ਪਿੜਾਂ ਵਿਚ ਕੈਂਚੀ ਸਾਈਕਲ ਚਲਾਉਂਦੇ ਦੀ ਮੇਰੀ ਲੱਤ ਟੁੱਟ ਗਈ। ਓਦੋਂ ਹੱਡੀ ਟੁੱਟਣ ਤੇ ਸਿਆਣੇ ਨੂੰ ਬਲਾਉਂਦੇ ਸਨ। ਡੱਬਵਾਲੀ ਪਿੰਡੋਂ ਮੇਰੇ ਪਾਪਾ ਜੀ ਕਿਸੇ ਬਜੁਰਗ ਨੂੰ ਮੋਟਰ ਸਾਈਕਲ ਤੇ ਲਿਆਏ। ਉਸ ਅਖੌਤੀ ਸਿਆਣੇ ਨੇ ਮੇਰੀ ਲੱਤ ਬੰਨ ਦਿੱਤੀ। ਮੇਰੇ ਦਾਦਾ ਜੀ ਦੀ ਪੁਰਾਣੀ ਮਲਮਲ ਦੀ ਪੱਗ ਦੀਆਂ ਪੱਟੀਆਂ ਬਣਾਕੇ ਪਾਸੇ ਤੇ ਬਾਂਸ ਦੀਆਂ ਫੱਟੀਆਂ ਲਗਾ ਕੇ ਬੰਨੀਆਂ। ਤਿੰਨ ਮਹੀਨੇ ਇਲਾਜ ਚਲਣਾ ਸੀ। ਸਾਰੇ ਰਿਸ਼ਤੇਦਾਰ ਮੇਰਾ ਪਤਾ ਲੈਣ ਆਉਂਦੇ ਚਾਹ ਪਾਣੀ ਪੀਂਦੇ ਦੁਪਹਿਰ ਦੀ ਰੋਟੀ ਖਾ ਕੇ ਚੱਲ ਪੈਂਦੇ। ਮੇਰਾ ਕਿਸੇ ਤੇ ਜ਼ੋਰ ਨਾ ਚਲਦਾ। ਮੈਂ ਦਿਲ ਲਾਉਣ ਲਈ ਓਹਨਾ ਨੂ ਆਪਣੇ ਕੋਲ ਰੱਖਣਾ ਚਾਹੁੰਦਾ ਪਰ ਜਾਣ ਤੇ ਬੇਬਸ ਹੋ ਜਾਂਦਾ। ਹਾਂ ਮੇਰਾ ਮੇਰੇ ਮਾਮਿਆਂ ਤੇ ਜੋਰ ਚਲਦਾ ਜਦੋ ਉਹ ਜਾਣ ਦਾ ਨਾਮ ਲੈਂਦੇ ਤਾਂ ਮੈਂ ਗਾਲ੍ਹਾਂ ਕੱਢਦਾ। ਮਾਮੇ ਮਾਮੇ ਹੀ ਹੁੰਦੇ ਹਨ। ਆਪਣੇ ਜੀਜੇ ਜੀ ਮਿਠੀ ਝਿੜਕ ਤੇ ਮੰਜੇ ਤੇ ਪਏ ਭਾਣਜੇ ਦੀਆਂ ਗਾਲ੍ਹਾਂ ਸੁਣ ਕੇ ਓਹ ਆਪਣਾ ਜਾਣ ਵਾਲਾ ਪ੍ਰੋਗਰਾਮ ਕੈਂਸਲ ਕਰ ਦਿੰਦੇ। ਮਾਮੇ ਵੀ ਸੁਖ ਨਾਲ ਪੰਜ ਸਨ ਮੇਰੇ। ਵੱਡੇ ਮਾਮਾ ਸ੍ਰੀ ਸ਼ਾਦੀ ਰਾਮ ਜੀ ਘੱਟ ਹੀ ਆਉਂਦੇ ਸਨ। ਬਾਕੀ ਚਾਰਾਂ ਮੇਰੇ ਮੇਰੀ ਬਿਮਾਰੀ ਵੇਲੇ ਮੇਰਾ ਬਹੁਤ ਜੀਅ ਲਵਾਇਆ।
ਮਾਮਿਆਂ ਤੇ ਮਾਮੀਆਂ ਨੂੰ ਭਾਣਜੇ ਪਿਆਰੇ ਹੁੰਦੇ ਹਨ। ਹਰ ਮਾਮਾ ਸ਼ਕੁਣੀ ਵਰਗਾ ਭਾਣਜਿਆਂ ਦਾ ਸਕਾ ਹੁੰਦਾ ਹੈ ਤੇ ਕੁਝ ਕੁ ਮਾਮੇ ਕੰਸ ਵੀ ਹੁੰਦੇ ਹਨ। ਭੈਣ ਭਣੋਈਏ ਦੇ ਨਾਲ ਨਾਲ ਭਾਣਜਿਆਂਦੇ ਦੁਸ਼ਮਣ। ਪਰ ਹੁੰਦੇ ਘੱਟ ਹੀ ਹਨ।
ਮਾਮਾ ਸ਼ਬਦ ਦੋ ਵਾਰੀ ਮਾਂ ਮਾਂ ਲਿਖਣ ਨਾਲ ਬਣਦਾ ਹੈ। ਸੋ ਇੱਕ ਮਾਮੇ ਨੂੰ ਚਾਹੀਦਾ ਹੈ ਕਿ ਉਹ ਦੋ ਮਾਵਾਂ ਜਿੰਨਾ ਪਿਆਰ ਦੇਵੇ। ਆਪਣੇ ਔਲਾਦ ਦਾ ਤਾਂ ਹਰ ਕੋਈ ਸਕਾ ਹੁੰਦਾ ਹੈ ਪਰ ਭਾਣਜਿਆਂ ਦਾ ਸਕਾ ਕੋਈ ਵਿਰਲਾ ਹੀ ਹੁੰਦਾ ਹੈ। ਮੇਰੇ ਯਾਦ ਆ ਗਿਆ ਮੇਰੇ ਪਿੰਡ ਦਾ ਇਕ ਆਦਮੀ ਸਿਆਣੀ ਉਮਰੇ ਗੁਜ਼ਰ ਗਿਆ। ਬੱਚੇ ਛੋਟੇ ਸਨ। ਜਵਾਨ ਉਮਰ ਵਿਚ ਵਿਧਵਾ ਹੋਈ ਔਰਤ ਨੂੰ ਆਪਣੇ ਬੱਚੇ ਪਾਲਣ ਦੀ ਚਿੰਤਾ ਹੋਈ। ਫਿਰ ਉਸਦਾ ਭਰਾ ਉਸਕੋਲ ਆ ਕੇ ਰਹਿਣ ਲਗਿਆ ਤੇ ਉਸਨੇ ਖੇਤੀ ਦਾ ਸਾਰਾ ਕੰਮ ਸੰਭਾਲ ਲਿਆ ਤੇ ਬੱਚਿਆਂ ਨੂੰ ਪੜ੍ਹਾਉਣ ਲੱਗਿਆ। ਸਭ ਤੋਂ ਵੱਡੀ ਗੱਲ ਮਾਮੇ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਆਪਣੀ ਸਾਰੀ ਉਮਰ ਭੈਣ ਅਤੇ ਭਾਣਜਿਆਂ ਦੇ ਲੇਖੇ ਲਾ ਦਿੱਤੀ। ਵਾਹ ਮਾਮਾ ਵਾਹ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ