1965_66 ਵਿੱਚ ਅਸੀਂ ਮੇਰੇ ਦਾਦਾ ਜੀ ਦਾ ਘਰ ਛੱਡਕੇ ਨਵੇਂ ਘਰ ਵਿੱਚ ਆ ਗਏ। ਯਾਨੀ ਅਲੱਗ ਹੋ ਗਏ। ਜਿਵੇਂ ਕਿ ਪ੍ਰੰਪਰਾ ਸੀ ਵੱਡੇ ਬੇਟੇ ਨੂੰ ਅਲੱਗ ਕਰਕੇ ਬਜ਼ੁਰਗ ਸਭ ਤੋਂ ਛੋਟੇ ਬੇਟੇ ਨਾਲ ਹੀ ਰਹਿੰਦੇ ਸਨ। ਅਲੱਗ ਹੋਣ ਸਮੇਂ ਪਾਪਾ ਜੀ ਨੇ ਸਾਰਾ ਲੈਣ ਦੇਣ ਵੰਡ ਵੰਡਾਰੇ ਦੇ ਸਮਾਨ ਨੂੰ ਇੱਕ ਛੋਟੀ ਜਿਹੀ ਲਾਲ ਵਹੀ ਵਿਚ ਨੋਟ ਕੀਤਾ। ਉਸੇ ਵਹੀ ਵਿੱਚ ਉਹ ਹਰ ਸਾਲ ਸਾਡੇ ਤਿੰਨਾਂ ਭੈਣ ਭਰਾਵਾਂ ਦੇ ਪੰਜੇ ਦੇ ਨਿਸ਼ਾਨ ਲਗਵਾਉਂਦੇ। ਓਦੋਂ ਫੋਟੋ ਯੁੱਗ ਇੰਨਾ ਵਿਕਸਤ ਨਹੀਂ ਸੀ ਹੋਇਆ।ਉਹਨਾ ਦਿਨਾਂ ਵਿੱਚ ਕਈ ਲੋਕ ਪਾਪਾ ਜੀ ਤੋਂ ਪੰਜਾਹ ਸੋ ਰੁਪਏ ਉਧਾਰੇ ਲੈ ਜਾਂਦੇ। ਜਿਸਨੂੰ ਬਕਾਇਦਾ ਉਸ ਵਹੀ ਤੇ ਲਿਖਿਆ ਜਾਂਦਾ ਤੇ ਅਗਲੇ ਦਾ ਅੰਗੂਠਾ ਵੀ ਲਗਵਾਇਆ ਜਾਂਦਾ ਤੇ ਵਿਆਜ ਆਮਤੌਰ ਤੇ ਦੋ ਰੁਪਏ ਸੈਂਕੜਾ ਚਲਦਾ ਸੀ। ਪਾਪਾ ਜੀ ਦੋ ਚਾਰ ਮਹੀਨੇ ਵਾਲੇ ਤੋਂ ਵਿਆਜ ਨਹੀਂ ਸੀ ਲੈਂਦੇ। ਕੇਰਾਂ ਪਾਪਾ ਜੀ ਨੂੰ ਸਵੇਰੇ ਸਵੇਰੇ ਕੋਈ ਪੈਸੇ ਵਾਪਿਸ ਕਰਨ ਆਇਆ ਜੋ ਆਪਣੇ ਵਾਇਦੇ ਤੋਂ ਚਾਰ ਮਹੀਨੇ ਲੇਟ ਸੀ। ਉਸਦਾ ਪੰਤਾਲੀ ਰੁਪਏ ਵਿਆਜ ਬਣਦਾ ਸੀ ਪਰ ਪਾਪਾ ਜੀ ਨੇ ਚਾਲੀ ਰੁਪਏ ਲੈਕੇ ਹਿਸਾਬ ਨੱਕੀ ਕਰ ਦਿੱਤਾ। ਰੋਟੀ ਖਾਣ ਤੋਂ ਬਾਦ ਪਾਪਾ ਜੀ ਦੀ ਜਾੜ ਦਰਦ ਹੋਣ ਲੱਗ ਪਈ। ਜਿਆਦਾ ਦਰਦ ਕਰਕੇ ਉਹ ਸ਼ਹਿਰ ਮੰਡੀ ਡੱਬਵਾਲੀ ਜਾੜ੍ਹ ਕਢਵਾਉਣ ਲਈ ਆ ਗਏ। ਉਸ ਦਿਨ ਡਾਕਟਰ ਦੇ ਜਾੜ੍ਹ ਕੱਢਣ ਦੀ ਫੀਸ ਦਵਾਈ ਤੇ ਕਿਰਾਏ ਭਾੜੇ ਦੇ ਵਗੈਰਾ ਦੇਣਦੇ ਪੈਂਤੀ ਕੁ ਰੁਪਏ ਲੱਗ ਗਏ। ਪਰ ਜਾੜ੍ਹ ਕਢਾਉਣ ਤੋਂ ਬਾਦ ਵੀ ਪਾਪਾਜੀ ਸਾਰੀ ਰਾਤ ਦਰਦ ਨਾਲ ਤੜਫਦੇ ਰਹੇ। ਤੇ ਉਹ ਵਿਆਜ ਲੈਣ ਤੋਂ ਪਛਤਾਉਂਦੇ ਰਹੇ।
ਫਿਰ ਅੱਗੇ ਤੋਂ ਪਾਪਾ ਜੀ ਨੇ ਕਿਸੇ ਤੋਂ ਵਿਆਜ ਨਹੀਂ ਲਿਆ।
ਪਰ ਅੱਜ ਕੱਲ੍ਹ ਤਾਂ ਕਈ ਲੋਕ ਬੇਹਿਸਾਬੇ ਵਿਆਜ ਦੇ ਧੰਦੇ ਨਾਲ ਖੁਸ਼ ਹਨ ਉਹਨਾਂ ਦੀ ਜਾੜ੍ਹ ਵੀ ਨਹੀਂ ਦੁਖਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ