ਉਹਨਾਂ ਦਿਨਾਂ ਵਿੱਚ ਸੀਮਿੰਟ ਦੀ ਬਹੁਤ ਕਿੱਲਤ ਸੀ। ਐਸ ਡੀ ਐਮ ਦਫਤਰ ਵੱਲੋਂ ਸੀਮਿੰਟ ਦੇ ਪਰਮਿਟ ਦਿੱਤੇ ਜਾਂਦੇ ਸਨ। ਪੰਜ ਚਾਰ ਥੈਲੇ ਮਸਾਂ ਮਿਲਦੇ। ਸ਼ਾਇਦ ਸੱਤ ਕੁ ਰੁਪਏ ਦਾ ਥੈਲਾ ਮਿਲਦਾ ਸੀ। ਲੋਕ ਗਾਰੇ ਵਿੱਚ ਚਿਣਾਈ ਕਰਕੇ ਉਪਰ ਟੀਪ ਕਰਦੇ। ਇਸ ਨਾਲ ਸੀਮਿੰਟ ਦੀ ਬਹੁਤ ਬੱਚਤ ਹੁੰਦੀ। ਸਾਨੂੰ ਘਰੇ ਪੱਕੇ ਹਾਰੇ ਬਣਾਉਣ ਲਈ ਸੀਮਿੰਟ ਚਾਹੀਦਾ ਸੀ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਟਰ ਵਰਕਸ ਬਣ ਰਿਹਾ ਸੀ। ਉਥੇ ਸਾਡੇ ਪਿੰਡ ਦਾ ਹੀ ਬੰਦਾ ਚੌਕੀਦਾਰੀ ਕਰਦਾ ਸੀ। ਉਸ ਨਾਲ ਗੱਲ ਕੀਤੀ। ਉਸ ਨੇ ਰਾਤ ਨੂੰ ਇੱਕ ਥੈਲਾ ਘਰੇ ਪਹੁੰਚਾਉਣ ਦੀ ਹਾਮੀ ਭਰੀ। ਹਨੇਰਾ ਹੋਣ ਤੇ ਮੈ ਅਤੇ ਮੇਰਾ ਕਜ਼ਨ ਉਸਨੂੰ ਯਾਦ ਕਰਾਉਣ ਗਏ। ਉਸਨੇ ਸਾਈਕਲ ਦੇ ਵਿਚਾਲੇ ਗੱਟਾ ਰੱਖਿਆ ਤੇ ਸਾਡੇ ਨਾਲ ਤੁਰ ਪਿਆ। ਸਾਨੂੰ ਚਾਰ ਇੰਚੀ ਸੀਮਿੰਟ ਦੀ ਪਾਈਪ ਦਾ ਢਾਈ ਕੁ ਫੁੱਟ ਦਾ ਟੁਕੜਾ ਵੀ ਚਾਹੀਦਾ ਸੀ। ਚੌਕੀਦਾਰ ਨੇ ਉਹ ਵੀ ਓਥੋਂ ਚੁੱਕ ਲਿਆ। ਉਹ ਸਾਈਕਲ ਨੂੰ ਰੋੜਕੇ ਲਿਆ ਰਿਹਾ ਸੀ। ਨਾਲ ਹੀ ਉਸਨੇ ਬੈਟਰੀ (ਟਾਰਚ) ਵੀ ਪਕੜੀ ਹੋਈ ਸੀ। ਕਿਉਂਕਿ ਇਹ ਕੰਮ ਚੋਰੀ ਦਾ ਸੀ ਤੇ ਚੋਰੀ ਨਾਲ ਕੀਤਾ ਜਾ ਰਿਹਾ ਸੀ। ਮੈਨੂੰ ਚੌਕੀਦਾਰ ਦੇ ਹੱਥ ਚ ਫੜ੍ਹੀ ਬੈਟਰੀ ਵਾਲੀ ਗੱਲ ਸਮਝ ਨਾ ਆਈ।
“ਤਾਇਆ ਤੁਸੀਂ ਆਹ ਬੈਟਰੀ ਕਿਉਂ ਲਿਆਂਦੀ ਨਾਲ। ਕਿਸੇ ਨੂੰ ਆਪਣੀ ਇਸ ਗੱਲ ਦਾ ਪਤਾ ਲੱਗ ਸਕਦਾ ਹੈ।” ਮੈਂ ਸ਼ੰਕਾ ਜਾਹਿਰ ਕੀਤੀ।
“ਸ਼ੇਰਾ ਜਦੋਂ ਕੋਈਂ ਸਾਹਮਣੇ ਆਉਂਦਾ ਹੈ ਤਾਂ ਮੈਂ ਬੈਟਰੀ ਉਸਦੀਆਂ ਅੱਖਾਂ ਵਿੱਚ।ਮਾਰਦਾ ਹਾਂ। ਤੇ ਇਸ ਨਾਲ ਅਗਲੇ ਨੂੰ ਕੁਝ ਵੀ ਨਹੀਂ ਦਿੱਸਦਾ।” ਉਸਨੇ ਪੂਰੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ।
ਉਸ ਦੀ ਇਸ ਚਲਾਕੀ ਬਾਰੇ ਮੈਂ ਕਈ ਦਿਨ ਸੋਚਦਾ ਰਿਹਾ। ਕਿੰਨਾ ਚਲਾਕ ਤੇ ਸਮਝਦਾਰ ਸੀ ਉਹ ਅਨਪੜ੍ਹ ਚੌਕੀਦਾਰ।
#ਰਮੇਸ਼ਸੇਠੀਬਾਦਲ