ਸਕੀਮੀ ਤਾਇਆ
ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ।
ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ।
ਣੀ ਕਾਹਨੂੰ ਕਰਤਾਰੋ ਮੈਥੋਂ ਵੀ ਕਾਹਨੂੰ ਇਹ ਯੱਭ ਹੁੰਦਾ ਹੈ। ਇਹ ਤਾਂ ਕੱਲ੍ਹ ਵੱਡੇ ਬਾਪੂ ਜੀ ਆਗੇ ਓਹਨਾ ਨੇ ਕਿਹਾ ਸੀ।
ਵੱਡੇ ਬਾਪੂ ਜੀ?
ਹਾਂ ਕਲ੍ਹ ਡੀਸੀ ਦਾ ਤਾਇਆ ਮੰਜੇ ਤੇ ਬੈਠਾ ਬੈਠਾ ਸਿਰ ਘਮਾਉਣ ਲੱਗ ਪਿਆ। ਬਾਹਲੀ ਜ਼ੋਰ ਜ਼ੋਰ ਦੀ। ਪੱਗ ਭੁੰਜੇ ਡਿਗ ਪਈ। ਹੌਰੋਂ ਜਿਹੇ ਵਾਜਾਂ ਕੱਢੇ। ਅਸੀਂ ਸਾਰਾ ਟੱਬਰ ਮੂਹਰੇ ਹੱਥ ਜੋੜਕੇ ਖੜੇ ਬੀ ਕੀ ਗਲਤੀ ਹੋਗੀ। ਉੱਚੀ ਉੱਚੀ ਬੋਲੇ ਕਹਿੰਦਾ ਮੈਂ ਸੰਦੂਰਾ ਬੋਲਦਾ ਹਾਂ। ਤੁਸੀਂ ਕਿਹਾ ਬਾਬਾ ਜੀ ਮੀਂਹ ਪਵਾ ਦਿਓਂ। ਮੈਂ ਮੀਂਹ ਪਵਾਤਾ।
ਦੱਸੋ ਪਵਾਇਆ ਕਿ ਣੀ?
ਹਾਂ ਬਾਬਾ ਜੀ ਪਵਾਇਆ ਜੀ ਪਵਾਇਆ। ਫਿਰ ਤੁਸੀਂ ਮੇਰੀ ਮੜ੍ਹੀ ਤੇ ਖੀਰ ਪੂੜੇ ਦਾ ਮੱਥਾ ਕਿਓੰ ਨਹੀਂ ਟੇਕਣ ਆਏ। ਫਿਰ ਮੈਂ ਮੀਂਹ ਵਿੱਚ ਤੁਹਾਡਾ ਛੱਤੜਾ ਡੇਗਿਆ। ਤੁਸੀਂ ਫਿਰ ਨਹੀਂ ਸਮਝੇ। ਸੰਦੂਰਾ ਉਸ ਦਾ ਵੱਡਾ ਜੇਠ ਸੀ ਜੋ ਆਂਓਂਤ ਹੀ ਮਰਿਆ ਸੀ। ਤਾਈ ਕਿਆਂ ਨੇ ਖੇਤ ਉਸਦੀ ਮੜ੍ਹੀ ਬਣਾਈ ਹੋਈ ਸੀ।ਉਸਨੂੰ ਪੂਜਦੇ ਸਨ। ਉਸਦੀ ਜਮੀਨ ਵੀ ਇਹੀ ਵਾਹੁੰਦੇ ਸਨ।
ਵੱਡੀ ਬਹੂ ਕਿੱਥੇ ਹੈ?
ਮਖਿਆ ਜੀ ਉਹ ਤਾਂ ਆਪਣੇ ਕਮਰੇ ਵਿੱਚ ਟੀਵੀ ਦੇਖ ਰਹੀ ਹੈ।
ਤਾਹੀਓਂ ਤਾਂ ਓਹਦੇ ਜੁਆਕ ਨਹੀਂ ਹੁੰਦਾ। ਉਹ ਵੀ ਮੱਥਾ ਟੇਕਣ ਣੀ ਆਉਂਦੀ। ਤੇ ਛੋਟੀ ਬਹੂ?
ਬਾਬਾ ਜੀ ਉਹ ਜੁਆਕਾਂ ਨੂੰ ਪੜ੍ਹਾਈ ਜਾਂਦੀ ਹੈ।
ਜੁਆਕ ਪੜ੍ਹਾ ਲੋ। ਬਾਬੇ ਨੂੰ ਭੁੱਲਗੇ। ਤਾਹੀਓਂ ਉਸਦੀ ਮਾਂ ਬੀਮਾਰ ਰਹਿੰਦੀ ਹੈ। ਫਿਰ ਅਸੀਂ ਤਿੰਨੇ ਜਣੀਆਂ ਨੇ ਉਸਦੇ ਪੈਰੀਂ ਹੱਥ ਲਗਾਏ। ਮਾਫ਼ੀ ਮੰਗੀ । ਤੇ ਅਗਲੇ ਦਿਨ ਮੜ੍ਹੀ ਤੇ ਮੱਥਾ ਟੇਕਕੇ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕਰਨ ਦੀ ਗੱਲ ਆਖੀ।
ਫਿਰ ਕਰਤਾਰ ਕੁਰੇ ਅੱਜ ਵੱਡੀ ਬਹੂ ਨੇ ਸੁਵੱਖਤੇ ਹੀ ਗੁੜ ਭਿਓਂ ਦਿੱਤਾ। ਛੋਟੀ ਨੇ ਖੀਰ ਰੱਖਤੀਂ ਚੁੱਲ੍ਹੇ ਤੇ। ਤੇ ਭਾਈ ਫਿਰ ਅਸੀਂ ਮਰਦੀਆਂ ਨੇ ਅੱਕ ਚੱਬਿਆ। ਲੋਹੜੇ ਦੀ ਭੜਾਸ ਸੀ। ਓਹਨੂੰ ਵੀ ਤਾਂ ਪੂਜਣਾ ਜਰੂਰੀ ਸੀ। ਫਿਰ ਬਣਾਕੇ ਸਿਖਰ ਦੁਪਹਿਰੇ ਅਸੀ ਬਾਬਾ ਜੀ ਦੀ ਮੜ੍ਹੀ ਤੇ ਮੱਥਾ ਟੇਕਕੇ ਆਈਆਂ। ਡੀਸੀ ਦਾ ਤਾਇਆ ਵੀ ਮਾਲ੍ਹ ਪੂੜੇ ਖੁਸ਼ ਹੋਕੇ ਖਾ ਲੈਂਦਾ ਹੈ।
ਪਹਿਲਾ ਉਸ ਨੂੰ ਦਿੱਤੇ ਤੇ ਫਿਰ ਮੈਂ ਤੁਹਾਡੇ ਦੇਣ ਆਗੀ। ਸਾਰੀ ਕਹਾਣੀ ਸੁਣਾਕੇ ਤਾਈ ਚਲੀ ਗਈ। ਮੈਂ ਸਾਰੀ ਕਹਾਣੀ ਸਮਝ ਗਿਆ ਮੈਨੂੰ ਤਾਇਆ ਵਾਹਵਾ ਸਕੀਮੀ ਲੱਗਿਆ।
#ਰਮੇਸ਼ਸੇਠੀਬਾਦਲ