਸੇ ਹੱਟੀ ਤੋਂ ਲਿਆਉਂਦੇ। ਪਤਾ ਣੀ ਕਿਸੇ ਘਰੋਂ ਕਿਉਂ ਨਹੀਂ ਸੀ ਲਿਆਉਂਦੇ। ਜਾਂ ਸਾਈਕਲ ਵਾਲੇ ਦੋਧੀ ਤੋਂ ਲੈਂਦੇ। ਸਾਰੇ ਹੱਟੀਆਂ ਵਾਲੇ ਦੁੱਧ ਵੇਚਦੇ ਸਨ। ਬਹੁਤੇ ਵਾਰੀ ਸਾਨੂੰ ਦੁੱਧ ਬਾਬੇ ਤਾਰੀ ਦੀ ਹੱਟੀ ਤੋਂ ਹੀ ਮਿਲਦਾ। ਚਾਚੀ ਦੁਰਗਾ ਹੁੰਦੀ ਸੀ ਘਰੇ। ਉਹ ਦੁੱਧ ਪਾਉਂਦੀ। ਫਿਰ ਤਾਂ ਖੈਰ ਅਸੀਂ ਮੱਝ ਲਿਆਂਦੀ ਤੇ ਇੱਕ ਲਵੇਰਾ ਰੱਖਦੇ ਹੀ ਰੱਖਦੇ।
ਆਹ ਸਬਜ਼ੀਆਂ ਟਿੰਡੀਆਂ ਭਿੰਡੀਆਂ ਕਰੇਲੇ ਕੱਦੂ ਤੋਰੀਆਂ ਫਲੀਆਂ ਸਭ ਅਠਿਆਨੀ ਕਿਲੋ ਤਾਂ ਘੱਟ ਹੀ ਮਿਲਦੀਆਂ। ਬੇਂਗੁਣੀ ਤਾਂ ਪੰਜੀ ਦੀ ਪਾਈਆਂ ਮਿਲਦੀ ਸੀ। ਸਬਜ਼ੀ ਵਿੱਚ ਟਮਾਟਰ ਤੇ ਅਦਰਕ ਪਾਉਣਾ ਲਾਜ਼ਮੀ ਨਹੀਂ ਸੀ ਹੁੰਦਾ। ਅੱਜ ਇੱਕ ਛੋਟਾ ਜਿਹਾ ਕੱਦੂ ਖਰੀਦਿਆ ਉਸ ਨੇ ਪੰਜਾਹ ਰੁਪਏ ਮੰਗ ਲਏ। ਕੋਈਂ ਫਲ ਦੋ ਸੌ ਰੁਪਏ ਤੋਂ ਘੱਟ ਣੀ ਤੇ ਹਰ ਸਬਜ਼ੀ ਤਕਰੀਬਨ ਸੌ ਤੋਂ ਉੱਪਰ। ਕੱਲ੍ਹ ਭੁੰਨੀ ਹੋਈ ਛੱਲੀ ਦੇ ਰੇਹੜੀ ਵਾਲੇ ਨੇ ਪੱਚੀ ਰੁਪਈਏ ਮੰਗ ਲਏ ਚੁੱਪ ਕਰਕੇ ਦੇਤੇ।
ਜਾਮਣਾਂ ਤੇ ਬੇਰ ਮੁੱਲ ਨਹੀਂ ਸੀ ਮਿਲਦੇ ਹੁੰਦੇ। ਇਹ ਆਪੇ ਤੋੜਨੇ ਪੈਂਦੇ ਸਨ। ਜਿੰਨੇ ਤੋੜ ਲਏ ਆਪਣੇ। ਜਾਮੁਣ ਡੇਢ ਸੌ ਰੁਪਏ ਦਾ ਸੁਣਕੇ ਕਹਿੰਦੀ “ਮਖਿਆ ਕਿੱਲੋ ਹੀ ਲ਼ੈ ਲਿਓ ਅੱਜ ਸਸਤੇ ਹਨ।”
ਸਿਰਫ ਗੱਲਾਂ ਹੀ ਯਾਦ ਆਉਂਦੀਆਂ ਹਨ। ਕੇਰਾਂ ਮੈਂ ਬਿਜਲੀ ਦਾ ਬਿੱਲ ਭਰਨ ਗਿਆ। ਇੰਨੀ ਲੰਮੀ ਲਾਈਨ। ਮਸਾਂ ਨੰਬਰ ਆਇਆ। ਉਸਨੇ ਮੈਨੂੰ ਪੰਜੀ ਵਾਪਿਸ ਕਰਨੀ ਸੀ। ਕਾਊਂਟਰ ਕਲਰਕ ਦੀ ਨੀਅਤ ਵਿੱਚ ਖੋਟ ਸੀ। ਉਹ ਪੰਜੀ ਪੰਜੀ ਕਰਕੇ ਦਿਹਾੜੀ ਬਣਾਉਂਦਾ ਸੀ। ਮੈਂ ਬਕਾਇਆ ਪੰਜੀ ਲੈਣ ਲਈ ਅੱਧਾ ਘੰਟਾ ਕਾਊਂਟਰ ਤੇ ਖੜਾ ਰਿਹਾ ਤੇ ਸਫਲ ਹੋਕੇ ਪਰਤਿਆ।
ਹੁਣ ਤਾਂ ਸਾਰੇ ਭੁਗਰਾਨ ਆਨਲਾਈਨ ਜਾਂ ਗੂਗਲ ਪੇ ਰਾਹੀਂ ਹੀ ਹੋ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ