ਮਾਸਟਰ ਸੁਖਦੇਵ ਸਿੰਘ ਰੋੜੀ | master sukhdev

ਮੈਂ ਸਕੂਲ ਵਿੱਚ ਆਪਣੇ ਦਫਤਰ ਵਿੱਚ ਬੈਠਾ ਸੀ। ਇੱਕ ਹਲਕੇ ਜਿਹੇ ਕਰੀਮ ਰੰਗ ਦਾ ਕੁੜਤਾ ਪਜਾਮਾ ਪਾਈ ਇੱਕ ਬਜ਼ੁਰਗ ਜਿਹਾ ਸਰਦਾਰ ਮੇਰੇ ਦਫਤਰ ਵਿਚ ਆਇਆ ਉਸ ਨਾਲ ਇੱਕ ਚਿੱਟ ਕੱਪੜੀਆਂ ਨੋਜਵਾਨ ਵੀ ਸੀ। ਦੂਆ ਸਲਾਮ ਤੋਂ ਬਾਦ ਸਾਡਾ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਬਜ਼ੁਰਗ ਨੇ ਦੱਸਿਆ ਕਿ ਉਸਦੀ ਦੋਹਤੀ ਸਾਡੇ ਸਕੂਲ ਵਿੱਚ ਪੜ੍ਹਦੀ ਹੈ ਤੇ ਉਹ ਉਸਨੂੰ ਮਿਲਣ ਆਇਆ ਹੈ।
“ਤੁਸੀਂ ਸੇਠੀ ਸਾਹਿਬ ਦੇ ਕੀ ਲਗਦੇ ਹੋ। ਸੇਠੀ ਸਾਹਿਬ ਜਿਹੜੇ ਸਾਡੇ ਕਾਲਿਆਂਵਾਲੀ ਵਿਖੇ ਨਾਇਬ ਤਹਿਸੀਲਦਾਰ ਹਨ। ਤੁਹਾਡਾ ਮੁਹਾਂਦਰਾ ਤੇ ਗੱਲਾਂ ਕਰਨ ਦਾ ਢੰਗ ਹੂ ਬ ਹੂ ਉਹਨਾ ਨਾਲ ਮਿਲਦਾ ਹੈ।” ਉਸ ਬਜ਼ੁਰਗ ਨੇ ਆਖਿਆ।
“ਹਾਂਜੀ ਉਹ ਮੇਰੇ ਪਾਪਾ ਜੀ ਹਨ।” ਮੈਂ ਖੁਸ਼ ਹੋ ਕਿ ਕਿਹਾ।
“ਪਰ ਤੁਸੀਂ?” ਮੈਂ ਹੈਰਾਨ ਜਿਹਾ ਹੋ ਕਿ ਪੁੱਛਿਆ।
“ਇਹ ਮਾਸਟਰ ਸੁਖਦੇਵ ਸਿੰਘ ਰੋੜੀ ਹਨ।” ਹੁਣ ਉਸਦੇ ਨਾਲ ਆਇਆ ਨੌਜਵਾਨ ਬੋਲਿਆ।
“ਪਰ ਮਾਸਟਰ ਸੁਖਦੇਵ ਸਿੰਘ ਰੋੜੀ ਤਾਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਹਨ।’ ਮੈਂ ਹੈਰਾਨੀ ਜਿਹੀ ਨਾਲ ਪੁੱਛਿਆ।
“ਹਾਂਜੀ ਹਾਂਜੀ ਇਹ ਓਹੀ ਹਨ।” ਨਾਲ ਆਏ ਆਦਮੀ ਨੇ ਆਖਿਆ।
ਮੈਨੂੰ ਉਹਨਾ ਦੀ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ। ਇਹ ਹੋ ਨਹੀਂ ਸੀ ਸਕਦਾ ਕਿ ਇੰਨੀ ਵੱਡੀ ਪੋਸਟ ਵਾਲਾ ਆਦਮੀ ਇੰਨਾ ਸਿੱਧਾ ਸਾਦਾ ਹੋਵੇ। ਇਹ ਉਸ ਸਮੇ ਦੀ ਚੌਟਾਲਾ ਸਰਕਾਰ ਦੀ ਇਲਾਕੇ ਤੇ ਸਿੱਖਿਆ ਵਿਭਾਗ ਨੂੰ ਮਹਾਨ ਦੇਣ ਸੀ ਕਿ ਉਹਨਾਂ ਨੇ ਇੱਕ ਸਧਾਰਨ ਜਿਹੇ ਸਕੂਲ ਅਧਿਆਪਕ ਨੂੰ ਸਿੱਖਿਆ ਬੋਰਡ ਦਾ ਚੇਅਰਮੈਨ ਲਗਾ ਦਿੱਤਾ। ਉਸੇ ਵਕਤ ਮੈਂ ਮਾਸਟਰ ਸੁਖਦੇਵ ਸਿੰਘ ਜੀ ਨੂੰ ਸਾਡੇ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਕੋਲ ਮਿਲਾਉਣ ਲਈ ਉਹਨਾਂ ਦੇ ਦਫਤਰ ਲੈ ਗਿਆ ਤੇ ਦੱਸਿਆ ਕਿ ਮਾਸਟਰ ਜੀ ਸਕੂਲ ਬੋਰਡ ਦੇ ਚੈਅਰਮੈਨ ਹਨ। ਸੈਣੀ ਸਾਹਿਬ ਨੂੰ ਵੀ ਮੇਰੀ ਗੱਲ ਤੇ ਯਕੀਨ ਨਹੀਂ ਆਇਆ। ਖੈਰ ਫਿਰ ਉਹ ਗੱਲਾਂ ਬਾਤਾਂ ਵਿਚ ਆਪਸ ਵਿਚ ਘੁਲਮਿਲ ਗਏ। ਉਸ ਤੋਂ ਬਾਦ ਅਕਸਰ ਹੀ ਉਹ ਮੇਰੇ ਦਫਤਰ ਇੱਕ ਆਮ ਮਾਪਿਆਂ ਵਾਂਗੂ ਆਉਂਦੇ ਰਹੇ। ਫਿਰ ਪਤਾ ਲੱਗਿਆ ਕਿ ਚੋਟਾਲੇ ਵਾਲਿਆਂ ਨੇ ਬੋਰਡ ਦਾ ਨਵਾਂ ਚੇਅਰਮੈਨ ਲਗਾ ਦਿੱਤਾ। ਪਰ ਮਾਸਟਰ ਜੀ ਪਹਿਲਾਂ ਵੀ #ਮਾਸਟਰ_ਸੁਖਦੇਵ_ਸਿੰਘ_ਰੋੜੀ ਹੀ ਸਨ ਤੇ ਬਾਦ ਵਿੱਚ ਵੀ।
ਇਥੇ ਤਾਂ ਪਿੰਡ ਦਾ ਸਰਪੰਚ ਤੇ ਨਗਰ ਪਾਲਿਕਾ ਦਾ ਐਮ ਸੀ ਹੀ ਨਹੀਂ ਮਾਣ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *