ਡਰੀ ਸਹਿਮੀ ਸਿਮਰਤ ਸਕੂਲ ਜਾਣ ਦੇ ਨਾਮ ਤੋਂ ਕੰਬ ਜਾਂਦੀ ਸੀ ।ਪਰ ਕਿਸੇ ਨੂੰ ਵੀ ਸਿਮਰਤ ਦੇ ਇਸ ਵਿਵਹਾਰ ਦਾ ਸ਼ਪਸ਼ਟ ਕਾਰਨ ਪਤਾ ਨਾ ਲੱਗਦਾ ।ਜੋ ਸਿਮਰਤ ਹਰ ਪੰਜਵੀਂ ਜਮਾਤ ਤੱਕ ਪਹਿਲੇ ਨੰਬਰ ਉੱਪਰ ਆਉਦੀ ਸੀ ।ਹੁਣ ਉਹ ਸਿਮਰਤ ਮਸਾਂ ਹੀ ਪਾਸ ਹੋਣ ਜੋਗੇ ਨੰਬਰ ਲੈਂਦੀ ਸੀ ।ਸਭ ਨੂੰ ਇਸ ਪਿਛੇ ਛੁਪਿਆ ਹੋਇਆ ਕੋਈ ਕਾਰਨ ਨਹੀਂ ਮਿਲ ਰਿਹਾ ਸੀ ।
ਅਸਲ ਵਿੱਚ ਹੋਇਆ ਇਹ ਸੀ ਕਿ ਸਿਮਰਤ ਨੇ ਪੰਜਵੀਂ ਜਮਾਤ ਤੱਕ ਸਾਧਾਰਨ ਸਕੂਲ ਵਿਚ ਪੜ੍ਹਾਈ ਕੀਤੀ ਸੀ ।ਫਿਰ ਘਰਦਿਆਂ ਨੇ ਸਿਮਰਤ ਨੂੰ ਸ਼ਹਿਰ ਦੇ ਵਧੀਆਂ ਸਕੂਲ ਵਿਚ ਪੜ੍ਹਨ ਲਗਾ ਦਿੱਤਾ ।ਉਸ ਸਕੂਲ ਦੇ ਬੱਚਿਆਂ ਮੁਕਾਬਲੇ ਸਿਮਰਤ ਥੋੜ੍ਹਾ ਕਮਜੋਰ ਸੀ ।ਅਸਲ ਵਿੱਚ ਸਿਮਰਤ ਕਮਜੋਰ ਨਹੀਂ ਸੀ ਸਗੋਂ ਉਹਨਾਂ ਸਾਹਮਣੇ ਡਰੀ ਰਹਿੰਦੀ ਸੀ ।
ਪਹਿਲੇ ਕੁਝ ਕ ਮਹੀਨਿਆਂ ਵਿਚ ਸਿਮਰਤ ਦੇ ਮਨ ਵਿਚ ਡਰ ਘਰ ਕਰ ਗਿਆ ਕਿ ਮੈਂ ਹੁਢ ਪਹਿਲਾਂ ਤਰ੍ਹਾਂ ਵਧੀਆ ਨੰਬਰ ਲੈ ਹੀ ਨਹੀਂ ਸਕਦੀ ।ਫਿਰ ਵੀ ਸਿਮਰਤ ਕੋਸ਼ਿਸ਼ ਕਰਦੀ ਪਰ ਉਸ ਦੇ ਵਧੀਆ ਨੰਬਰ ਨਾ ਆਉਂਦੇ ।ਤਿੰਨ ਕ ਸਾਲਾਂ ਵਿਚ ਸਿਮਰਤ ਦੇ ਮਨ ਵਿਚ ਡਰ ਨੇ ਆਪਣੀ ਖਾਸ ਜਗ੍ਹਾ ਬਣਾ ਲਈ ।।ਸਿਮਰਤ ਆਪਣੇ ਅਧਿਆਪਕਾਂ ਦਾ ਗੁੱਸਾ ਸਹਿਣ ਕਰ ਲੈਂਦੀ ਪਰ ਪੜ੍ਹਨ ਵਿਚ ਪਹਿਲਾਂ ਦੀ ਤਰ੍ਹਾਂ ਮਨ ਕਦੀ ਨਾ ਲਗਾਉਦੀ ।
ਜਦ ਸਿਮਰਤ ਨੌਵੀਂ ਜਮਾਤ ਵਿਚ ਹੋਈ ਤਾਂ ਗਣਿਤ ਦੇ ਵਿਸ਼ੇ ਨੂੰ ਦੇਖਦੀ ਵੀ ਨਾ ।ਉਦੋਂ ਹੀ ਇਕ ਨਵੇਂ ਅਧਿਆਪਕ ਹਰਪ੍ਰੀਤ ਸਿੰਘ ਸਕੂਲ ਵਿਚ ਨਵਾਂ ਨਵਾਂ ਪੜਾਉਣ ਲੱਗਿਆ ਸੀ ।ਕੁਝ ਦਿਨਾਂ ਵਿੱਚ ਹੀ ਹਰਪ੍ਰੀਤ ਸਰ ਦੀ ਕੁੱਟ ਦੇਖ ਕੇ ਸਿਮਰਤ ਅਤੇ ਸਾਰੀ ਨੌਵੀ ਜਮਾਤ ਨੇ ਸੁਕਰ ਮਨਾਇਆ ਕਿ ਇਹ ਸਾਨੂੰ ਪੜਾਉਣ ਨਹੀਂ ਲੱਗੇ ।ਪਰ ਕਹਿੰਦੇ ਆ ਨਾ ਕਿ ਮੂਸਾ ਭੱਜਿਆ ਮੌਤ ਤੋਂ ,ਮੌਤ ਅੱਗੇ ਖੜੀ ।ਦਸਵੀਂ ਵਿਚ ਹੁੰਦਿਆਂ ਹੀ ਹਰਪ੍ਰੀਤ ਸਰ ਦੇ ਇਕ ਜਾਂ ਦੋ ਨਹੀਂ ਪੂਰੇ ਤਿੰਨ ਪੀਰੀਅਡ ।ਸਾਰਿਆਂ ਦੇ ਸਾਹ ਸੁੱਕੇ ਰਹਿੰਦੇ । ਸ਼ੁਰੂ ਸ਼ੁਰੂ ਵਿਚ ਹੀ ਹਰਪ੍ਰੀਤ ਸਰ ਨੇ ਸਾਰੀ ਜਮਾਤ ਨੂੰ ਸਮਝਾ ਦਿੱਤਾ ਕਿ ਮੈਂ ਚੰਗਾ ਵੀ ਬਹੁਤ ਹਾਂ ਅਤੇ ਬੁਰਾ ਵੀ ਬਹੁਤ ਹਾਂ ।ਜੇਕਰ ਮੇਰਾ ਦਿੱਤਾ ਹੋਇਆ ਕੰਮ।ਰੋਜ਼ ਕਰਕੇ ਆਓਗੇ ਤਾਂ ਮੈਂ ਸਭ ਨਾਲ ਚੰਗਾ ਬਣ ਕੇ ਰਹਾਂਗਾ ।ਪਰ ਜੇ ਨਹੀਂ ਕਰ ਕੇ ਆਓਗੇ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ ।
ਹਰਪ੍ਰੀਤ ਸਰ ਦੀ ਇਕ ਖਾਸੀਅਤ ਇਹ ਵੀ ਸੀ ਕਿ ਉਹ ਬਹੁਤ ਵਧੀਆ ਪੜਾਉਣ ਦੇ ਨਾਲ ਬੱਚੇ ਨੂੰ ਇਹ ਵੀ ਦੱਸਦੇ ਸੀ ਕਿ ਇਸ ਨੂੰ ਕਿਹੜੇ ਮੇਨ ਟਿਪਸ ਦਿਮਾਗ ਵਿਚ ਰੱਖ ਕੇ ਯਾਦ ਕਰੋਗੇ ਤਾਂ ਆਸਾਨੀ ਨਾਲ ਯਾਦ ਕਰ ਸਕੋਗੇ ।
ਸਿਮਰਤ ਨੂੰ ਹਰਪ੍ਰੀਤ ਸਰ ਦੇ ਪੀਰੀਅਡ ਲਗਾਉਣ ਤੋਂ ਬਹੁਤ ਡਰ ਲੱਗਦਾ ਕਿਉਂ ਕਿ ਹਰਪ੍ਰੀਤ ਸਰ ਕੁੱਟਣ ਤੋਂ ਪਹਿਲਾਂ ਜੋ ਮਿੱਠੀ ਮਿੱਠੀ ਬੇਇੱਜਤੀ ਕਰਦਾ ਸੀ ।ਸਿਮਰਤ ਉਹ ਬੇਇੱਜਤੀ ਕਦੀ ਨਹੀਂ ਕਰਵਾਉਣਾ ਚਾਹੁੰਦੀ ਸੀ ।
ਹਰਪ੍ਰੀਤ ਸਰ ਨੇ ਪਹਿਲਾਂ ਟੈਸਟ ਰੱਖ ਦਿੱਤਾ ।ਉਸ ਟੈਸਟ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਸਨ ।ਸੋਮਵਾਰ ਨੂੰ ਅੰਗਰੇਜ਼ੀ ਵਿਸ਼ੇ ਦਾ ਟੈਸਟ ਲੈਣਾ ਸੀ ।ਸਿਮਰਤ ਨੇ ਦੋ ਛੁੱਟੀਆਂ ਵਿਚ ਪੂਰੀ ਰੀਝ ਨਾਲ ਇਸ ਟੈਸਟ ਦੀ ਤਿਆਰੀ ਕੀਤੀ ।ਸੋਮਵਾਰ ਨੂੰ ਟੈਸਟ ਹੋਇਆ ।ਬੁੱਧਵਾਰ ਜਦ ਹਰਪ੍ਰੀਤ ਸਰ ਨੇ ਟੈਸਟ ਬੱਚਿਆਂ ਨੂੰ ਦਿੱਤੇ ਤਾਂ ਸਿਮਰਤ ਦੇ ਟੈਸਟ ਦੀ ਬਹੁਤ ਪ੍ਰਸੰਸਾ ਕੀਤੀ ।ਇਹ ਪ੍ਰਸੰਸਾ ਸਿਮਰਤ ਦੇ ਮਨ ਵਿਚ ਡਰ ਨੂੰ ਭਜਾ ਕੇ ਹਿੰਮਤ ਅਤੇ ਹੌਸਲੇ ਨਾਲ ਅੱਗੇ ਵੱਧਣ ਦਾ ਜ਼ਜਬਾ ਭਰ ਦਿੰਦੀ ।
ਇਸ ਪ੍ਰਕਾਰ ਹਰਪ੍ਰੀਤ ਸਰ ਜਦ ਵੀ ਟੈਸਟ ਲੈਣਾਂ ਹੁੰਦਾ ।ਤਾਰੀਫ਼ ਦੇ ਦੋ ਬੋਲਾਂ ਦੀ ਭੁੱਖੀ ਸਿਮਰਤ ਆਪਣੀ ਅਸਲ ਭੁੱਖ ਅਤੇ ਨੀਂਦ ਭੁੱਲ ਕੇ ਪੜ੍ਹਾਈ ਵਿਚ ਮਗਨ ਰਹਿਣ ਲੱਗੀ ।
ਸਿਮਰਤ ਨੇ ਸਤੰਬਰ ਦੇ ਪੇਪਰਾਂ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ।ਉਥੇ ਹੀ ਬਾਕੀ ਸਭ ਹੈਰਾਨ ਸੀ ਕਿ ਇੰਨੇ ਸਾਲਾਂ ਤੋਂ ਪੜਾਈ ਵਿਚ ਕਮਜ਼ੋਰ ਰਹਿਣ ਵਾਲੀ ਕੁੜੀ ਇੰਨੇ ਵਧੀਆ ਨੰਬਰ ਨਹੀਂ ਲੈ ਸਕਦੀ ।ਸਭ ਨੂੰ ਸ਼ੱਕ ਸੀ ਕਿ ਸ਼ਾਇਦ ਸਿਮਰਤ ਨੇ ਨਕਲ ਕੀਤੀ ਹੋਵੇ ।ਦਸੰਬਰ ਦੇ ਪੇਪਰਾਂ ਵਿਚ ਸਿਮਰਤ ਵੱਲ ਚੋਰ ਅੱਖ ਨਾਲ ਖਾਸ ਧਿਆਨ ਰੱਖਿਆ ਗਿਆ ।ਇਨ੍ਹਾਂ ਪੇਪਰਾਂ ਵਿੱਚ ਵੀ ਸਿਮਰਤ ਨੇ ਪਹਿਲਾਂ ਤੋਂ ਵੀ ਵਧੀਆ ਨੰਬਰ ਪ੍ਰਾਪਤ ਕੀਤੇ ।
ਹੁਣ ਸਿਮਰਤ ਨੇ ਆਪਣੇ ਯਾਦ ਨਾ ਕਰ ਸਕਣ ਵਾਲੇ ਡਰ ਨੂੰ ਜਿੱਤ ਲਿਆ ਸੀ ।ਮਾਰਚ ਵਿਚ ਦਸਵੀਂ ਦੇ ਫਾਈਨਲ ਪੇਪਰ ਹੋਏ ।ਜਦ ਰਿਜ਼ਲਟ ਆਇਆ ਤਾਂ ਸਿਮਰਤ ਨੇ ਸਾਰੀ ਜਮਾਤ ਵਿਚੋਂ ਟਾਪ ਕੀਤਾ ਸੀ ।ਸਿਮਰਤ ਨੇ ਹਰਪ੍ਰੀਤ ਸਰ ਦੁਆਰਾ ਕੀਤੀ ਜਾਂਦੀ ਬੇਇੱਜਤੀ ਦੇ ਡਰੋਂ ਜਾਂ ਉਹਨਾਂ ਦੁਆਰਾ ਕੀਤੀ ਤਾਰੀਫ਼ ਕਰਕੇ ਕੀਤੀ ਹੌਸਲਾ ਅਫ਼ਜਾਈ ਤੋਂ ਆਪਣੇ ਡਰ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ ।ਫਿਰ ਸਿਮਰਤ ਨੇ ਉਚੇਰੀ ਸਿੱਖਿਆ ਪਹਿਲੀ ਡਿਵੀਜ਼ਨ ਵਿਚ ਰਹਿ ਕੇ ਪਾਸ ਕੀਤੀ ।ਸਿਮਰਤ ਨੇ ਸਾਬਿਤ ਕਰ ਦਿੱਤਾ ਸੀ ਕਿ ਡਰ ਦੇ ਅੱਗੇ ਜਿੱਤ ਹੈ ਜੇ ਇਕ ਵਾਰ ਡਰ ਉੱਪਰ ਕਾਬੂ ਪਾ ਲਿਆ ਤਾਂ ਤੁਹਾਨੂੰ ਆਪਣੀ ਮੰਜਿਲ ਵੱਲ ਵਧਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ।ਅੱਜ ਓਹੀ ਸਿਮਰਤ ਬਤੌਰ ਅਧਿਆਪਕ ਆਪਣੀ ਸੇਵਾ ਨਿਭਾ ਰਹੀ ।