ਆਲੂ ਬੇਂਗੁਣੀ ਦੀ ਸਬਜ਼ੀ | aloo bengan

#ਆਲੂ_ਬੇਂਗੁਣੀ_ਦੀ_ਸਬਜ਼ੀ
ਕਈ ਦਿਨਾਂ ਦੀ ਪੈਂਡਿੰਗ ਪਈ ਮੇਰੀ ਮੰਗ ਨੂੰ ਵੇਖਦੇ ਹੋਏ ਡਿੱਗਦੀ ਢਹਿੰਦੀ ਹੋਈ ਬੇਗਮ ਨੇ ਅੱਜ ਘਰੇ ਆਲੂ ਬੇਂਗੁਣੀ ਦੀ ਰਸੇਦਾਰ ਸਬਜ਼ੀ ਬਣਾਈ। ਕਿਉਂਕਿ ਮੰਗ ਦੇ ਨਾਲ ਇਹ ਸ਼ਰਤ ਸੀ ਕਿ ਸਬਜ਼ੀ ਉਹ ਆਪ ਬਣਾਵੇਗੀ। ਮੈਨੂੰ ਕੁੱਕ ਦੀ ਬਣਾਈ ਸਬਜ਼ੀ ਸੁਆਦ ਣੀ ਲੱਗਦੀ। ਘਰ ਦੇ ਦੂਜੇ ਜੀਅ ਇਹੋ ਜਿਹੀਆਂ ਸਬਜ਼ੀਆਂ ਖਾਂਦੇ ਨਹੀਂ। ਸਭ ਦੇ ਅਲੱਗ ਅਲੱਗ ਮੂੰਹ ਹਨ। ਖੈਰ ਸਬਜ਼ੀ ਵਾਹਵਾ ਸੁਆਦ ਬਣੀ ਖਾਕੇ ਰੂਹ ਖੁਸ਼ ਹੋਗੀ। ਇਸ ਨਾਲ ਹੀ ਇੱਕ ਪੁਰਾਣੀ ਗੱਲ ਵੀ ਯਾਦ ਆ ਗਈ। ਮੇਰੀ ਵੱਡੀ ਮਾਸੀ ਸਾਡੇ ਘਰ ਦੇ ਨਜ਼ਦੀਕ ਹੀ ਰਹਿੰਦੀ ਸੀ। ਉਹ ਪੈਸੇ ਵਾਲੇ ਲੋਕ ਸਨ। ਉਹਨਾਂ ਕੋਲ੍ਹ ਆਪਣੀਆਂ ਕਾਰਾਂ, ਕੋਠੀਆਂ, ਕਾਰਖਾਨੇ, ਪੈਟਰੋਲ ਪੰਪ, ਸਿਨੇਮੇ ਸਨ ਤੇ ਸਾਡਾ ਪਿੰਡ ਤੋਂ ਆਏ ਦਰਜਾ ਤਿੰਨ ਮੁਲਾਜਿਮ ਦਾ ਪਰਿਵਾਰ। ਓਹਨਾ ਦਾ ਖਾਣ ਪੀਣ ਸਟੈਂਡਰਡ ਦਾ ਹੁੰਦਾ ਸੀ। ਹਾਂ ਰਿਸ਼ਤਾ ਬਹੁਤ ਨੇੜੇ ਦਾ ਸੀ ਜੋ ਅਮੀਰੀ ਗਰੀਬੀ ਤੋਂ ਉੱਤੇ ਸੀ।
“ਮਾਸੀ ਸਬਜ਼ੀ ਕੀ ਬਣਾਈ ਹੈ।” ਮੇਰੀ ਮਾਸੀ ਨਾਲ ਆਈ ਉਸਦੀ ਵੱਡੀ ਨੂੰਹ ਨੀਰੂ ਨੇ ਮੇਰੀ ਮਾਂ ਨੂੰ ਪੁੱਛਿਆ।
“ਅਸੀਂ ਤਾਂ ਭਾਈ ਆਲੂ ਬੇਂਗੁਣੀ ਬਣਾਈ ਹੈ।” ਮੇਰੀ ਮਾਂ ਨੇ ਸੰਗਦੀ ਹੋਈ ਨੇ ਦੱਸਿਆ। ਉਸਨੂੰ ਇਹ ਸਬਜ਼ੀ ਦੱਸਦੀ ਨੂੰ ਸ਼ਰਮ ਜਿਹੀ ਆਈ। ਮਾਸੀ ਦੀ ਨੂੰਹ ਨੇ ਆਪੇ ਹੀ ਸਬਜ਼ੀ ਕੌਲੀ ਚ ਪਾਈ ਤੇ ਚਮਚ ਨਾਲ ਖਾਣ ਲੱਗੀ। ਉਸ ਨੂੰ ਸਬਜ਼ੀ ਬਹੁਤ ਸੁਆਦ ਲੱਗੀ ਤੇ ਉਸਨੇ ਦੋ ਤਿੰਨ ਵਾਰ ਡੀਲੀਸੀਅਸ ਸ਼ਬਦ ਬੋਲਿਆ ਜੋ ਮੈਂ ਪਹਿਲੀ ਵਾਰੀ ਸੁਣਿਆ ਸੀ ਕਿਉਂਕਿ ਸਾਡੇ ਲਈ ਤਾਂ ਸੁਆਦ ਲਈ ਟੇਸਟੀ ਹੀ ਅੰਤਿਮ ਸ਼ਬਦ ਸੀ।
“ਮਾਸੀ ਮੇਰੇ ਲਈ ਹੁਣੇ ਹੀ ਇੱਕ ਕੌਲੀ ਸਬਜ਼ੀ ਦੀ ਕੱਢਕੇ ਰੱਖਦੇ। ਮੈ ਰੋਟੀ ਉਸੇ ਨਾਲ ਖਾਵਾਂਗੀ।” ਜਦੋਂ ਉਸ ਨੇ ਕਿਹਾ ਤਾਂ ਮੇਰੀ ਮਾਂ ਦੇ ਚੇਹਰੇ ਤੇ ਰੌਣਕ ਆ ਗਈ। ਫਿਰ ਮੇਰੀ ਮਾਂ ਨੇ ਨੀਰੂ ਦੇ ਸਬਜ਼ੀ ਖਾਣ ਵਾਲੀ ਗੱਲ ਕਈਆਂ ਕੋਲ੍ਹ ਚਿਤਾਰੀ।
ਅੱਜ ਜਦੋਂ ਗਰਮ ਗਰਮ ਸਬਜ਼ੀ ਖਾਧੀ ਤਾਂ ਮਾਂ ਚੇਤੇ ਆਉਣੀ ਸੁਭਾਵਿਕ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *