ਰੇਖਾ ਚਿੱਤਰ | rekha chitar

ਕਈ ਵਾਰੀ ਮੈਂ ਕਈ ਲੇਖਕਾਂ ਨੂੰ ਪੜ੍ਹਦਿਆਂ ਇਹ ਨੋਟ ਕਰਦੀ ਹਾਂ ਕਿ ਉਹ ਕਿਸੇ ਸਖਸ਼ੀਅਤ ਯ ਕਿਸੇ ਆਪਣੇ ਦੇ ਗੁਣ, ਦੋਸ਼, ਵਿਹਾਰ ਤੇ ਤੌਰ ਤਰੀਕੇ ਬਾਰੇ ਲਿਖਦੇ ਹਨ ਤੇ ਉਸਨੂੰ ਰੇਖਾ ਚਿੱਤਰ ਕਹਿੰਦੇ ਹਨ। ਯ ਖਾਕਾ ਸ਼ਬਦ ਪ੍ਰਯੋਗ ਕਰਦੇ ਹਨ। ਮੈਨੂੰ ਰੇਖਾ ਚਿੱਤਰ ਸ਼ਬਦ ਦੀ ਸਮਝ ਨਾ ਪੈਂਦੀ ਪਰ ਫਿਰ ਵੀ ਮੈਂ ਸੋਚਦੀ ਕਿ ਬਿਗਾਨਿਆਂ ਦਾ ਕਿਉਂ? ਕਿਉਂ ਨਾ ਮੈਂ ਇਹਨਾਂ ਦਾ ਹੀ ਰੇਖਾ ਚਿੱਤਰ ਲਿਖਾਂ। ਭਾਵੇਂ ਮੈਂ ਕੋਈਂ ਲੇਖਕ ਨਹੀਂ। ਸਾਹਿਤ ਲਈ ਕਦੇ ਕਲਮ ਨਹੀਂ ਫੜ੍ਹੀ। ਹਾਂ ਆਪਣੀ ਪੜ੍ਹਾਈ ਦੌਰਾਨ ਤੇ ਛੱਤੀ ਸਾਲ ਦੀ ਨੌਕਰੀ ਦੌਰਾਨ ਲਿਖਦੀ ਹੀ ਤਾਂ ਰਹੀ ਹਾਂ। ਅਰਜ਼ੀਆਂ, ਲੇਖ ਤੇ ਰਿਪੋਰਟਾਂ। ਅਧਿਆਪਕ ਅਤੇ ਲੇਖਕ ਵਿੱਚ ਫਰਕ ਹੁੰਦਾ ਹੀ ਹੈ। ਨਾਲੇ ਮੇਰੇ ਤੋਂ ਵੱਧ ਇਹਨਾਂ ਨੂੰ ਕੌਣ ਜਾਣਦਾ ਹੋਊ? ਫਿਰ ਵੀ ਮਾਰਚ 1985 ਦੀ ਇਹਨਾਂ ਦੇ ਲੜ੍ਹ ਲੱਗੀ ਹੋਈ ਹਾਂ। ਮੈਂ ਇਹਨਾਂ ਦੀ ਰਗ ਰਗ ਤੋਂ ਵਾਕਿਫ ਹਾਂ। ਮੈਂ ਇਹਨਾਂ ਦੇ ਸੱਚ ਝੂਠ ਨੂੰ ਨੇੜਿਓਂ ਤੱਕਿਆ ਹੈ। ਮੇਰੇ ਤੋਂ ਵਧੀਆ ਇਹਨਾਂ ਦਾ ਰੇਖਾ ਚਿੱਤਰ ਕੌਣ ਲਿਖ ਸਕਦਾ ਹੈ ਭਲਾਂ। ਮਾਤਾ ਜੀ (ਮੇਰੀ ਸੱਸ) ਦੱਸਦੀ ਹੁੰਦੀ ਸੀ ਕਿ ਇਹਨਾ ਦਾ ਜਨਮ ਗੂਹੜੇ ਸਿਆਲ ਵਿੱਚ ਇਹਨਾਂ ਦੇ ਨਾਨਕੇ ਪਿੰਡ ਬਾਦੀਆਂ ਹੋਇਆ ਸੀ ਖੋਰੇ ਕਿੰਨੀ ਪੋਹ ਦੱਸਦੀ ਹੁੰਦੀ ਸੀ। ਅੰਗਰੇਜ਼ੀ ਮਹੀਨੇ ਅਨੁਸਾਰ ਇਹ ਚੌਦਾਂ ਦਿੰਸਬਰ ਸੱਠ ਕਹਿੰਦੇ ਹਨ। ਦਾਦਕੇ ਪਿੰਡ ਘੁਮਿਆਰਾ ਦੇ ਸਕੂਲ ਵਿਚੋਂ ਦੱਸਵੀ ਕੀਤੀ। ਫਸਟ ਡਵੀਜਨ ਤਾਂ ਨਹੀਂ ਆਈ ਪਰ ਨੰਬਰ ਚੰਗੇ ਸੀ। ਪਿਓ ਪਟਵਾਰੀ ਸੀ ਸਾਰੇ ਓਮ ਪ੍ਰਕਾਸ਼ ਕਹਿੰਦੇ। ਮੇਰਾ ਦਾਦਾ ਸਹੁਰਾ ਵੀ ਓਮ ਪ੍ਰਕਾਸ਼ ਹੀ ਕਹਿੰਦਾ। ਮਾਂ ਨੂੰ ਪੇਕੇ ਬੀਬੀ ਕਹਿੰਦੇ ਸੀ ਸਹੁਰਾ ਸਾਹਿਬ ਨੇ ਆਪਣੀ ਨੂੰਹ ਦਾ ਨਾਮ ਕਰਤਾਰ ਕੁਰ ਰਖਿਆ। ਪਰ ਮੇਰੇ ਸਹੁਰਾ ਸਾਹਿਬ ਯਾਨੀ ਭਾਪਾ ਜੀ ਨੇ ਪੁਸ਼ਪਾ ਰਾਣੀ ਨਾਮ ਦਿੱਤਾ। ਇਹਨਾਂ ਦੇ ਦਾਦੇ ਦਾ ਨਾਮ ਹਰਗੁਲਾਲ ਸੀ ਉਂਜ ਪਿੰਡ ਵਾਲੇ ਸੇਠ ਜੀ ਯ ਸੇਠਾ ਕਹਿਕੇ ਬੁਲਾਉਂਦੇ ਸਨ। ਗੱਲ ਤਾਂ ਮੈਂ ਇਹਨਾਂ ਦੀ ਕਰਨੀ ਸੀ ਹੋਰ ਹੀ ਕਹਾਣੀਆਂ ਲ਼ੈ ਬੈਠੀ। ਇਹਨਾਂ ਨੂੰ ਬਚਪਨ ਵਿੱਚ ਡੀਸੀ ਆਖਦੇ ਸਨ। ਮਾਂ ਨੇ ਨਾਮ #ਰਮੇਸ਼ਕੁਮਾਰਸੇਠੀ ਰੱਖਿਆ ਤੇ ਫਿਰ #ਰਮੇਸ਼ਸੇਠੀ ਆਖਣ ਲੱਗ ਪਏ। ਉਂਜ ਆਪਣੇ ਲੇਖਾਂ ਕਹਾਣੀਆਂ ਵਿੱਚ ਇਹ ਆਪਣੇ ਆਪ ਨੂੰ #ਰਮੇਸ਼ਸੇਠੀਬਾਦਲ ਲਿਖਦੇ ਹਨ। ਨੌਕਰੀ ਦੌਰਾਨ ਇਹਨਾਂ ਨੂੰ ਬਹੁਤੇ ਲੋਕ ਸੇਠੀ ਸਾਹਿਬ ਹੀ ਕਹਿੰਦੇ ਸਨ ਹੁਣ ਵੀ ਸੇਠੀ ਸਾਹਿਬ ਕਹਿੰਦੇ ਹਨ। ਬਚਪਨ ਵਿੱਚ ਇਹ ਸਕੂਲ ਵਿੱਚ ਕਾਫੀ ਚਰਚਿਤ ਹੀ ਰਹੇ। ਆਪਣੇ ਦਾਦੇ ਦੇ ਸਭ ਤੋਂ ਵੱਡੇ ਪੋਤੇ ਹੋਣ ਦੇ ਬਾਵਜੂਦ ਇਹਨਾਂ ਨੇ ਕਦੇ ਬੰਟੇ ਨਹੀਂ ਖੇਡੇ, ਪਤੰਗ ਨਹੀਂ ਉਡਾਇਆ, ਕਦੇ ਕੋਈਂ ਖੇਡ ਨਹੀਂ ਖੇਡੀ। ਬੱਸ ਆਪਣੀ ਮਸਤੀ ਵਿੱਚ ਰਹਿੰਦੇ ਸਨ। ਖੈਰ ਇਹ ਜਿੱਦੀ ਤੇ ਸਿਰੜੀ ਸ਼ੁਰੂ ਤੋਂ ਹੀ ਹਨ। ਬੀਂ ਕਾਮ ਕਰਨ ਲੱਗੇ ਪਾਸ ਨਾ ਹੋਏ। ਲੋਕਾਂ ਨੇ ਕਿਹਾ ਆਰਟਸ ਕਰਲੋ। ਪਰ ਕੀਤੀ ਬੀਂ ਕਾਮ ਹੀ ਸਾਲ ਭਾਵੇਂ ਚਾਰ ਦੇ ਛੇ ਲੱਗ ਗਏ। ਸੁਭਾਅ ਭਾਵੇਂ ਬਹੁਤਾ ਚੰਗਾ ਨਹੀਂ ਪਰ ਇੰਨਾ ਮਾੜਾ ਵੀ ਨਹੀਂ। ਸ਼ੁਰੂ ਤੋਂ ਹੀ ਮਾਂ ਦਾ ਬਹੁਤ ਕਰਦੇ ਸਨ। ਮਾਂ ਕਰਕੇ ਤੇ ਮਾਂ ਕੋਲੇ ਰਹਿਣ ਦੀ ਮੰਸ਼ਾ ਨਾਲ 1982 ਚ ਬੀਂ ਕਾਮ ਕਰਕੇ ਕਿਸੇ ਬੈੰਕ ਵੱਲ ਜਾਣ ਦੀ ਬਜਾਇ ਨੇੜੇ ਦੇ ਪਿੰਡ ਬਾਦਲ ਵਿਖੇ ਅਰਧ ਸਰਕਾਰੀ ਨੌਕਰੀ ਕਰਦੇ ਰਹੇ ਉਹ ਵੀ ਸੈਂਤੀ ਸਾਲ। ਕੁੜੀਆਂ ਦਾ ਸਕੂਲ ਬਾਕੀ ਸਾਰੀਆਂ ਮੈਡਮਾਂ। ਪਰ ਟਿਕੇ ਰਹੇ। ਨੌਕਰੀ ਚਾਹੇ ਪ੍ਰਾਈਵੇਟ ਜਿਹੀ ਸੀ ਕੱਟਣਾ ਔਖਾ ਹੁੰਦਾ ਹੈ ਇਹ ਬੇਦਾਗ ਨਿਕਲੇ। ਜੇ ਗੱਲ ਆਦਤਾਂ ਦੀ ਕਰੀਏ ਤਾਂ ਉਹੀ ਜਿੱਦੀ ਤੇ ਸਿਰੜੀ ਹਨ ਸ਼ੁਰੂ ਤੋਂ ਹੀ। 1997 ਵਿਚ ਦਿਲ ਵਿੱਚ ਆਗ਼ੀ ਤਾਂ ਚਾਹ ਛੱਡਤੀ। ਮੁੜ ਚਾਹ ਦੇ ਲਿਵੇ ਨਹੀਂ ਗਏ। ਫੇਰ ਮਾਂ ਦੀ ਸ਼ੂਗਰ ਵੇਖਕੇ ਮਾਂ ਲਈ ਅੰਬ ਛੱਡ ਦਿੱਤੇ। ਬੋਲਦੇ ਬਹੁਤ ਹਨ। ਚੁੱਪ ਨਹੀਂ ਰਹਿ ਸਕਦੇ। ਕੋਈਂ ਗੱਲ ਦਿਲ ਵਿੱਚ ਨਹੀਂ ਰੱਖ ਸਕਦੇ। ਸੱਚੀ ਗੱਲ ਝੱਟ ਮੂੰਹ ਤੇ ਮਾਰਦੇ ਹਨ। ਬੜਬੋਲੇ ਹਨ ਪਤਾ ਨਹੀਂ ਸੇਠੀ ਸਾਰੇ ਹੀ ਬੜਬੋਲੇ ਹੁੰਦੇ ਹਨ। ਕਈ ਵਾਰੀ ਬੋਲਦੇ ਇਹ ਹਨ ਤੇ ਭੁਗਤਣਾ ਮੈਨੂੰ ਪੈਂਦਾ ਹੈ। ਉਂਜ ਇਹ ਘਬਰਾਉਂਦੇ ਵੀ ਜਲਦੀ ਹਨ। ਕਾਹਲੀ ਬਹੁਤ ਕਰਦੇ ਹਨ। ਲਿਖਾਵਟ ਬਾਹਲੀ ਸੋਹਣੀ ਨਹੀਂ। ਸਿਆਹੀ ਵਿੱਚ ਡਬੋਕੇ ਕੀੜੇ ਛੱਡਦੇ ਹਨ। ਹਾਂ ਪ੍ਰੌਹਣਚਾਰੀ ਨੂੰ ਮੇਰੇ ਵਰਗੇ ਹਨ। ਕੋਈਂ ਨਾ ਕੋਈਂ ਘਰੇ ਆਇਆ ਹੀ ਰਹਿੰਦਾ ਹੈ। ਮਿਲਣ ਵਾਲਾ ਅਖੇ ਸੇਠੀ ਸਾਹਿਬ ਦੇ ਦਰਸ਼ਨ ਕਰਨੇ ਹਨ। ਬੰਦਾ ਪੁੱਛੇ ਦਰਸ਼ਨਾਂ ਨੂੰ ਕੀ ਇਹ ਪੀਰਾਂ ਵਾਲਾ ਬਾਬਾ ਹੈ। ਲਿਖਦੇ ਸ਼ੁਰੂ ਤੋਂ ਹੀ ਹਨ। ਮੈਨੂੰ ਵੀ ਕੰਵਾਰੀ ਹੁੰਦੀ ਨੂੰ ਚਿੱਠੀਆਂ ਲਿਖਦੇ ਤੇ ਵਿਆਹੀ ਨੂੰ ਵੀ ਲਿਖਦੇ ਰਹੇ। ਕੋਈਂ ਗੁੱਸਾ ਗਿਲਾ ਹੋ ਜਾਂਦਾ ਤਾਂ ਚਿੱਠੀ ਲਿੱਖਕੇ ਮੇਰੇ ਪਰਸ ਵਿੱਚ ਪਾ ਦਿੰਦੇ। ਫਿਰ ਇਹ ਕਹਾਣੀਆਂ ਕਹੂਣੀਆ ਲਿਖਣ ਲੱਗਪੇ। ਕਹਾਣੀ ਅਖਬਾਰ ਵਿੱਚ ਛੱਪਦੀ ਤਾਂ ਵਾਧੂ ਫੋਨ ਆਉਂਦੇ। ਮੈਨੂੰ ਸਮਝ ਨਾ ਆਉਂਦੀ ਕਿ ਐਡੀ ਕੀ ਇਹਨਾਂ ਨੇ ਮਹਾਂਭਾਰਤ ਲਿਖ ਦਿੱਤੀ। ਆਦਮੀ ਤਾਂ ਕੀ ਜਨਾਨੀਆਂ ਦੇ, ਕੁੜੀਆਂ ਦੇ ਫੋਨ ਆਉਂਦੇ। ਮੈਨੂੰ ਖਿੱਝ ਚੜ੍ਹਦੀ। ਲੋਕ ਖਹਿੜਾ ਹੀ ਨਾ ਛੱਡਦੇ। ਲਿਖਦੇ ਵੀ ਇੰਜ ਜਿਵੇਂ ਇਹ ਅਗਲੇ ਦੀ ਆਪਣੀ ਕਹਾਣੀ ਹੋਵੇ। “ਯਾਰ ਇਹ ਤਾਂ ਮੇਰੇ ਦਿਲ ਦੀ ਗੱਲ ਲਿਖ ਦਿੱਤੀ।” ਯ “ਵੀਰੇ ਇਹ ਤਾਂ ਮੇਰਾ ਦਰਦ ਲਿਖ ਦਿੱਤਾ ਤੁਸੀਂ।” ਲੋਕ ਫੋਨ ਤੇ ਸ਼ਿਕਵੇ ਕਰਦੇ। ਫਿਰ ਇਹਨਾਂ ਦੀਆਂ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ। ਇੱਕ ਇੱਕ ਕਰਦਿਆਂ ਨੇ ਪੰਜ ਛਪਵਾ ਦਿੱਤੀਆਂ। ਨੌਕਰੀ ਤੋਂ ਸੇਵਾਮੁਕਤ ਹੋਏ ਤਾਂ ਨੋਇਡਾ ਚਲੇ ਗਏ। ਓਥੇ ਵੀ ਆਪਣਾ ਦਾਇਰਾ ਬਣਾ ਲਿਆ। ਕਰੋਨਾ ਕਰਕੇ ਅਸੀਂ ਫਿਰ ਡੱਬਵਾਲੀ ਆ ਗਏ। ਸ਼ਹਿਰ ਦੀ ਯੁਵਾ ਸ਼ਕਤੀ ਨੂੰ ਆਪਣੇ ਨਾਲ ਜੋੜ ਲਿਆ। ਘਰ ਨੂੰ ਡੱਬਵਾਲੀ ਆਸ਼ਰਮ ਕਹਿਣ ਲੱਗ ਪਏ। ਰੋਜ ਮੁੰਡੇ ਆਉਂਦੇ ਐਂਕਲ ਐਂਕਲ ਕਹਿੰਦੇ। ਇਹ ਵੀ ਉਹਨਾਂ ਨਾਲ ਮੁੰਡੇ ਹੋਏ ਰਹਿੰਦੇ। ਚਾਹ ਕੌਫ਼ੀ ਸਨੈਕਸ ਚਲਦੇ ਰਹਿੰਦੇ। ਚਾਹੇ ਮੈਥੋਂ ਕੰਮ ਨਹੀਂ ਸੀ ਹੁੰਦਾ ਪਰ ਮੈਂ ਕਦੇ ਚਾਹ ਪਾਣੀ ਬਣਾਉਣ ਤੋਂ ਜਵਾਬ ਨਹੀਂ ਦਿੱਤਾ। ਫਿਰ ਇਹਨਾਂ ਨੇ ਕੌਫ਼ੀ ਪਿਆਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਵੱਡੇ ਵੱਡੇ ਲੀਡਰ, ਡਾਕਟਰ, ਸਮਾਜਸੇਵੀ ਤੇ ਸੈਲੀਬ੍ਰਿਟੀਜ ਨੂੰ ਕੌਫ਼ੀ ਦੇ ਬਹਾਨੇ ਘਰੇ ਬਲਾਉਂਦੇ ਤੇ ਫਿਰ ਦੋ ਦੋ ਘੰਟੇ ਮੁਲਾਕਾਤਾਂ ਚਲਦੀਆਂ ਰਹਿੰਦੀਆਂ। ਇਹਨਾਂ ਨੇ ਇਹੀ ਸਿਲਸਿਲਾ ਬਠਿੰਡੇ ਆਕੇ ਸ਼ੁਰੂ ਕਰ ਲਿਆ। #114_ਸ਼ੀਸ਼_ਮਹਿਲ ਕਲੋਨੀ ਵੀ ਬਠਿੰਡਾ ਆਸ਼ਰਮ ਚ ਤਬਦੀਲ ਹੋ ਗਈ। ਥੌੜੇ ਜਿਹੇ ਸਮੇਂ ਵਿੱਚ ਇਹਨਾ ਨੇ ਬਠਿੰਡਾ ਵਿੱਚ ਆਪਣੀ ਪਹਿਚਾਣ ਬਣਾ ਲਈ। ਇਸੇ ਸਮੇਂ ਦੌਰਾਨ ਇਹਨਾਂ ਨੇ ਫਬ ਦੀ ਅੰਨ੍ਹੀ ਵਰਤੋਂ ਸ਼ੁਰੂ ਕਰ ਦਿੱਤੀ। ਦੋਸਤਾਂ ਦਾ ਵਿਸ਼ਾਲ ਦਾਇਰਾ ਖੜ੍ਹਾ ਕਰ ਲਿਆ। ਵੰਨ ਸਵੰਨੇ ਖਾਣੇ ਸਬਜ਼ੀਆਂ ਅਚਾਰ ਖੀਰ ਪੂੜੇ ਚੱਟਣੀ ਦੀਆਂ ਫੋਟੋਆਂ ਪਾਉਂਦੇ। ਹੁਣ ਕਿਹੜਾ ਟਲਦੇ ਹਨ। ਸਵੇਰੇ ਸ਼ਾਮੀ ਫ਼ੋਨ ਹੀ ਫੋਨ ਆਉਂਦੇ ਹਨ। ਲੋਕ ਆਪਣੀਆਂ ਨਿੱਜੀ ਸਮੱਸਿਆਵਾਂ ਦੀ ਚਰਚਾ ਕਰਦੇ ਹਨ। ਚਲੋ ਵੇਹਲੇ ਹਨ ਵਧੀਆ ਟਾਈਮ ਪਾਸ ਕਰੀ ਜਾਂਦੇ ਹਨ। ਘਰੇ ਕੋਈਂ ਬਬੇਲਾ ਨਹੀਂ ਖੜ੍ਹਾ ਕਰਦੇ। ਰਿਸ਼ਤਿਆਂ ਪ੍ਰਤੀ ਸੰਜੀਦਾ ਹਨ। ਬੋਝਲ ਰਿਸ਼ਤਿਆਂ ਤੋਂ ਕਿਨਾਰਾ ਵੱਟਦੇ ਹਨ। ਜਿੱਥੇ ਸਕੂਨ ਮਿਲੇ ਦੂਰ ਦਿਆਂ ਨਾਲ ਵੀ ਨਿਭਾਉਂਦੇ ਵੀ ਹਨ। ਘਰੋਂ ਬਾਹਰ ਘੱਟ ਨਿਕਲਦੇ ਹਨ ਤਾਂਹੀਓਂ ਭਾਰ ਤੇ ਗੋਗੜ ਨਜ਼ਰ ਆਉਂਦੀ ਹੈ। ਪੜ੍ਹਨ ਦਾ ਸ਼ੋਂਕ ਵੀ ਸ਼ੁਰੂ ਤੋਂ ਹੀ ਹੈ ਤੇ ਲਿਖਣ ਦਾ ਤਾਂ ਹੈਗਾ ਹੀ। ਹੁਣ ਅਖਬਾਰਾਂ ਮੈਗਜ਼ੀਨਾਂ ਵਿੱਚ ਲਿਖਣ ਦਾ ਖਹਿੜਾ ਛੱਡਤਾ ਬੱਸ ਫਬ ਤੇ ਸਾਰਾ ਦਿਨ ਲੱਗੇ ਰਹਿੰਦੇ ਹਨ। ਸਮਾਜਿਕ ਕੰਮਾਂ ਸਿਆਸੀ ਮੁੱਦਿਆਂ ਬਾਰੇ ਗੰਭੀਰਤਾ ਨਾਲ ਸੋਚਦੇ ਹਨ।
ਮੈਨੂੰ ਨਹੀਂ ਪਤਾ ਕਿ ਇਹ ਰੇਖਾ ਚਿੱਤਰ ਹੈ ਯ ਨਹੀਂ। ਯ ਇਹਨਾਂ ਬਾਰੇ ਮੇਰਾ ਨਜ਼ਰੀਆ ਹੈ। ਜੇ ਇਹ ਰੇਖਾ ਚਿੱਤਰ ਦੇ ਨੇੜੇ ਤੇੜੇ ਵੀ ਹੋਇਆ ਤਾਂ ਅੱਗੇ ਹੋਰ ਵੀ ਲਿਖਾਂਗ਼ੀ……।
“ਉਠ ਵੀ ਖੜ੍ਹੋ ਹੁਣ ਅੱਠ ਵੱਜ ਗਏ। ਨਹਾ ਲੋ, ਨਾਸ਼ਤਾ ਕਰਲੋ ਫਿਰ ਆਪਾਂ ਬਜ਼ਾਰੋਂ ਸਬਜ਼ੀ ਵੀ ਲਿਆਉਣੀ ਹੈ।” ਉਸ ਦੀ ਧਮਾਕੇਦਾਰ ਇੰਟਰੀ ਤੇ ਕੜਕਵੀਂ ਆਵਾਜ਼ ਸੁਣਕੇ ਮੇਰੀ ਅੱਖ ਖੁੱਲ੍ਹ ਗਈ। ਹੱਥਲੇ ਕਾਗਜ਼ ਪਤਾ ਨਹੀਂ ਕਿੱਧਰ ਉੱਡ ਗਏ। ਉੱਠਕੇ ਮੈਂ ਵਾਸ਼ਰੂਮ ਚਲਾ ਜਾਂਦਾ ਹਾਂ ਤੇ ਉਹ ਰਸੋਈ ਵੱਲ। ਇਹਨੇ ਕੀ ਲਿਖਣਾ ਹੈ ਮੇਰਾ ਰੇਖਾ ਚਿੱਤਰ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *