#ਜਗਦੇਵ_ਪਟਵਾਰੀ
ਅੱਸੀ ਦੇ ਦਹਾਕੇ ਵਿੱਚ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਪ੍ਰਮੋਟ ਹੋਏ ਸਨ। ਸ਼ਾਇਦ ਚਾਰ ਕੁ ਸਾਲ ਹੀ ਹੋਏ ਸਨ। ਪਾਪਾ ਜੀ ਕੋਲ ਪਟਵਾਰੀਆਂ ਦਾ ਮਜਮਾਂ ਲੱਗਿਆ ਰਹਿੰਦਾ। ਕੁਝ ਪੜਤਾਲ ਕਰਾਉਣ ਲਈ ਆਉਂਦੇ ਤੇ ਨਿਸ਼ਾਨ ਦੇਹੀ ਦੇ ਸਿਲਸਿਲੇ ਵਿੱਚ ਆਉਂਦੇ। ਬਾਕੀ ਨੰਬਰ ਬਨਾਉਣ ਯ ਚਾਪਲੂਸੀ ਕਮ ਚੁਗਲੀਆਂ ਲਈ ਬੈਠੇ ਰਹਿੰਦੇ। ਘਰੇ ਹੀ ਦਫਤਰ ਸੀ। ਮੰਮੀ ਸਾਰਾ ਦਿਨ ਚਾਹ ਦੀ ਪਤੀਲੀ ਚੜ੍ਹਾਈ ਰੱਖਦੇ। ਉਹਨਾਂ ਦਿਨਾਂ ਵਿੱਚ ਪਟਵਾਰੀ ਪਿੰਡਾਂ ਵਿਚੋਂ ਪਸਲਾਣਾ ਇਕੱਠਾ ਕਰਿਆ ਕਰਦੇ ਸਨ। ਜੋ ਉਹ ਅੱਗੇ ਕਨੂੰਨਗੋ ਤਹਿਸੀਲਦਾਰ ਅਤੇ ਹੋਰ ਅਫਸਰਾਂ ਨੂੰ ਹਿੱਸੇ ਮੂਜਬ ਭੇਜਦੇ। ਤਕਰੀਬਨ ਹਰ ਪਟਵਾਰੀ ਇੱਕ ਗੱਟਾ ਕਨੂੰਨਗੋ ਵੀ ਦਿੰਦਾ ਸੀ। ਬਾਕੀ ਸਾਰੇ ਸਮੇ ਸਿਰ ਬਿਨਾਂ ਮੰਗੇ ਹੀ ਆਪਣੇ ਹਿੱਸੇ ਦਾ ਪਸਲਾਣਾ ਘਰੇ ਭੇਜ ਦਿੰਦੇ ਸਨ। ਪਰ ਜਗਦੇਵ ਪਟਵਾਰੀ ਤੋਂ ਕਈ ਕਾਈ ਵਾਰ ਮੰਗਣੇ ਪੈਂਦੇ। ਉਹ ਸ਼ਰਾਬ ਬਹੁਤ ਪੀਂਦਾ ਸੀ। ਦਫ਼ਤਰ ਦਾ ਕੋਈ ਕੰਮ ਵੀ ਨਹੀਂ ਸੀ ਕਰਦਾ। ਉਸ ਦੀਆਂ ਸ਼ਿਕਾਇਤਾਂ ਵੀ ਬਹੁਤ ਆਉਂਦੀਆਂ ਸ਼ਨ ਤੇ ਗਿਰਦਾਵਰੀ ਅਤੇ ਇੰਤਕਾਲਾਂ ਵਿੱਚ ਗਲਤੀਆਂ ਵੀ ਵਾਧੂ ਹੁੰਦੀਆਂ ਸਨ। ਪਾਪਾ ਜੀ ਉਸ ਨੂੰ ਬਹੁਤ ਮੰਦਾ ਚੰਗਾ ਬੋਲਦੇ ਉਪਰ ਸ਼ਿਕਾਇਤ ਕਰਨ ਦੀ ਵੀ ਧਮਕੀ ਦਿੰਦੇ। “ਕਾਹਨੂੰ ਗਰੀਬ ਦਾ ਨੁਕਸਾਨ ਕਰਨਾ ਹੈ?” ਸੋਚਕੇ ਚੁੱਪ ਕਰ ਜਾਂਦੇ। ਪਰ ਉਸ ਤੇ ਇਸਦਾ ਵੀ ਕੋਈ ਅਸਰ ਨਾ ਹੁੰਦਾ। ਉਹ ਮਹੀਨਾ ਮਹੀਨਾ ਆਪਣੇ ਹਲਕੇ ਵਿੱਚ ਵੀ ਨਹੀਂ ਸੀ ਜਾਂਦਾ। ਉਸਦੀ ਵਿਸ਼ੇਸ਼ਤਾ ਸੀ ਕਿ ਉਹ ਅੱਗੋਂ ਕੁਸਕਦਾ ਵੀ ਨਹੀਂ ਸੀ। ਖੈਰ ਉਸ ਸਾਲ ਪਾਪਾ ਜੀ ਕਿਸੇ ਗਲਤੀ ਕਾਰਣ ਮੁਅੱਤਲ ਹੋ ਗਏ। ਤਨਖਾਹ ਵੀ ਬੰਦ ਹੋ ਗਈ ਤੇ ਉਪਰਲੀ ਕਮਾਈ ਵੀ। ਕਿਸੇ ਪਟਵਾਰੀ ਨੇ ਘਰੇ ਆਕੇ ਹਾਲ ਵੀ ਨਹੀਂ ਪੁੱਛਿਆ ਕੋਈ ਇਮਦਾਦ ਤਾਂ ਕੀ ਕਰਨੀ ਸੀ। ਪਸਲਾਣਾ ਭੇਜਣਾ ਤਾਂ ਦੂਰ ਦੀ ਗੱਲ ਸੀ। ਪਰ ਇੱਕ ਦਿਨ ਸ਼ਾਮ ਨੂੰ ਜਗਦੇਵ ਸਿੰਘ ਜਿਸ ਨੇ ਦਾਰੂ ਪੀਤੀ ਹੋਈ ਸੀ। ਦੋ ਤਿੰਨ ਗੱਟੇ ਕਣਕ ਦੇ ਰਿਕਸ਼ੇ ਤੇ ਲੱਦਕੇ ਘਰੇ ਦੇਣ ਆ ਗਿਆ।
ਜੇ ਕਾਨੋਗੋ ਸਾਬ ਬਿਪਤਾ ਦੇ ਮੌਕੇ ਤੇ ਅਸੀਂ ਇੱਕ ਦੂਜੇ ਦੀ ਇਮਦਾਦ ਨਾ ਕਰਾਂਗੇ ਤਾਂ ਹੋਰ ਕੌਣ ਕਰੂ? ਉਸ ਦੀ ਗੱਲ ਸੁਣਕੇ ਪਾਪਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਾਪਾ ਜੀ ਨੂੰ ਸਾਰਾ ਦਿਨ ਦਫਤਰ ਵਿੱਚ ਬੈਠੇ ਰਹਿਣ ਵਾਲੇ ਚਾਪਲੂਸ ਪਟਵਾਰੀਆਂ ਨਾਲੋਂ ਜਗਦੇਵ ਪਟਵਾਰੀ ਲੱਖ ਦਰਜੇ ਚੰਗਾ ਲੱਗਿਆ।
ਆਪਣੇ ਪਰਾਏ ਦੀ ਪਹਿਚਾਣ ਬਿਪਤਾ ਸਮੇਂ ਹੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ