1965_66 ਵਿੱਚ ਜਦੋਂ ਅਸੀਂ ਸਾਂਝੇ ਘਰ ਤੋਂ ਅਲੱਗ ਹੋਏ ਤਾਂ ਮੇਰੇ ਦਾਦਾ ਜੀ ਨੇ ਇਮਾਨਦਾਰੀ ਨਾਲ ਘਰ ਦਾ ਸਾਰਾ ਸਮਾਨ ਪਾਪਾ ਜੀ ਤੇ ਚਾਚਾ ਜੀ ਵਿਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਮਾਨ ਵੀ ਕਿਹੜਾ ਹੁੰਦਾ ਸੀ ਓਦੋਂ। ਆਹੀ ਭਾਂਡੇ ਟਿੰਡੇ, ਮੰਜੇ ਬਿਸਤਰੇ ਅਤੇ ਸੰਦੂਕ ਪਲੰਘ ਵਗੈਰਾ। ਬਾਕੀ ਸਮਾਨ ਤਾਂ ਆਪਣਾ ਆਪਣਾ ਸੀ ਹੀ, ਵੰਡ ਤਾਂ ਦਾਦੀ ਜੀ ਆਲੇ ਸਮਾਨ ਦੀ ਹੋਣੀ ਸੀ ਜੋ ਸਾਂਝਾ ਸੀ। ਚਾਚਾ ਜੀ ਨੂੰ ਦਾਦੀ ਜੀ ਵਾਲਾ ਪਲੰਘ (ਸੂਤ ਦਾ ਵੱਡਾ ਮੰਜਾ) ਛੋਟਾ ਸੰਦੂਕ ਅਤੇ ਵੱਡੇ ਭਾਂਡੇ ਹਿੱਸੇ ਵਿੱਚ ਆਏ। ਇੱਧਰ ਪਾਪਾ ਜੀ ਨੂੰ ਬੇਬੇ ਵਾਲਾ ਵੱਡਾ ਲੋਹੇ ਦਾ ਸੰਦੂਕ ਇੱਕ ਚਰਖਾ ਤੇ ਪਿੱਤਲ ਦੀ ਬਾਲਟੀ। ਭਾਵੇਂ ਦਾਦੀ ਜੀ ਗੁਜਰਿਆਂ ਨੂੰ ਓਦੋ ਵੀਹ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਪਰ ਸਮਾਨ ਉਵੇਂ ਸੰਭਾਲਿਆ ਪਿਆ ਸੀ। ਅਸੀਂ ਉਹ ਪੁਰਾਣਾ ਚਰਖਾ ਬੜੀ ਰੀਝ ਨਾਲ ਸੰਦੂਕ ਉਪਰ ਸਜਾਕੇ ਰੱਖਿਆ। ਭਾਵੇਂ ਉਹ ਕੰਮ ਨਹੀਂ ਸੀ ਕਰਦਾ। ਪਰ ਬੇਬੇ ਦੀ ਨਿਸ਼ਾਨੀ ਜੋ ਸੀ। ਉਂਜ ਪਾਪਾ ਜੀ ਨੇ ਮੇਰੀ ਮਾਤਾ ਨੂੰ ਨਵਾਂ ਚਰਖਾ ਲਿਆ ਦਿੱਤਾ। ਕਿਉਂਕਿ ਓਦੋ ਹਰ ਔਰਤ ਨੂੰ ਚਰਖੇ ਦੀ ਰੀਝ ਹੁੰਦੀ ਸੀ।
ਕੇਰਾਂ ਮੇਰੀ ਵੱਡੀ ਭੂਆ ਸਰੁਸਤੀ ਦੇਵੀ ਜੋ ਚੱਕ ਸ਼ੇਰੇ ਵਾਲੇ ਰਹਿੰਦੀ ਸੀ। ਸਾਨੂੰ ਪਿੰਡ ਘੁਮਿਆਰੇ ਮਿਲਣ ਆਈ। ਭੂਆ ਜੀ ਦਾ ਸਰੀਰ ਭਾਰਾ ਸੀ ਪਰ ਸਾਡੇ ਫੁਫੜ ਸਰਦਾਰ ਪ੍ਰੀਤਮ ਸਿੰਘ ਜੋ ਵੈਦ ਸਨ ਪਤਲੇ ਜਿਹੇ ਸਰੀਰ ਤੇ ਨਿੱਕੇ ਜਿਹੇ ਕੱਦ ਦੇ ਹੀ ਸਨ। ਉਹ ਵੀ ਨਾਲ ਆਏ ਸਨ। ਓਦੋਂ ਤਾਂਗੇ ਤੇ ਬੱਸਾਂ ਹੀ ਆਵਾਜਾਈ ਦਾ ਸਾਧਨ ਹੁੰਦੇ ਸਨ। ਜਾਣ ਵੇਲੇ ਪਾਪਾ ਜੀ ਭੂਆ ਨੂੰ ਕੁਝ ਸਗਨ ਯ ਸੂਟ ਦੇਣ ਬਾਰੇ ਸੋਚਣ ਲੱਗੇ। ਅਮੂਮਨ ਪੰਜ ਕੁ ਰੁਪਏ ਦਾ ਸੂਟ ਹੁੰਦਾ ਸੀ ਜਾਂ ਅਗਲਾ ਦੋ ਢਾਈ ਰੁਪਏ ਨਕਦ ਦੇ ਦਿੰਦਾ ਸੀ।
“ਵੀਰਾ ਇੱਕ ਗੱਲ ਆਖਾਂ?” ਭੂਆ ਨੇ ਸੰਗਦੀ ਨੇ ਗੱਲ ਸ਼ੁਰੂ ਕੀਤੀ।
“ਕੀ ਭੈਣੇ।” ਪਾਪਾ ਜੀ ਨੇ ਕਾਹਲੀ ਨਾਲ ਪੁੱਛਿਆ।
“ਵੀਰਾ ਨਾ ਮੈਨੂੰ ਇਸ ਵਾਰ ਪੈਸੇ ਦੇ ਤੇ ਨਾ ਸੂਟ। ਮੈਨੂੰ ਤਾਂ……।” ਭੂਆ ਗੱਲ ਅਧੂਰੀ ਛੱਡ ਗਈ। ਸ਼ਾਇਦ ਮੰਗਣ ਤੋਂ ਡਰ ਗਈ।
“ਕੀ ਭੈਣੇ ਤੂੰ ਦੱਸ ਤੇ ਸਹੀ।” ਪਾਪਾ ਜੀ ਨੂੰ ਕਿਸੇ ਵੱਡੀ ਵਗਾਰ ਦਾ ਖਦਸਾ ਹੋਇਆ।
“ਵੀਰੇਂ ਤੂੰ ਮੈਨੂੰ ਬੇਬੇ ਵਾਲਾ ਚਰਖਾ ਹੀ ਦੇ ਦੇ। ਮੇਰੀ ਮਾਂ ਦੀ ਨਿਸ਼ਾਨੀ।” ਭੂਆ ਅੱਖਾਂ ਭਰ ਆਈ। ਪਾਪਾ ਜੀ ਨੇ ਖੁਸ਼ੀ ਖੁਸ਼ੀ ਇੱਕ ਧੀ ਨੂੰ ਉਸਦੀ ਮਾਂ ਦੀ ਅਨਮੋਲ ਨਿਸ਼ਾਨੀ ਦੇ ਦਿੱਤੀ।
ਮੈਂ ਅੱਜ ਵੀ ਸੋਚਦਾ ਹਾਂ ਕਿ ਉਹ ਪਿਆਰ ਮੋਂਹ ਕਿੰਨਾ ਨਿਰਸਵਾਰਥ ਸੀ। ਚਰਖੇ ਨੂੰ ਬੱਸਾਂ ਤਾਂਗਿਆਂ ਤੇ ਇੰਨੀ ਦੂਰ ਲਿਜਾਣ ਦਾ ਸੋਚਕੇ ਹੀ ਪਸੀਨਾ ਆ ਜਾਂਦਾ ਹੈ। ਪਰ ਮਾਂ ਦੀ ਨਿਸ਼ਾਨੀ ਮੂਹਰੇ ਇਹ ਕੁਝ ਵੀ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ