ਮੇਰੀ ਪਹਿਲੀ ਹਵਾਈ ਫੇਰੀ | meri pehli havai feri

#ਮੇਰੀ_ਪਹਿਲੀ_ਹਵਾਈ_ਫੇਰੀ।
1997 ਵਿੱਚ ਜਦੋਂ ਬਾਦਲ ਸਰਕਾਰ ਸੱਤਾ ਵਿੱਚ ਆਈ ਤਾਂ ਨਾਲ ਦੀ ਨਾਲ ਹੀ ਸੰਗਤ ਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾ ਸੰਗਤ ਦਰਸ਼ਨ ਪਿੰਡ #ਬਾਦਲ ਵਿੱਚ ਸਕੂਲ ਦੇ ਸਟੇਡੀਅਮ ਵਿੱਚ ਰੱਖਿਆ ਗਿਆ। ਬਸ ਫਿਰ ਕੀ ਸੀ ਸਾਡਾ ਸਕੂਲ ਸਰਕਾਰ ਦਾ ਮਿੰਨੀ ਸੈਕਰੀਏਟ ਬਣ ਗਿਆ। ਮੁੱਖ ਮੰਤਰੀ ਸਾਹਿਬ ਅਤੇ ਬਾਕੀ ਦੀ ਅਫਸਰਸ਼ਾਹੀ ਸਕੂਲ ਵਿੱਚ ਹੀ ਡੇਰੇ ਲਾਉਂਦੀ। ਬਾਦਲ ਸਾਹਿਬ ਦਾ ਹੈਲੀਕਪਟਰ ਸਕੂਲ ਦੇ ਸਟੇਡੀਅਮ ਵਿੱਚ ਉਤਰਦਾ ਤੇ ਓਥੋਂ ਹੀ ਉਡਾਣ ਭਰਦਾ। ਭਾਵੇਂ ਹੈਲੀਕਪਟਰ ਦੇ ਪਾਇਲਟ ਬਠਿੰਡੇ ਠਹਿਰਦੇ ਸਨ ਪਰ ਓਹ ਚਾਹ ਪਾਣੀ ਸਾਡੇ ਕੋਲ ਹੀ ਪੀਂਦੇ। ਪੁਲਸ ਦੀ ਇੱਕ ਟੁਕੜੀ ਦਿਨ ਰਾਤ ਹੈਲੀਕਪਟਰ ਦੀ ਨਿਗਰਾਨੀ ਲਈ ਤਾਇਨਾਤ ਰਹਿੰਦੀ ਸੀ। ਬਾਦਲ ਸਾਹਿਬ ਦੇ ਡਾਕਟਰਾਂ ਦੀ ਟੀਮ ਤਾਂ ਕਈ ਸਾਲ ਸਕੂਲ ਦੇ ਗੈਸਟਰੂਮ ਵਿੱਚ ਹੀ ਠਹਿਰਦੀ ਰਹੀ ਹੈ। ਸਾਡੀ ਹੈਲੀਕਪਟਰ ਦੇ ਪਾਇਲਟਸ ਨਾਲ ਪੂਰੀ ਜਾਣ ਪਹਿਚਾਣ ਹੋ ਗਈ ਸੀ। ਕਈ ਵਾਰੀ ਉਹ ਬਾਦਲ ਸਾਹਿਬ ਨੂੰ ਪਿੰਡ ਛੱਡਕੇ ਹੈਲੀਕਪਟਰ ਵਿੱਚ ਤੇਲ ਭਰਾਉਣ ਲਈ ਭੀਸ਼ੀਆਣੇ ਸਟੇਸ਼ਨ ਤੇ ਜਾਂਦੇ ਤੇ ਜਾਂਦੇ ਹੋਏ ਦੋ ਚਾਰ ਜਣਿਆ ਨੂੰ ਹਵਾਈ ਝੂਟਾ ਦਿਵਾਉਣ ਲਈ ਨਾਲ ਲ਼ੈ ਜਾਂਦੇ। ਸਾਨੂੰ ਉਹਨਾਂ ਨੇ ਕਈ ਵਾਰੀ ਕਿਹਾ ਪਰ ਡਿਊਟੀ ਕਾਰਣ ਜਾਣਾ ਸੰਭਵ ਨਹੀਂ ਹੋਇਆ। ਇੱਕ ਦਿਨ ਅਸੀਂ ਵੀ ਵਹਿਲੇ ਹੀ ਸੀ। ਉਹਨਾਂ ਨੇ ਸਾਨੂੰ ਨਾਲ ਲਿਜਾਣ ਦੀ ਗੱਲ ਫਿਰ ਕੀਤੀ। ਉਸਦਿਨ ਮੇਰਾ ਮਸੇਰ Ramchand Sethi ਵੀ ਟੈਂਟ ਵਗੈਰਾ ਦੇ ਪ੍ਰਬੰਧ ਲਈ ਪਿੰਡ ਬਾਦਲ ਆਇਆ ਹੋਇਆ ਸੀ। ਮੈਂ ਮੇਰਾ ਸਹਿਕਰਮੀ ਤੇ ਮੇਰਾ ਮਸੇਰ ਉਸ ਹੈਲੀਕਪਟਰ ਵਿੱਚ ਸਵਾਰ ਹੋ ਗਏ। ਸ਼ਾਇਦ ਉਹ ਬਾਰਾਂ ਸੀਟਰ ਪਵਨ ਹੰਸ ਨਾਮ ਦਾ ਹੈਲੀਕਪਟਰ ਸੀ। ਉਹਨਾਂ ਦੇ ਦੱਸਣ ਮੁਤਾਬਿਕ ਅਸੀਂ ਪੰਜ ਸੌ ਮੀਟਰ ਖੋਰੇ ਫੁੱਟ ਦੀ ਉਚਾਈ ਤੇ ਉੱਡੇ। ਹੈਲੀਕਪਟਰ ਵਿੱਚ ਤੇਲ ਭਰਦਾ ਵੇਖਿਆ। ਨੇੜੇ ਦਾ ਇਲਾਕਾ ਵੀ ਵੇਖਿਆ। ਤੇ ਪਿੰਡ ਬਾਦਲ ਵਾਪਸ ਆ ਗਏ। ਇਸ ਤਰਾਂ ਪਹਿਲੀ ਹਵਾਈ ਫੇਰੀ ਯਾਦਗਾਰੀ ਬਣ ਗਈ। ਪਿੱਛੇ ਜਦੋਂ ਚਰਨਜੀਤ ਸਿੰਘ ਚੰਨੀ ਇੱਕ ਸੋ ਤੇਰਾਂ ਦਿਨਾਂ ਲਈ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਵੀ ਆਪਣੇ ਪਿੰਡ ਦੇ ਬੱਚਿਆਂ ਨੂੰ ਹਵਾਈ ਜਹਾਜ ਦੇ ਹੂਟੇ ਦਵਾਏ ਸਨ। ਇਸ ਤਰਾਂ ਅਸੀਂ ਵੀ ਮੁੱਖ ਮੰਤਰੀ ਵਾਲੇ ਹੈਲੀਕਪਟਰ ਦੀ ਸਵਾਰੀ ਦਾ ਲਾਹਾ ਖੱਟਿਆ। ਹੋਰ ਕਿਹੜਾ ਆਪਾਂ ਮੁੰਡਾ ਤਹਿਸੀਲਦਾਰ ਭਰਤੀ ਕਰਾਉਣਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *