ਪਿਛਲੇ ਸਾਲ ਦੀ ਗੱਲ ਹੈ। ਅਸੀਂ ਦੋਨੋ ਇੱਕ ਵਿਆਹ ਤੇ ਗਏ। ਚੰਗਾ ਵਿਆਹ ਸੀ। ਵੇਟਰ ਸਨੈਕਸ ਅਤੇ ਤਰ੍ਹਾਂ ਤਰ੍ਹਾਂ ਦੇ ਕੋਲਡ ਡ੍ਰਿੰਕ ਲ਼ੈਕੇ ਘੁੰਮ ਰਹੇ ਸਨ। ਜਿਸ ਵਿੱਚ ਅੱਡ ਅੱਡ ਕੰਪਨੀਆਂ ਦੇ ਠੰਡੇ, ਤਰ੍ਹਾਂ ਤਰ੍ਹਾਂ ਦੇ ਸ਼ੇਕ ਅਤੇ ਜੂਸ ਸਨ।
“ਕਿਹੜਾ ਜੂਸ ਹੈ?” ਮੈਂ ਪੁੱਛਿਆ ਕਿਉਂਕਿ ਮੈਂ ਬੋਤਲ ਬੰਦ ਜੂਸ ਨਹੀਂ ਪੀਂਦਾ।
“ਸਾਬ ਫਰੈਸ਼ ਜੂਸ ਹੈ।” ਵੇਟਰ ਨੇ ਜਵਾਬ ਦਿੱਤਾ।
ਫਿਰ ਵੀ ਮੈਂ ਵਾਪਿਸ ਕਰ ਦਿੱਤਾ। ਦੂਸਰੇ ਵੇਟਰ ਤੋਂ ਇਨਕੁਆਰੀ ਕੀਤੀ ਉਸਨੇ ਵੀ ਉਹੀ ਫਰੈਸ਼ ਜੂਸ ਵਾਲਾ ਡਾਇਲੋਗ ਮਾਰਿਆ। ਪਰ ਨੇੜੇ ਹੀ ਲੱਗੇ ਸਟਾਲ ਤੇ ਮੈਨੂੰ ਕੋਈਂ ਜੂਸ ਵਾਲੀ ਮਸ਼ੀਨ ਨਜ਼ਰ ਨਾ ਆਈ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਪ੍ਰੰਤੂ ਵੇਟਰ ਫਰੈਸ਼ ਜੂਸ ਵਾਲੀ ਗੱਲ ਤੇ ਅਡਿੰਗ ਸੀ। ਸ਼ਾਇਦ ਉਸਨੂੰ ਇਸ ਵਿੱਚ ਆਪਣੀ ਹੇਠੀ ਮਹਿਸੂਸ ਹੋਈ। ਮੈਂ ਵੇਟਰਾਂ ਤੇ ਨਿਗਰਾਨੀ ਲਈ ਹੱਥ ਵਿੱਚ ਵਾਕੀ ਟਾਕੀ ਵਾਲੇ ਸੀਨੀਅਰ ਨੂੰ ਬੁਲਾਇਆ। ਪਰ ਉਸਨੇ ਕਿਹਾ “ਸਰ ਇਹ ਜੂਸ ਫਰੈਸ਼ ਜੂਸ ਹੀ ਹੈ। ਹੁਣੇ ਹੀ ਬੋਤਲ ਵਿਚੋਂ ਗਲਾਸ ਵਿੱਚ ਪਾਇਆ ਹੈ। ਜੇ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਸਾਹਮਣੇ ਬੋਤਲ ਵਿਚੋਂ ਪਾ ਦਿੰਦਾ ਹਾਂ।” ਮੈਂ ਹੱਸ ਪਿਆ ਤੇ ਉਸਨੂੰ ਕਿਹਾ “ਸਾਨੂੰ ਬੋਤਲ ਵਾਲਾ ਇਹ ਜੂਸ ਨਹੀਂ ਚਾਹੀਦਾ। ਫਰੈਸ਼ ਜੂਸ ਚਾਹੀਦਾ ਹੈ।”
ਕੁਝ ਦੇਰ ਬਾਅਦ ਵੇਟਰ ਜੂਸ ਦੀ ਬੋਤਲ ਚੁੱਕ ਲਿਆਇਆ ਜਿਸ ਉੱਪਰ ਫਰੈਸ਼ ਜੂਸ ਮੋਟੇ ਅੱਖਰਾਂ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ। ਹੁਣ ਮੇਰੇ ਕੋਲ੍ਹ ਇਸ ਦਾ ਜਵਾਬ ਨਹੀਂ ਸੀ। ਗੁਆਵਾ ਫਰੈਸ਼ ਜੂਸ ਵਾਲਾ ਪੈਕ ਮੈਨੂੰ ਅਨਪੜ੍ਹ ਅਤੇ ਦੋਸ਼ੀ ਸਾਬਿਤ ਕਰ ਰਿਹਾ ਸੀ। ਹੁਣ ਵੇਟਰ ਦਾ ਆਪਣੀ ਸਚਾਈ ਤੇ ਮੁਸਕਰਾਉਣਾ ਜਾਇਜ਼ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ