ਜਿੰਦਗੀ ਦਾ ਸਫ਼ਰ ਤੇ ਸਬਕ | zindagi da safar

ਸਤੰਬਰ 1982 ਦੀ ਗੱਲ ਹੈ ਫਰੀਦਕੋਟ ਜ਼ਿਲੇ ਦੇ ਡੀ ਸੀ ਦਫ਼ਤਰ ਵਿਚ ਮੇਰਾ ਦਸਮੇਸ਼ ਸਕੂਲ ਬਾਦਲ ਵਿਖੇ ਰੱਖੇ ਜਾਣ ਵਾਲੀ ਕਲਰਕ ਦੀ ਪੋਸਟ ਦਾ ਇੰਟਰਵਿਊ ਸੀ। ਹਲਕੇ ਗਰੇ ਰੰਗ ਦਾ ਸਫਾਰੀ ਸੂਟ ਪਾਕੇ ਅਤੇ ਹੱਥ ਵਿੱਚ ਸਰਟੀਫਿਕੇਟ ਫਾਈਲ ਲੈ ਕੇ ਮੈਂ ਇੰਟਰਵੀਊ ਦੇਣ ਗਿਆ। ਫਾਈਲ ਵਿਚ ਸਰਟੀਫਿਕੇਟ ਬੜੀ ਤਫ਼ਸੀਲ ਨਾਲ਼ ਪਲਾਸਟਿਕ ਦੇ ਪੰਨੇ ਵਿੱਚ ਪਾਏ ਹੋਏ ਸਨ। ਸਰਦਾਰ ਭਗਤ ਸਿੰਘ ਉਸ ਵੇਲੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੇ ਸਕੂਲ ਦੇ ਚੈਅਰਮੈਨ ਸਨ। ਸ੍ਰੀ ਖੁਸ਼ਬਾਜ਼ ਸਿੰਘ ਪੀ ਸੀ ਐਸ ਮੁਕਤਸਰ ਦੇ ਐਸ ਡੀ ਐਮ, ਸ੍ਰੀ ਜਗਰੂਪ ਸਿੰਘ ਸਿੱਧੂ ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਅਤੇ ਸ੍ਰੀ ਹਰਬੰਸ ਸਿੰਘ ਸੈਣੀ ਸਕੂਲ ਦੇ ਪ੍ਰਿੰਸੀਪਲ ਇੰਟਰਵਿਊ ਬੋਰਡ ਵਿਚ ਹਾਜ਼ਿਰ ਸਨ। ਮੇਰੀ ਕੋਈ ਇੰਟਰਵਿਊ ਨਹੀਂ ਹੋਈ। ਓਹਨਾ ਨੇ ਇੱਕ ਸਿੱਖ ਮੁੰਡੇ ਨੂੰ ਇਸ ਲਈ ਚੁਣ ਲਿਆ ਕਿ ਉਹ ਗਰੀਬ ਘਰ ਦਾ ਮੁੰਡਾ ਸੀ ਤੇ ਕੁੜਤਾ ਪਜਾਮਾ ਪਾਕੇ ਆਇਆ ਸੀ। ਉਹ ਬਹੁਤ ਸਧਾਰਨ ਜਿਹਾ ਮੁੰਡਾ ਸੀ। ਮੇਰੇ ਵਿਰੋਧ ਵਿੱਚ ਸ੍ਰੀ ਖੁਸ਼ਬਾਜ਼ ਸਿੰਘ ਐਸ ਡੀ ਐਮ ਦਾ ਤਰਕ ਸੀ ਕਿ ਇਹ ਪਟਵਾਰੀ ਕਨੂੰਨਗੋ ਦਾ ਫੈਸ਼ਨੇਬਲ ਜਿਹਾ ਮੁੰਡਾ ਜਿਸ ਨੇ ਸੋਨੇ ਦੀ ਛਾਪ ਵੀ ਪਾਈ ਹੋਈ ਹੈ ਲੜਕੀਆਂ ਦੇ ਸਕੂਲ ਵਿੱਚ ਟਿਕ ਨਹੀਂ ਸਕੇਗਾ। ਤੇ ਇਹ ਠੀਕ ਨਹੀਂ ਹੋਵੇਗਾ। ਉਸਦੇ ਇਸ ਬੇਤੁਕੇ ਤਰਕ ਨੂੰ ਕਮੇਟੀ ਦੇ ਸਾਰੇ ਮੈਂਬਰਾਂ ਨੇ ਚੁਪ ਚਾਪ ਮੰਨ ਲਿਆ। ਪ੍ਰਿੰਸੀਪਲ ਸਿੱਧੂ ਜਿੰਨਾ ਦਾ ਮੈਂ ਪੰਜ ਸਾਲ ਵਿਦਿਆਰਥੀ ਰਿਹਾ ਤੇ ਪ੍ਰਿੰਸੀਪਲ ਸੈਣੀ ਜੋ ਮੇਰੇ ਦੋਸਤ ਦੇ ਸਕੇ ਫੁਫੜ ਸਨ ਵੀ ਕੁਝ ਨਾ ਬੋਲ ਸਕੇ। ਕਿਉਂਕਿ ਸ੍ਰੀ ਖੁਸ਼ਬਾਜ਼ ਸਿੰਘ ਬਹੁਤ ਰੁੱਖੇ ਅਤੇ ਸਖਤ ਸੁਭਾਅ ਦੇ ਸਵਾਮੀ ਸੀ। ਸਰਦਾਰ ਭਗਤ ਸਿੰਘ ਵੀ ਉਹਨਾਂ ਦੀ ਗੱਲ ਕੱਟਣ ਵੇਲੇ ਬਹੁਤ ਸੋਚਦੇ ਸਨ। ਲੋਕ ਖੁਸ਼ਬਾਜ਼ ਸਿੰਘ ਨੂੰ ਆਮ ਤੌਰ ਤੇ ਖੁਸ਼ਕਬਾਜ਼ ਸਿੰਘ ਆਖਦੇ ਸਨ। ਖੈਰ ਜਿਸ ਮੁੰਡੇ ਨੂੰ ਚੁਣਿਆ ਗਿਆ ਉਹ ਬਾਦ ਵਿਚ ਘਰੇਲੂ ਮਜਬੂਰੀ ਕਰਕੇ ਨੌਕਰੀ ਕਰਨ ਤੋਂ ਜਬਾਬ ਦੇ ਗਿਆ। ਮੈਨੂੰ ਫਿਰ 16 ਸਤੰਬਰ 82 ਨੂੰ ਸਕੂਲ ਵਿਚ ਹੋਈ ਇੰਟਰਵਿਊ ਵਿੱਚ ਦੁਬਾਰਾ ਬੁਲਾਇਆ ਗਿਆ। ਤੇ ਮੇਰੀ ਸਿਲੈਕਸ਼ਨ ਹੋ ਗਈ। 17 ਸਤੰਬਰ 1982 ਨੂੰ ਮੈਂ ਜੋਈਨ ਕਰ ਲਿਆ। ਤਕਰੀਬਨ 21 ਸਾਲ ਮੈਂ ਸ੍ਰੀ ਸੈਣੀ ਸਾਹਿਬ ਨਾਲ ਕੰਮ ਕੀਤਾ। ਓਹਨਾ ਨੇ ਮੈਨੂੰ ਬਹੁਤ ਕੁਝ ਸਿਖਾਇਆ। ਕੰਮ ਕਰਨ ਦਾ ਢੰਗ ਤੇ ਤਜ਼ੁਰਬਾ ਦਿੱਤਾ। ਉਹ ਬਹੁਤ ਕੁਸ਼ਲ ਪ੍ਰਸ਼ਾਸ਼ਕ ਸਨ। ਅਗਸਤ 2003 ਤੋਂ ਬਾਦ ਮੈਂ ਉਹਨਾਂ ਦੀ ਉਤਰਾਧਿਕਾਰੀ ਮੈਡਮ ਸਿੱਧੂ ਨਾਲ ਕੋਈ 14 ਸਾਲ ਕੰਮ ਕੀਤਾ। ਸ੍ਰੀ ਸੈਣੀ ਸਾਹਿਬ ਦੇ ਸਿਖਾਏ ਕੰਮ ਨਾਲ 14 ਸਾਲ ਵਧੀਆ ਗੁਜ਼ਰ ਗਏ। ਮੈਡਮ ਸਿੱਧੂ ਨੇ ਮੈਨੂੰ ਲੋਕਾਂ ਕੋਲੋਂ ਕੰਮ ਲੈਣ ਦਾ ਤਰੀਕਾ ਤੇ ਆਪਣਾ ਕੰਮ ਕੱਢਣ ਦੇ ਗੁਰ ਸਿਖਾਏ। ਉਹ ਆਪਣੀ ਤਰਾਂ ਦੇ ਪ੍ਰਸ਼ਾਸ਼ਕ ਸਨ ਤੇ ਆਪਣੇ ਮਕਸਦ ਵਿਚ ਹਮੇਸ਼ਾ ਕਾਮਜਾਬ ਰਹਿੰਦੇ ਸਨ। ਆਪਣੀ ਨੌਕਰੀ ਦੇ ਅਖੀਰਲੇ ਸਤਾਰਾਂ ਮਹੀਨੇ ਮੈਨੂੰ ਮੇਰੇ ਤੋਂ ਜੂਨੀਅਰ ਕੁਲੀਗ ਦੇ ਅਧੀਨ ਕੰਮ ਕਰਨ ਦਾ ਸ਼ੁਭ ਮੌਕਾ ਮਿਲਿਆ।ਓਹਨਾ ਤੋਂ ਮੈਂ ਕੋਈ ਕੰਮ ਤਾਂ ਨਹੀਂ ਸਿਖਿਆ ਪਰ ਫਿਰ ਵੀ ਉਹਨਾਂ ਨੇ ਮੈਨੂੰ ਜਿੰਦਗੀ ਦਾ ਉਹ ਸਬਕ ਸਿਖਾਇਆ ਜੋ ਹਰ ਇੱਕ ਲਈ ਸਿੱਖਣਾ ਜਰੂਰੀ ਹੁੰਦਾ ਹੈ। ਦੁਨੀਆਦਾਰੀ ਅਤੇ ਸਮਾਜ ਵਿਚ ਵਿਚਰਨ ਲਈ ਜਿੰਦਗੀ ਦਾ ਸਬਕ ਆਉਣਾ ਜਰੂਰੀ ਹੈ। ਉਹ ਸਬਕ ਜਿਹੜਾ ਜਿੰਦਗੀ ਦੇ ਹਰ ਮੋੜ ਤੇ ਕੰਮ ਆਉਂਦਾ ਹੈ। ਉਹਨਾਂ ਨੇ ਮੈਨੂੰ ਅਹੁਦੇ ਅਤੇ ਰੁਤਬੇ ਅਨੁਸਾਰ ਬਦਲਕੇ ਦਿਖਾਇਆ। ਗਰਜ ਵੇਲੇ ਮਿੱਠੇ ਅਤੇ ਗਰਜ਼ ਤੋਂ ਬਾਅਦ ਬਦਲਣ, ਦੂਹਰੀ ਮਾਨਸਿਕਤਾ ਨਾਲ ਜਿਉਣ, ਦੂਹਰਾ ਕਿਰਦਾਰ ਨਿਭਾਉਣ ਦੇ ਦ੍ਰਿਸ਼ ਵਿਖਾਏ। ਉਸ ਤੋਂ ਬਾਅਦ ਮੇਰਾ ਵਿਸ਼ਵਾਸ ਭਰੋਸੇ ਸ਼ਬਦ ਤੋਂ ਵਿਸ਼ਵਾਸ ਉੱਠ ਗਿਆ। ਕੋਈਂ ਕਿਸੇ ਦਾ ਸਕਾ ਨਹੀਂ। ਕੋਈਂ ਆਪਣਾ ਨਹੀਂ। ਨਿੱਜੀ ਹਿੱਤ ਸਭ ਨੂੰ ਪਿਆਰੇ ਹਨ ਇਹ ਮੈਂ ਉਸੇ ਦੌਰਾਨ ਅੱਖੀਂ ਵੇਖਿਆ। ਉਂਗਲੀਂ ਵਿਚ ਪਾਈ ਸੋਨੇ ਦੀ ਅੰਗੂਠੀ ਤੋਂ ਸ਼ੁਰੂ ਹੋਇਆ ਮੇਰਾ ਇਹ ਸਫ਼ਰ 31 ਮਈ 2019 ਨੂੰ ਸੋਨੇ ਦੀ ਮੁੰਦਰੀ ਨਾਲ ਹੀ ਖਤਮ ਹੋ ਗਿਆ। ਇਸ ਦੌਰਾਨ ਬਹੁਤ ਲੋਕਾਂ ਨਾਲ ਵਾਹ ਪਿਆ। ਬਹੁਤ ਸਾਰੇ ਦੋਸਤ ਬਣਾਏ ਤੇ ਕੁਝ ਆਰਜ਼ੀ ਦੁਸ਼ਮਣ ਵੀ ਬਣੇ। ਸਰਦਾਰ ਭਗਤ ਸਿੰਘ, ਸ੍ਰੀ ਕਿਰਪਾ ਸ਼ੰਕਰ ਸਰੋਜ , ਸ੍ਰੀ ਵਰੁਮ ਰੂਜ਼ਮ ,ਸ੍ਰੀ ਬਲਬੀਰ ਸਿੰਘ ਸੂਦਨ ਸ੍ਰੀ ਪਰਮਜੀਤ ਸਿੰਘ ਅਤੇ ਸ੍ਰੀ ਆਮ ਕੇ ਅਰਵਿੰਦ ਕੁਮਾਰ ਆਈ ਏ ਐਸ ਨੇ ਬਹੁਤ ਮਾਣ ਬਖਸ਼ਿਆ। ਹੁਣ ਤਕਰੀਬਨ 36 ਸਾਲ ਇੱਕ ਹੀ ਅਦਾਰੇ ਨਾਲ ਜੁੜੇ ਰਹਿਣ ਤੋਂ ਬਾਦ ਤੀਸਰੀ ਪੀੜ੍ਹੀ ਨੂੰ ਆਪਣੀ ਜਿੰਦਗੀ ਦਾ ਬਾਕੀ ਹਿੱਸਾ ਦੇਣ ਦਾ ਫੈਸਲਾ ਕੀਤਾ ਹੈ ਜੋ ਬਹੁਤ ਵੱਡੀ ਖੁਸ਼ੀ ਦਾ ਸਰੋਤ ਹੈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *