ਮੂਰਤੀ ਤੋਂ ਅਸ਼ਵਿਨੀ ਅਤੇ ਅਸ਼ਵਿਨੀ ਤੋਂ ਮੂਰਤੀ ਦਾ ਸਫਰ | murti to ashvini ate ashvini

ਸੰਨ 1987 ਵਿੱਚ ਜਗਿੰਦਰ ਸਿੰਘ ਦੇ ਘਰ ਇੱਕ ਪੋਤਰੀ ਨੇ ਜਨਮ ਲਿਆ। ਬਹੁਤ ਹੀ ਸੋਹਣੀ ਕੁੜੀ ਪਰੀਆਂ ਵਰਗੀ। ਕੋਈ ਕਹੇ ਪਰੀਆਂ ਵਰਗੀ ਹੈ ਤੇਰੀ ਪੋਤਰੀ ਤੇ ਕੋਈ ਕਹੇ ਮੂਰਤੀਆਂ ਵਰਗੀ ਜੋ ਵੀ ਉਸ ਬੱਚੀ ਨੂੰ ਵੇਖੇ ਝੱਟ ਗੋਦੀ ਚੁੱਕ ਲਵੇ। ਲਖਵੀਰ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਸਨ ਐਨੇ ਸਾਲਾਂ ਤੋਂ ਸੁਣੀ ਸੀ ਪਰਮਾਤਮਾ ਨੇ।ਦਾਦੇ ਨੇ ਤਾਂ ਆਪਣੀ ਪੋਤੀ ਦਾ ਨਾਂ ਮੂਰਤੀ ਹੀ ਰੱਖ ਦਿੱਤਾ। ਲਖਵੀਰ ਤਾਂ ਕਹਿ ਰਹੀ ਸੀ ਵੀ ਕੋਈ ਹੋਰ ਨਾਂਮ ਰੱਖਾਂਗੇ ਪਰ ਸੁਖਮੰਦਰ ਨੇ ਕਿਹਾ ਚਲੋ ਆਪਣੇ ਮਾਂ ਬਾਪ ਦੇ ਵੀ ਕੁਝ ਅਰਮਾਨ ਨੇ ਰੱਖ ਲੈਣਦੇ ਜਿਹੜਾ ਰੱਖਦੇ ਨੇ ਆਪਾਂ ਪੱਕਾ ਨਾਮ ਕੋਈ ਹੋਰ ਰੱਖ ਲਵਾਂਗੇ । ਕਰਦੇ ਕਰਾਉਂਦੇ ਮੂਰਤੀ ਚਾਰ ਸਾਲ ਦੀ ਹੋ ਗਈ। ਆਪਣੇ ਦਾਦਾ ਜੀ ਨੂੰ ਜਾਨ ਤੋਂ ਵੀ ਵੱਧ ਪਿਆਰੀ।ਰਾਤ ਨੂੰ ਵੀ ਦਾਦਾ ਦਾਦੀ ਉਸ ਨੂੰ ਆਪਣੇ ਨਾਲ ਹੀ ਪਾਉਂਦੇ। ਮੂਰਤੀ ਦੇ ਪਾਪਾ ਜੀ ਦਾ ਵੀਜ਼ਾ ਆ ਗਿਆ ਇੰਗਲੈਂਡ ਦਾ ਉਹ ਇੰਗਲੈਂਡ ਚਲੇ ਗਏ ਤੇ ਘਰ ਵਿੱਚ ਸੁਖਮੰਦਰ ਦੇ ਜਾਣ ਨਾਲ ਥੋੜ੍ਹਾ ਅਜੀਬ ਜਿਹਾ ਤਾਂ ਲੱਗ ਰਿਹਾ ਸੀ ਪਰ ਸਾਰੇ ਮੂਰਤੀ ਨਾਲ ਖੇਡਦੇ ਰਹਿੰਦੇ ਤੇ ਕੁਝ ਟਾਈਮ ਲਈ ਸੁਖਮੰਦਰ ਨੂੰ ਭੁੱਲ ਜਾਂਦੇ। ਇੱਕ ਮਹੀਨਾ ਹੋਇਆ ਸੀ ਸੁਖਮੰਦਰ ਨੂੰ ਗਏ ਨੂੰ ਮੂਰਤੀ ਅਤੇ ਉਸ ਦੀ ਮਾਂ ਦਾ ਵੀ ਵੀਜ਼ਾ ਆ ਗਿਆ। ਜਦੋਂ ਉਹ ਮਾਵਾਂ ਧੀਆਂ ਜਾਣ ਲੱਗੀਆਂ ਤਾਂ ਮੂਰਤੀ ਦੇ ਦਾਦਾ ਦਾਦੀ ਨੇ ਬਹੁਤ ਜ਼ੋਰ ਲਾਇਆ ਕਿ ਲਖਵੀਰ ਮੂਰਤੀ ਨੂੰ ਉਹਨਾਂ ਕੋਲ ਹੀ ਛੱਡ ਜਾਵੇ ਪਰ ਉਹ ਕਹਿਣ ਲੱਗੀ ਕਿ ਹੁਣ ਤਾਂ ਇਸ ਦਾ ਵੀਜ਼ਾ ਆ ਗਿਆ ਹੈ ਤੇ ਨਾਲੇ ਇਸ ਨੂੰ ਸਕੂਲ ਪੜ੍ਹਨ ਵੀ ਲਾਵਾਂਗੇ ਇਹ ਕਹਿ ਕੇ ਲਖਵੀਰ ਤੇ ਮੂਰਤੀ ਵਿਦੇਸ਼ ਚਲੀਆਂ ਗਈਆਂ। ਹੁਣ ਜਗਿੰਦਰ ਸਿਓਂ ਦਾ ਤੇ ਉਸ ਦੀ ਪਤਨੀ ਦਾ ਬੁਢੇਪਾ ਕੱਢਣਾ ਮੁਸ਼ਕਲ ਹੋ ਗਿਆ ਸੀ। ਜਗਿੰਦਰ ਸਿਓਂ ਤਾਂ ਬਾਹਰ ਸੱਥ ਵਗੈਰਾ ਵਿਚ ਚਲਾ ਜਾਂਦਾ ਪਰ ਉਸ ਦੀ ਪਤਨੀ ਜਸਮੇਲ ਕੁਰ ਨੂੰ ਘਰ ਖਾਣ ਨੂੰ ਆਉਂਦਾ।ਸਾਰਾ ਦਿਨ ਆਪਣੀ ਨੂੰਹ ਪੁੱਤ ਪੋਤਰੀ ਨੂੰ ਯਾਦ ਕਰ ਰੋਂਦੀ ਰਹਿੰਦੀ। ਉੱਧਰ ਸੁਖਮੰਦਰ ਤੇ ਉਸ ਦੀ ਫੈਮਿਲੀ ਉੱਧਰ ਸੈੱਟ ਹੋ ਗਏ ਸਨ। ਮੂਰਤੀ ਨੂੰ ਸਕੂਲ ਪੜ੍ਹਨ ਪਾ ਦਿੱਤਾ ਗਿਆ ਸੀ ਤੇ ਸਕੂਲ ਵਿੱਚ ਮੂਰਤੀ ਹੁਣ ਅਸ਼ਵਿਨੀ ਹੋ ਗਈ ਸੀ। ਮੂਰਤੀ ਨੂੰ ਸਕੂਲ ਛੱਡ ਕੇ ਆਪ ਦੋਵੇਂ ਜੀਅ ਕੰਮ ਤੇ ਚਲੇ ਜਾਂਦੇ ਘਰ ਦੀ ਚਾਬੀ ਉਹ ਪੜੋਸੀਆਂ ਨੂੰ ਫੜਾ ਜਾਂਦੇ ਜਦੋਂ ਅਸ਼ਵਿਨੀ ਘਰ ਆਉਂਦੀ ਤਾਂ ਪੜੋਸੀ ਦਰਵਾਜ਼ਾ ਖੋਲ੍ਹ ਦਿੰਦੇ ਤੇ ਸਾਂਮ ਤੱਕ ਅਸ਼ਵਿਨੀ ਇਕੱਲੀ ਆਪਣੇ ਦਾਦਾ ਦਾਦੀ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ। ਹੌਲੀ ਹੌਲੀ ਅਸ਼ਵਿਨੀ ਬਿਮਾਰ ਵੀ ਰਹਿਣ ਲੱਗ ਪਈ ਕਦੀ ਕਦਾਈਂ ਚਿੱਠੀ ਪਾਉਂਦਾ ਸੀ ਸੁਖਮੰਦਰ ਆਪਣੇ ਮਾਂ ਬਾਪ ਨੂੰ ਉਸ ਦਾ ਮਾ ਬਾਪ ਤਾਂ ਆਪਣੀ ਮੂਰਤੀ ਨੂੰ ਵੇਖਣ ਨੂੰ ਤਰਸ ਗਏ ਸਨ। ਹੌਲੀ ਹੌਲੀ ਟਾਇਮ ਲੰਘਦਾ ਗਿਆ ਹੁਣ ਅਸ਼ਵਿਨੀ ਅਸ਼ਵਿਨੀ ਤੋਂ ਐਸ਼ ਬਣ ਗਈ। ਸੁਖਮੰਦਰ ਨੂੰ ਪਿੰਡ ਤੋਂ ਗਏ ਨੂੰ ਕਾਫੀ ਟਾਇਮ ਹੋ ਗਿਆ ਸੀ ਤੇ ਸੁਖਮੰਦਰ ਨੇ ਹੁਣ ਇੱਕ ਵਾਰ ਪਿੰਡ ਆ ਕੇ ਗਹਿਣੇ ਪਈ ਜ਼ਮੀਨ ਛੜਾਉਣ ਦਾ ਤੇ ਬੇਬੇ ਬਾਪੂ ਦਾ ਪਤਾ ਲੈਣ ਬਾਰੇ ਸੋਚਿਆ। ਸੁਖਮੰਦਰ ਤੇ ਉਸ ਦੀ ਪਤਨੀ ਪਿੰਡ ਆਏ ਤਾਂ ਜੁਗਿੰਦਰ ਤੇ ਉਸ ਦੀ ਪਤਨੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨਾਂ ਦੇ ਆਉਂਦਿਆਂ ਹੀ ਉਹ ਬੂਹੇ ਤੇ ਭੱਜੇ -ਭੱਜੇ ਗਏ ਤੇਲ ਚੋ ਕੇ ਸਵਾਗਤ ਕੀਤਾ ਤੇ ਸਾਰਾ ਆਂਡ ਗੁਆਂਢ ਸੱਦਿਆ ਗਿਆ ਸਭ ਨੇ ਉਨ੍ਹਾਂ ਦਾ ਖੁਸ਼ੀ ਨਾਲ ਸਵਾਗਤ ਕੀਤਾ। ਅਸ਼ਵਿਨੀ ਨੇ ਆਪਣੇ ਦਾਦਾ ਦਾਦੀ ਨੂੰ ਝੱਟ ਪਛਾਣ ਲਿਆ ਤੇ ਕਿਹਾ ਦਾਦਾ ਜੀ ਅੱਜ ਮੈਂ ਤੁਹਾਡੇ ਨਾਲ ਹੀ ਸੌਵਾਂਗੀ ਤਾਰਿਆਂ ਦੀ ਛਾਵੇਂ ਤੇ ਰਾਤ ਨੂੰ ਬਾਤਾਂ ਸੁਣਾਗੀ ਰਾਤ ਨੂੰ ਜਦੋਂ ਦਾਦਾ ਪੋਤੀ ਗੱਲਾਂ ਕਰਨ ਲੱਗੇ ਤਾਂ ਜੁਗਿੰਦਰ ਸਿਓਂ ਅਸ਼ਵਿਨੀ ਨੂੰ ਮੂਰਤੀ ਨਾਂ ਨਾਲ ਬੁਲਾ ਰਿਹਾ ਸੀ ਪਰ ਅਸ਼ਵਿਨੀ ਕਹਿ ਰਹੀ ਸੀ ਕਿ ਉਸ ਦਾ ਨਾਮ ਤਾਂ ਐਸ਼ ਹੈ। ਤਾਂ ਅਸ਼ਵਿਨੀ ਦੇ ਦਾਦਾ ਜੀ ਨੂੰ ਕਾਫੀ ਦੁੱਖ ਹੋਇਆ ਕਿ ਉਸ ਦੀ ਪੋਤੀ ਤੋਂ ਉਸ ਦੀ ਪਹਿਚਾਣ ਖੋ ਲਈ।ਉਹ ਕਹਿਣ ਲੱਗੇ ਨਹੀਂ ਧੀਏ ਤੇਰਾ ਨਾਂ ਮੂਰਤੀ ਐ ਤੂੰ ਤੜਕੇ ਉੱਠ ਕੇ ਵੇਖੀਂ ਤੈਨੂੰ ਫੇਰ ਪਤਾ ਲੱਗੂ। ਜਦੋਂ ਅਸ਼ਵਿਨੀ ਉੱਠੀ ਤੇ ਉਸ ਨੂੰ ਕੋਈ ਵੀ ਮਿਲਣ ਆਉਂਦਾ ਤਾਂ ਉਸ ਨੂੰ ਮੂਰਤੀ ਨਾਂ ਨਾਲ ਬੁਲਾਉਂਦਾ ਤੇ ਮੂਰਤੀ ਨੂੰ ਆਪਣਾ ਬਚਪਨ ਯਾਦ ਆ ਗਿਆ ਉਹ ਆਪਣੇ ਦਾਦਾ ਜੀ ਨੂੰ ਜੱਫੀ ਪਾ ਕੇ ਕਹਿਣ ਲੱਗੀ ਕਿ ਚਲੋ ਦਾਦਾ ਜੀ ਆਪਣੀ ਮੂਰਤੀ ਨੂੰ ਪਿੰਡ ਅਤੇ ਖੇਤਾਂ ਦੀ ਸਹਿਰ ਕਰਾ ਕੇ ਲਿਆਓ ਤੇ ਉਹ ਚਲੇ ਗਏ ਰਸਤੇ ਵਿੱਚ ਮੂਰਤੀ ਕਹਿ ਰਹੀ ਸੀ ਕਿ ਹੁਣ ਮੂਰਤੀ ਆਪਣੀ ਭੂਆ ਨੂੰ ਮਿਲਣ ਵੀ ਜਾਊਗੀ ਦਾਦਾ ਜੀ ਤੇ ਦੋਵੇਂ ਖਿੜ ਖਿੜ ਹੱਸ ਰਹੇ ਸਨ। ਧੰਨਵਾਦ ਜੀ।

Leave a Reply

Your email address will not be published. Required fields are marked *