ਦਿਆਲ ਭਾਈ ਜੀ | dyal bhai ji

ਪਿੰਡ ਰਹਿੰਦੇ ਸਮੇਂ ਅਸੀ ਅਕਸਰ ਹੀ ਘਰੇ ਸ੍ਰੀ ਅਖੰਡ ਪਾਠ ਯ ਸਧਾਰਨ ਪਾਠ ਕਰਾਉਂਦੇ। ਪਹਿਲਾ ਸਧਾਰਨ ਪਾਠ ਅਸੀਂ ਮੁਕਤਸਰ ਵਾਲੇ ਅਖੌਤੀ ਗੁਰੂ ਬਾਬੇ ਬੇਦੀ ਕੋਲੋ ਕਰਵਾਇਆ। ਦਰਅਸਲ ਮੇਰੇ ਨਾਨਕਾ ਪਰਿਵਾਰ ਉਸਨੂੰ ਗੁਰੂ ਕਿਆਂ ਦੇ ਪਰਿਵਾਰ ਚੋ ਮੰਨਦਾ ਸੀ। ਉਸ ਤੋਂ ਪਾਠ ਕਰਾਉਣ ਦਾ ਤਜ਼ੁਰਬਾ ਬਹੁਤਾ ਚੰਗਾ ਨਹੀਂ ਰਿਹਾ। ਇਸ ਵਾਰ ਅਸੀਂ ਪਿੰਡ ਦੇ ਹੀ ਬਜ਼ੁਰਗ ਪਾਠੀ ਤੋਂ ਹੀ ਪਾਠ ਕਰਾਉਣ ਦਾ ਫੈਸਲਾ ਕੀਤਾ। ਅਸੀਂ ਸਾਰੇ ਉਸਨੂੰ ਬਾਬਾ ਜੀ ਆਖਦੇ ਸੀ । ਪਿੰਡ ਵਾਲੇ ਉਸਨੂੰ ਦਿਆਲ ਭਾਈ ਜੀ ਆਖਦੇ ਸਨ। ਪਤਲੇ ਜੁੱਸੇ ਦਾ ਬਾਬਾ ਦੁੱਧ ਧੁਲੀ ਚਿੱਟੀ ਬੀਬਾ ਦਾਹੜੀ ਵਿੱਚ ਬਹੁਤ ਸੋਹਣਾ ਲਗਦਾ। ਉਸਦਾ ਚਿਹਰਾ ਕਿਤਾਬਾਂ ਅਖਬਾਰਾਂ ਤੇ ਕਲੰਡਰਾਂ ਵਿੱਚ ਛਪੀ ਗੁਰੂ ਸਾਹਿਬਾਨ ਦੀ ਸੋਹਣੀ ਸੂਰਤ ਵਰਗਾ ਲਗਦਾ। ਉਹ ਪਾਠ ਵੀ ਪੂਰੀ ਸ਼ਰਧਾ ਨਾਲ ਪੜ੍ਹਦਾ। ਉਸ ਦੁਆਰਾ ਬੋਲੇ ਹਰ ਸਲੋਕ ਦੀ ਪੂਰੀ ਸਮਝ ਆਉਂਦੀ। ਉਹ ਆਮ ਪਾਠੀਆਂ ਵਾਂਗੂ ਗੁਣ ਗੁਣ ਨਹੀਂ ਸੀ ਕਰਦਾ। ਉਹ ਅੱਖਰ ਅੱਖਰ ਸੁੱਧ ਉਚਾਰਦਾ। ਮੇਰਾ ਉਸ ਕੋਲ ਬੈਠ ਕੇ ਗੁਰਬਾਣੀ ਸੁਣਨ ਨੂੰ ਚਿੱਤ ਕਰਦਾ। ਪਰ ਬਾਲ ਮਨ ਜਲਦੀ ਹੀ ਖੇਡਣ ਲਈ ਬਾਹਰ ਲੈ ਜਾਂਦਾ। ਸਵੇਰੇ ਸ਼ਾਮੀ ਮੈਂ ਆਪਣੇ ਹੱਥੀ ਪੂਰੇ ਚਾਅ ਨਾਲ ਬਾਬਾ ਜੀ ਨੂੰ ਭੋਜਨ ਛਕਾਉਂਦਾ ਤੇ ਜਾਣ ਲੱਗੇ ਨੂੰ ਗਰਮ ਦੁੱਧ ਵੀ ਆਪਣੇ ਹੱਥੀ ਦਿੰਦਾ। ਪਰ ਇੱਕ ਦਿਨ ਮੇਰੇ ਦਾਦਾ ਜੀ ਨੇ ਉਸ ਭਾਈ ਜੀ ਨੂੰ ਥੋੜਾ ਹੋਰੋ ਜਿਹੇ ਵੇਖਿਆ। ਮੇਰੇ ਪੁੱਛਣ ਤੇ ਮੇਰੇ ਦਾਦਾ ਜੀ ਨੇ ਦੱਸਿਆ ਕਿ ਸੰਤਾਲੀ ਦੇ ਰੋਲੇ ਵੇਲੇ ਇਸਨੇ ਭਾਈਜੀ ਨੇ ਆਪਣੀ ਜਵਾਨੀ ਵੇਲੇ ਤਲਵਾਰ ਨਾਲ ਇੱਕ ਮੁਸਲਮਾਨ ਨੂੰ ਕੋਹ ਕੋਹ ਕੇ ਵੱਢ ਦਿੱਤਾ ਸੀ। ਉਸਨੇ ਮੁਸਲਮਾਨ ਨੇ ਬਥੇਰੇ ਤਰਲੇ ਪਾਏ। ਪਰ ਫਿਰਕੂ ਅੱਗ ਵਿਚ ਆਏ ਇਸ ਨੇ ਇੱਕ ਨਾ ਸੁਣੀ। ਉਸਦੇ ਮਰਨ ਤੋਂ ਬਾਦ ਵੀ ਇਹ ਉਸਤੇ ਤਲਵਾਰ ਨਾਲ ਵਾਰ ਕਰਦਾ ਰਿਹਾ। ਮੇਰੇ ਦਾਦਾ ਜੀ ਦੀ ਇਹ ਗੱਲ ਸੁਣ ਕੇ ਮੈਨੂੰ ਵੀ ਭਾਈ ਜੀ ਨਾਲ ਨਫਰਤ ਜਿਹੀ ਹੋ ਗਈ। ਹੁਣ ਮੈਨੂੰ ਭਾਈ ਜੀ ਚੰਗਾ ਨਾ ਲਗਦਾ।ਫਿਰ ਮੈਂ ਸੋਚਿਆ ਕਿ ਇਹ ਹੁਣ ਪਵਿੱਤਰ ਗੁਰਬਾਣੀ ਪੜ੍ਹਕੇ ਜਰੂਰ ਆਪਣੇ ਕੀਤੇ ਦਾ ਪਸਚਾਤਾਪ ਕਰਦਾ ਹੋਵੇਗਾ। 1970 ਦੇ ਲਾਗੇ ਦੀ ਇਹ ਘਟਨਾ ਅੱਜ ਵੀ ਮੈਨੂੰ ਤਾਜ਼ੀ ਲੱਗਦੀ ਹੈ।ਤੇ ਬਾਬੇ ਦਿਆਲ ਦਾ ਚਿਹਰਾ ਮੇਰੀਆਂ ਅੱਖਾਂ ਮੂਹਰੇ ਆ ਜਾਂਦਾ ਹੈ। ਹੁਣ ਮੈਨੂੰ ਉਹ ਬਾਬਾ ਕੱਦੇ ਦੋਸ਼ੀ ਤੇ ਕੱਦੇ ਦੇਵਤਾ ਲਗਦਾ ਹੈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *