ਹੱਲਾ ਗੁੱਲਾ | halla gulla

ਗੱਲ 1947 ਦੀ ਹੈ ਉਦੋਂ ਪੂਰੇ ਭਾਰਤ ਪਾਕਿਸਤਾਨ ਨਾਲ ਬਹੁਤ ਕੁਝ ਵਾਪਰਿਆ ਕਈਆਂ ਦੇ ਤਾਂ ਘਰ ਬਿਲਕੁਲ ਹੀ ਉੱਜੜ ਗਏ ਸੀ ਤੇ ਕਈ ਵਿਚਾਰੇ ਘਰੋਂ ਬੇਘਰ ਹੋਣ ਲਈ ਮਜਬੂਰ ਹੋ ਗਏ ਸਨ। ਪਤਾ ਨੀ ਇਹ ਸਰਕਾਰ ਦੀ ਕੀ ਚਾਲ ਸੀ ਜੋ ਅੱਜ ਤੱਕ ਕਿਸੇ ਦੇ ਵੀ ਸਮਝ ਚ ਨਹੀਂ ਆਈ।ਮੇਰੇ ਪਾਪਾ ਜੀ 1947 ਵੰਡ ਨੂੰ ਹੱਲਾ ਗੁੱਲਾ ਹੀ ਕਹਿੰਦੇ ਸੀ।ਮੇਰੇ ਪਾਪਾ ਜੀ ਦੀ ਉਮਰ ਉਦੋਂ ਬੱਸ ਮਸਾਂ ਤਿੰਨ -ਚਾਰ ਵਰਿਆਂ ਦੀ ਸੀ ਉਨ੍ਹਾਂ ਨੂੰ ਧੁੰਦਲਾ -ਧੁੰਦਲਾ ਜਿਹਾ ਯਾਦ ਆ।ਉਹ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਕਿ ਸਾਨੂੰ ਮੇਰੇ ਬੇਬੇ ਬਾਪੂ ਮੈਨੂੰ ਤੇ ਤੇਰੇ ਭੂਆ ਜੀ ਨੂੰ ਟੋਆ ਪੁੱਟ ਕੇ ਵਿੱਚ ਸੁੱਟ ਦਿੰਦੇ ਤੇ ਉੱਤੇ ਟੋਕਰੀ ਮੁੱਧੀ ਮਾਰ ਦਿੰਦੇ ਤੇ ਸਾਂਮ ਆਪ ਸਾਰੀ ਰਾਤ ਦਰਵਾਜ਼ੇ ਤੇ ਪਹਿਰਾ ਦਿੰਦੇ ਰਹਿੰਦੇ। ਪੂਰਾ ਇੱਕ ਮਹੀਨਾ ਅਸੀਂ ਪੂਰੀਆਂ ਔਖਾਂ ਨਾਲ ਕੱਟਿਆ ਸੀ।ਪਰ ਸਾਡੇ ਪਿੰਡ ਵਿੱਚੋਂ ਇੱਕ ਵੀ ਘਰ ਨਹੀਂ ਉੱਜੜਿਆ ਪਿੰਡ ਵੱਡਾ ਸੀ ਲੋਕ ਆਪ ਹੀ ਸਾਰੇ ਪਿੰਡ ਉੱਤੇ ਦਿਨ ਰਾਤ ਵਾਰੀ ਨਾਲ ਪਹਿਰਾ ਦਿੰਦੇ ਰਹਿੰਦੇ।ਪਰ ਸਾਡੇ ਪਿੰਡ ਵਿੱਚ ਕਈ ਮੁਸਲਮਾਨ ਵੀਰ ਭੈਣਾਂ ਮੱਦਦ ਲਈ ਆਏ ਤਾਂ ਪਿੰਡ ਦੇ ਲੋਕ ਉਨ੍ਹਾਂ ਨੂੰ ਪਿੰਡ ਦੇ ਮੋਹਤਬਰ ਬੰਦਿਆਂ ਕੋਲ ਲੈ ਆਏ ਗੱਲ ਕੀ ਹੋਈ ਇੱਕ ਭੈਣ ਆਪਣੀ ਨੌ ਦਸ ਸਾਲ ਦੀ ਬੇਟੀ ਅਤੇ ਇੱਕ ਛੇ ਸਾਲ ਦੇ ਬੱਚੇ ਨਾਲ ਖੇਤਾਂ ਵਿੱਚ ਫ਼ਸਲ ਵਿੱਚ ਲੁੱਕੀ ਹੋਈ ਸੀ। ਜਦੋਂ ਸਾਡੇ ਪਿੰਡ ਦੇ ਲੋਕ ਫਿਰਨੀ ਉੱਤੇ ਗੇੜਾ ਮਾਰਨ ਗਏ ਤੇ ਉਹ ਜਾਗਦੇ ਰਹੋ ਦਾ ਹੋਕਾ ਦੇ ਰਹੇ ਸਨ ਉਸ ਔਰਤ ਨੇ ਉਨ੍ਹਾਂ ਦੀ ਆਵਾਜ਼ ਸੁਣੀ ਤੇ ਇੱਕ ਦਮ ਉੱਠ ਕੇ ਕਿੜਿਆਂ ਦੇ ਭੌਣ ਤੇ ਲੰਮੀ ਪੈ ਗਈ ਤੇ ਆਪਣੇ ਬੱਚਿਆਂ ਨੂੰ ਆਪਣੇ ਉੱਪਰ ਪਾ ਲਿਆ ਡਰ ਸੀ ਕਿਤੇ ਪਹਿਰੇ ਵਾਲੇ ਉਸ ਨੂੰ ਮਾਰ ਨਾ ਜਾਣ ਬੱਚਿਆਂ ਦੀ ਘੁਸਰ ਮੁਸਰ ਸੁਣ ਕੇ ਸਿੰਘ ਉਨ੍ਹਾਂ ਦੇ ਕੋਲ ਚਲੇ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਔਰਤ ਖ਼ੂਨ ਨਾਲ ਲਥਪਥ ਸੀ ਤੇ ਬੱਚੇ ਛੋਟੇ ਸਨ ਉਨ੍ਹਾਂ ਸਿੰਘਾਂ ਨੇ ਬੱਚੇ ਚੁੱਕ ਲਏ ਤੇ ਕਹਿਣ ਲੱਗੇ ਕਿ ਮਾਂ ਤਾਂ ਇਨ੍ਹਾਂ ਦੀ ਮਰ ਚੁੱਕੀ ਹੈ ਆਪਾਂ ਬੱਚਿਆਂ ਨੂੰ ਆਪਣੇ ਪਿੰਡ ਲੈ ਜਾਂਦੇ ਹਾਂ ਅਤੇ ਇਨ੍ਹਾਂ ਦੀ ਦੇਖਭਾਲ ਕਰਦੇ ਹਾਂ ਜਦੋਂ ਤੱਕ ਪੁਲਿਸ ਨਹੀਂ ਆਉਂਦੀ ਪੁਲਿਸ ਆਉਣ ਤੇ ਬੱਚੇ ਉਨ੍ਹਾਂ ਨੂੰ ਸੌਂਪ ਦੇਵਾਂਗੇ। ਇਹ ਗੱਲ ਸੁਣ ਕੇ ਉਹ ਔਰਤ ਖੜ੍ਹੀ ਹੋ ਗਈ ਤੇ ਕਹਿਣ ਲੱਗੀ ਕਿ ਵੀਰੇ ਮੈਂ ਤਾਂ ਤੁਹਾਡੇ ਕੋਲੋਂ ਡਰਦੀ ਸਾਹ ਘੁੱਟ ਕੇ ਪੈ ਗਈ ਸੀ ਪਰ ਮੈਂ ਜਿਉਂਦੀ ਹਾਂ। ਸਿੰਘਾਂ ਨੇ ਉਸ ਦੀ ਗੱਲ ਸੁਣੀ ਤੇ ਉਸ ਨੂੰ ਪਿੰਡ ਲਿਆਂਦਾ ਗਿਆ। ਰਾਤ ਉਨ੍ਹਾਂ ਦੀ ਗੁਰਦੁਆਰਾ ਸਾਹਿਬ ਵਿਚ ਕਟਵਾਈ ਪੈਹਰੇ ਵਿੱਚ ਤੇ ਜਦੋਂ ਸਵੇਰ ਹੋਈ ਤਾਂ ਉਨ੍ਹਾਂ ਨੂੰ ਸੱਥ ਵਿੱਚ ਸੱਦ ਕੇ ਉਨ੍ਹਾਂ ਦੀ ਸਾਰੀ ਗੱਲਬਾਤ ਸੁਣੀ ਗਈ ਤਾਂ ਉਸ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਇਹ ਮੇਰੇ ਕੱਪੜੇ ਮੇਰੇ ਪਤੀ ਦੇ ਖੂਨ ਨਾਲ ਹੀ ਲਿੱਬੜੇ ਹਨ ਤੇ ਮੈਂ ਮੇਰੇ ਬੱਚਿਆਂ ਨੂੰ ਉੱਥੋਂ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਈ।ਪਿੰਡ ਨੇ ਸਾਰੀ ਗੱਲ ਸੁਣੀ ਤੇ ਉਨ੍ਹਾਂ ਨੂੰ ਸਾਂਭ ਸੰਭਾਲ ਕਰਨ ਦਾ ਦਿਲਾਸਾ ਦਿੱਤਾ। ਪਿੰਡ ਵਿੱਚੋਂ ਕਈ ਮੁਸਲਮਾਨ ਵੀਰ ਸੱਦੇ ਗਏ ਤੇ ਪੰਚਾਇਤ ਨੇ ਉਸ ਮੁਸਲਮਾਨ ਔਰਤ ਦਾ ਪੱਲਾ ਇੱਕ ਮਿਹਨਤੀ ਕੰਮ ਕਾਜ ਸਾਹਮਣ ਵਾਲੇ ਬੰਦੇ ਨੂੰ ਫੜਾ ਦਿੱਤਾ ਉਸ ਵਿੱਚ ਉਹਨਾਂ ਦੋਵਾਂ ਦੀ ਤੇ ਪਿੰਡ ਦੀ ਤੇ ਉਸ ਔਰਤ ਦੇ ਬੱਚਿਆਂ ਦੀ ਮਰਜ਼ੀ ਸ਼ਾਮਿਲ ਸੀ। ਕੁਝ ਸਮਾਂ ਪਿਆ ਉਸ ਵੀਰ ਨੇ ਉਸ ਦੀ ਬੇਟੀ ਦਾ ਵਿਆਹ ਕਰ ਦਿੱਤਾ ਤੇ ਬੇਟੀ ਦੇ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਹੀ ਉਹ ਆਪ ਇਸ ਦੁਨੀਆਂ ਤੋਂ ਚਲਾ ਗਿਆ ਮੁੰਡਾ ਅਜੇ ਛੋਟਾ ਸੀ ਇਸ ਲਈ ਉਨ੍ਹਾਂ ਦਾ ਜਵਾਈ ਆ ਕੇ ਸਾਡੇ ਪਿੰਡ ਘਰ ਜਵਾਈ ਬਣ ਕੇ ਰਹਿਣ ਲੱਗਾ ਤੇ ਘਰ ਦੀ ਦੇਖ ਰੇਖ ਕਰਨ ਲੱਗਾ।ਥੋੜੇ ਸਮੇਂ ਬਾਅਦ ਉਹ ਔਰਤ ਵੀ ਚਲ ਵਸੀ ਆਪਣੇ ਪਤੀ ਦੇ ਪਿੱਛੇ ਹੀ। ਫੇਰ ਸਾਰੀ ਜ਼ਿੰਮੇਵਾਰੀ ਉਸ ਦੇ ਧੀ ਜਵਾਈ ਤੇ ਆ ਗਈ। ਉਸ ਕੁੜੀ ਨੇ ਆਪਣੇ ਵੀਰ ਨੂੰ ਛੋਟੇ ਜਿਹੇ ਨੂੰ ਹੀ ਵਿਆਹ ਲਿਆ ਤੇ ਉਸ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਉਹ ਭੈਣ ਮਰਨ ਤੱਕ ਆਪਣੇ ਵੀਰ ਦੇ ਘਰ ਹੀ ਰਹੀ ਉਸ ਦੀ ਭਰਜਾਈ ਵੀ ਬਹੁਤ ਚੰਗੀ ਸੀ ਉਸ ਦੀ ਆਗਿਆ ਵਿੱਚ ਰਹਿੰਦੀ ਸੀ ਤੇ ਉਸ ਨੂੰ ਮਾਂ ਹੀ ਸਮਝਦੀ ਸੀ। ਉਸ ਕੁੜੀ ਨੂੰ ਪਤਾ ਨਹੀਂ ਕਿਵੇਂ ਦਾਈ ਪੁਣੇ ਦੀ ਨੌਲਜ ਸੀ ਹਰ ਇਕ ਔਰਤ ਦੇ ਜਣੇਪੇ ਤੇ ਉਸ ਨੂੰ ਹੀ ਬੁਲਾਇਆ ਜਾਂਦਾ ਸੀ ਉਸ ਨੇ ਕਦੀ ਵੀ ਕੋਈ ਕੇਸ਼ ਖਰਾਬ ਨਹੀਂ ਸੀ ਕੀਤਾ ਤੇ ਹਰ ਇਕ ਦਾ ਘਰ ਵਿੱਚ ਹੀ ਜਣੇਪਾ ਕਰਵਾ ਦਿੰਦੀ ਸੀ ਉਸ ਨੇ ਮਰਦੇ ਦਮ ਤੱਕ ਇਹ ਸੇਵਾ ਨਿਭਾ ਕੇ ਪਿੰਡ ਦਾ ਕਰਜ਼ ਉਤਾਰ ਦਿੱਤਾ ਸੀ। ਧੰਨਵਾਦ ਜੀ।

Leave a Reply

Your email address will not be published. Required fields are marked *