ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਵਾਲੀ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਕਈ ਚੇਹਰੇ ਮੇਰੀਆਂ ਅੱਖਾਂ ਮੂਹਰੇ ਘੁੰਮ ਜਾਂਦੇ ਹਨ। ਕਾਲਜ ਦਾ ਹੈਡ ਕਲਰਕ ਸ੍ਰੀ ਟੀ ਸੀ ਨਰੂਲਾ, ਟਾਈਪਿਸਟ ਸ਼ਗਨ ਲਾਲ ਸੇਠੀ ਤੇ ਜਗਦੇਵ ਸਿੰਘ ਫੀਸ ਕਲਰਕ, ਭੋਲਾ ਸਿੰਘ ਸੇਵਾਦਾਰ ਬਹੁਤ ਯਾਦ ਆਉਂਦੇ ਹਨ।
ਕੇਰਾਂ ਅਸੀਂ ਇੱਕ ਹੜਤਾਲ ਦੌਰਾਨ ਟੀ ਸੀ ਨਰੂਲਾ ਮੁਰਦਾਬਾਦ ਦੇ ਨਾਹਰੇ ਲਾਏ। ਫਿਰ ਜਦੋ ਮੈ ਖੁਦ ਸਕੂਲ ਦਾ ਸੁਪਰਡੈਂਟ ਬਣਿਆ ਤਾਂ ਸੋਚਿਆ ਕਿ ਹੈਡ ਕਲਰਕ ਯ ਸੁਪਰਡੈਂਟ ਦੇ ਕੁਝ ਵੀ ਅਖਤਿਆਰ ਵਿੱਚ ਨਹੀਂ ਹੁੰਦਾ। ਉਸਨੂੰ ਤਾਂ ਉਪਰੋਂ ਮਿਲੇ ਹੁਕਮਾਂ ਦੀ ਤਾਮੀਲ ਕਰਨੀ ਪੈਂਦੀ ਹੈ। ਇਹ ਪੋਸਟਾਂ ਖੁਦ ਮੁਖਤਿਆਰ ਨਹੀਂ ਹੁੰਦੀਆਂ। ਇਸ ਲਈ ਉਸ ਸਮੇ ਸਾਡਾ ਟੀ ਸੀ ਨਰੂਲਾ ਮੁਰਦਾਬਾਦ ਦੇ ਨਾਹਰੇ ਲਾਉਣਾ ਗਲਤ ਸਨ। ਉਹਨਾਂ ਵੇਲਿਆਂ ਵਿੱਚ ਹੀ ਸ੍ਰੀ ਐਸ ਐਸ ਸੰਧੂ ਨਾਮ ਦੇ ਇੱਕ ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦੇ ਸਨ। ਉਹ ਬਹੁਤ ਟੋਹਰ ਕੱਢਕੇ ਰੱਖਦੇ। ਕਹਿੰਦੇ ਉਹ ਦਿਨੇ ਵੀ ਸ਼ਕਤੀ ਵਾਟਰ ਦਾ ਲੁਤਫ਼ ਉਠਾ ਲੈਂਦੇ ਸਨ। ਸ਼ਾਇਦ ਕੋਈ ਇਸ਼ਕ ਉਸ਼ਕ ਦਾ ਚੱਕਰ ਵੀ ਸੀ। ਪੂਰੀ ਗੱਲ ਤਾਂ ਨਹੀਂ ਪਤਾ ਪਰ ਉਹਨਾਂ ਬਾਰੇ ਅਫਵਾਵਾਂ ਬਹੁਤ ਉਡਦੀਆਂ ਸਨ। ਸੁਣਿਆ ਸੀ ਉਹ ਆਪਣੇ ਕੁਆਟਰ ਵਿਚ ਟੇਲਕਮ ਪਾਊਡਰ ਦੇ ਖਾਲੀ ਡਿੱਬੇ ਵੀ ਟਾਂਸ ਤੇ ਚਿਣਕੇ ਰੱਖਦੇ ਸਨ। ਸੰਧੂ ਸਾਹਿਬ ਵੇਖਣ ਵਿੱਚ ਬਹੁਤ ਸੋਹਣੇ ਸਨ ਤੇ ਕਪੜੇ ਵੀ ਵਧੀਆ ਤੋਂ ਵਧੀਆ ਪਾਉਂਦੇ। ਇੰਨਾ ਹੀ ਨਹੀਂ ਪੜ੍ਹਾਉਣ ਵੇਲੇ ਉਹ ਪੜ੍ਹਾਉਣ ਵਿੱਚ ਇੰਨਾ ਖੁੱਭ ਜਾਂਦੇ ਕਿ ਉਹਨਾਂ ਨੂੰ ਕੁਝ ਵੀ ਯਾਦ ਨਾ ਰਹਿੰਦਾ। ਗੁੱਸੇ ਹੋਣ ਤੇ ਅਕਸਰ ਉਹ ਅੰਗਰੇਜ਼ੀ ਵਿੱਚ ਹੀ ਗਾਹਲਾਂ ਕੱਢਦੇ। ਇੱਕ ਵਾਰ ਮੈਂ ਵੀ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ। ਉਹਨਾਂ ਨੇ ਮੈਨੂੰ ਅੰਗਰੇਜ਼ੀ ਵਿੱਚ ਖੂਬ ਸ਼ਲੋਕ ਸੁਣਾਏ। ਚਾਹੇ ਉਹ ਗਾਹਲਾਂ ਹੀ ਸਨ ਪਰ ਮਜ਼ਾ ਬਹੁਤ ਆਇਆ। ਪਰ ਸਾਡੀ ਬਦਕਿਸਮਤੀ ਸੀ ਕਿ ਪ੍ਰੋ ਸੰਧੂ ਭਰ ਜਵਾਨੀ ਵਿਚ ਹੀ ਇਸ ਸੰਸਾਰ ਤੋਂ ਰੁਖਸਤ ਹੋਗੇ। ਸਾਨੂੰ ਇਸ ਗੱਲ ਦਾ ਭਾਰੀ ਦੁਖ ਹੋਇਆ ਕਿ ਇੱਕ ਵਧੀਆ ਸਖਸ਼ੀਅਤ ਦਾਰੂ ਦੀ ਭੇਟ ਚੜ੍ਹ ਗਈ।
ਅੱਜ ਕੱਲ੍ਹ ਤਾਂ ਛੋਟੇ ਛੋਟੇ ਜੁਆਕ ਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਜਾਨ ਗੰਵਾ ਰਹੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ