ਰਿਸਤਿਆਂ ਦੀ ਇਸ ਦੁਨਿਆਂ ਵਿੱਚ ਹਰ ਰਿਸਤੇ ਦੀ ਆਪਣੀ ਮਹੱਤਤਾ ਹੈ। ਮਾਂ ਦਾ ਰਿਸਤਾ ਸਭ ਤੋ ਉੱਤਮ ਮੰਨਿਆ ਜਾਂਦਾ ਕਿਉਂਕਿ ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਆਪਣੀ ਕੁੱਖ ਵਿੱਚ ਪਾਲਦੀ ਹੈ ਤੇ ਆਪਣੇ ਖੂਨ ਨਾਲ ਉਸ ਨੂੰ ਸਿੰਜਦੀ ਹੈ। ਬੱਚਾ ਪਿਉ ਦੀ ਅੰਸ ਹੁੰਦਾ ਹੈ ਤੇ ਪਿਉ ਨਾਲ ਵੀ ਉਸਦਾ ਬੇਜੋੜ ਰਿਸਤਾ ਹੁੰਦਾ ਹੇ। ਇਸੇ ਤਰਾਂ ਭੈਣ ਭਰਾਵਾਂ ਨਾਲ ਉਸਦੀ ਖੂਨ ਦੀ ਸਾਂਝ ਹੁੰਦੀ ਹੈ। ਇਹ ਖੂਨ ਦੇ ਰਿਸਤਿਆਂ ਦੀ ਸ੍ਰੇਣੀ ਵਿੱਚ ਆਉਂਦੇ ਹਨ। ਪਤੀ ਪਤਨੀ ਦਾ ਰਿਸਤਾ ਰੂਹ ਦਾ ਰਿਸਤਾ ਹੁੰਦਾ ਹੈ ਤੇ ਦੌ ਅਣਜਾਣ ਰੂਹਾਂ ਨੂੰ ਸਮਾਜ ਧਰਮ ਤੇ ਪਰਿਵਾਰ ਦੀ ਸਹਿਮਤੀ ਨਾਲ ਇੱਕ ਪਵਿੱਤਰ ਗੱਠਜੋੜ ਵਿੱਚ ਬੰਨਿਆ ਜਾਂਦਾ ਹੈ। ਜੋ ਸਬੰਧ ਕਦੇ ਸਮਾਜ ਵਿੱਚ ਵਰਜਿੱਤ ਹੁੰਦੇ ਹਨ ਇਸ ਰਿਸਤੇ ਦੇ ਬਨਣ ਨਾਲ ਹੀ ਉਹ ਧਰਮ ਤੇ ਮਰਿਆਦਾ ਨਾਲ ਜੁੜਕੇ ਕਾਨੂੰਨੀ ਤੇ ਲਾਜਮੀ ਹੋ ਜਾਂਦੇ ਹਨ। ਇਹਨਾ ਰਿਸਤਿਆਂ ਦੇ ਇਸ ਮਹਾਂਮੇਲੇ ਚ ਸੱਸ ਤੇ ਜਵਾਈ ਦਾ ਰਿਸਤਾ ਵੀ ਆਉੱਦਾ ਹੈ। ਮੋਹ ਤੇ ਪਿਆਰ ਤੇ ਆਦਰ ਮਾਣ ਦੇ ਇਸ ਰਿਸਤੇ ਦਾ ਕਾਫੀ ਮਹੱਤਵ ਹੈ। ਇਸ ਰਿਸਤੇ ਦੀ ਸੁਰੂਆਤ ਬਹੁਤ ਵੱਡੀ ਕੁਰਬਾਨੀ ਨਾਲ ਹੁੰਦੀ ਹੈ। ਇਸ ਦੀ ਕੀਮਤ ਆਪਣੀ ਢਿੱਡ ਦੀ ਜੰਮੀ ਤੇ ਲਾਡਾਂ ਨਾਲ ਪਾਲੀ ਧੀ ਕਿਸੇ ਗੈਰ, ਬਾਹਰਲੇ ਨੂੰ ਦੇਕੇ ਉਸ ਨੂੰ ਆਪਣਾ ਜਵਾਈ ਬਣਾਇਆ ਾਂਂਦਾ ਹੈ।ਸਾਡੇ ਸਮਾਜ ਵਿੱਚ ਇਸ ਨੂੰ ਧੀ ਦੇ ਕੇ ਪੁੱਤ ਬਣਾਉਣਾ ਆਖਦੇ ਹਨ ਜੋ ਸੋਲਾਂ ਆਨੇ ਸੱਚ ਹੈ।
ਸੱਸ ਜਵਾਈ ਦਾ ਰਿਸਤਾ ਬਹੁਤ ਖੱਟ ਮਿੱਠਾ ਜਿਹਾ ਰਿਸਤਾ ਹੈ। ਇਸ ਵਿੱਚ ਉਤਾਰ ਚੜਾਵ ਬਹੁਤ ਆਉਂਦੇ ਹਨ। ਮਾਣ ਤੇ ਸਤਿਕਾਰ ਦੇ ਮਾਮਲੇ ਵਿੱਚ ਇੱਕ ਸੱਸ ਆਪਣੇ ਜਵਾਈ ਨੂੰ ਪੁੱਤਾਂ ਨਾਲੋ ਵੀ ਵੱਧ ਪਿਆਰ ਕਰਦੀ ਹੈ।ਤੇ ਪੁੱਤਾਂ ਨਾਲੋ ਵੱਧ ਪਹਿਲ ਦਿੰਦੀ ਹੈ। ਉਹ ਕਦੇ ਉਸਨੂੰ ਜਵਾਈ ਰਾਜਾ ਤੇ ਕਦੇ ਕੁੰਵਰ ਸਾਹਿਬ ਦਾ ਦਰਜਾ ਦਿੰਦੀ ਹੈ। ਆਪਣੀ ਧੀ ਦੀ ਖੁਸ ਖਾਤਿਰ ਉਹ ਜਵਾਈ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੀ ਹੈ।ਜਦੋ ਕਦੇ ਜਵਾਈ ਆਪਣੀ ਸੱਸ ਨੂੰ ਪੈਰੀ ਪੈਣਾ ਕਰਦਾ ਹੈ ਤਾਂ ਉਸ ਦੇ ਚੇਹਰੇ ਦਾ ਜਲੋ ਦੇਖਣ ਵਾਲਾ ਹੁੰਦਾ ਹੈ। ਆਪਣੀ ਹਮ ਸਫਰ ਦੀ ਜਨਮਦਾਤੀ ਦਾ ਇੰਨਾ ਕੁ ਮਾਣ ਕਰਨਾ ਤਾਂ ਬਣਦਾ ਵੀ ਹੈ। ਜਵਾਈ ਦੇ ਪੈਰੀ ਪੈਣ ਦਾ ਜਿਕਰ ਆਪਣੇ ਨਾਲ ਦੀਆਂ ਕੋਲ ਹੁੱਭ ਹੁੱਭ ਕੇ ਕਰਦੀ ਹੈ।ਜਿਹੜਾ ਜਵਾਈ ਸੱਸ ਦੇ ਪੈਰੀ ਪੈਣਾ ਨਹੀ ਕਰਦਾ ਉਸ ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀ। ਪਰ ਜਦੋ ਉਹ ਜਵਾਈ ਉਸਦੀ ਧੀ ਨੂੰ ਉਸਦਾ ਬਣਦਾ ਮਾਣ ਸਤਿਕਾਰ ਨਹੀ ਦਿੰਦਾ ਤਾਂ ਉਹ ਹੀ ਸੱਸ ਮਿੰਟਾਂ ਵਿੱਚ ਹੀ ਇਹ ਗੱਲਾਂ ਭੁੱਲ ਜਾਂਦੀ ਹੈ ਤੇ ਮਾਂ ਤੌ ਚੰਡੀ ਦਾ ਰੂਪ ਧਾਰਨ ਕਰ ਲੈਂਦੀ ਹੈ।ਫਿਰ ਜੇ ਕੋਈ ਉਸਦਾ ਦੁਸਮਣ ਹੁੰਦਾ ਹੈ ਤਾਂ ਉਹ ਜਵਾਈ ਹੀ ਹੁੰਦਾ ਹੈ। ਕਈ ਵਾਰੀ ਇਹੀ ਸੱਸ ਈਰਖਾ ਦਾ ਸਿaਕਾਰ ਹੋ ਜਾਂਦੀ ਹੈ ਜਦੋ ਉਸ ਧੀ ਹੀ ਉਸਦੀ ਕੋਈ ਗੱਲ ਨਹੀ ਸੁਣਦੀ ਤੇ ਬੱਸ ਆਪਣੇ ਪਤੀ ਦੇ ਕਹੇ ਅਨੁਸਾਰ ਚਲਦੀ ਹੈ ਤਾਂ ਉਸਨੂੰ ਆਪਣੀ ਹੀ ਧੀ ਦੇ ਬੇਗਾਨੇ ਹੋਣ ਦਾ ਝਾਉਲਾ ਜਿਹਾ ਪੈੱਦਾ ਹੈ।ਫਿਰ ਉਹ ਆਪਣੀ ਈਰਖਾ ਤੇ ਗੁੱਸੇ ਦਾ ਇਜਹਾਰ ਆਪਣੀ ਧੀ ਕੋਲੇ ਕਰਦੀ ਹੈ।ਅਖੇ ਮੈ ਤੈਨੁੰ ਪੜਾ੍ਹਇਆ ਲਿਖਾਇਆ ਵਿਆਹਿਆ ਤੇ ਤੂੰ ਹੁਣ ਇਸ ਦੀ ਬਣ ਗਈ। ਵਰਗੇ ਤੀਰਾਂ ਨਾਲ ਆਪਣੀ ਹੀ ਧੀ ਤੇ ਨਿਸਾਨੇ ਲਾਉਂਦੀ ਹੈ। ਸੱਸ ਦਾ ਜੇ ਪਿਆਰ ਅ੍ਰੰਮਿਤ ਤੋ ਵੱਧਕੇ ਹੈ ਤਾਂ ਉਸ ਦਾ ਗੁੱਸਾ ਵੀ ਕਿਸੇ ਜਹਿਰ ਨਾਲੋ ਘੱਟ ਨਹੀ ਹੁੰਦਾ।
ਜਿਵੇ ਕਿਸੇ ਨੇ ਲਿਖਿਆ ਹੈ ਕਿ ਪੇਕੇ ਹੁੰਦੇ ਮਾਂਵਾਂ ਨਾਲ। ਇਸ ਤਰਾਂ ਹੀ ਨਾਨਕੇ ਨਾਨਾ ਨਾਨੀ ਨਾਲ ਤੇ ਸਹੁਰੇ ਸੱਸ ਸਹੁਰੇ ਨਾਲ ਹੀ ਹੁੰਦੇ ਹਨ। ਇਹਨਾਂ ਦੇ ਜਾਣ ਤੌ ਬਾਅਦ ਤਾਂ ਇਹ ਰਿਸਤੇ ਨੀਰਸ ਹੋ ਜਾਂਦੇ ਹਨ ਅਤੇ ਸਰੀਕੇਦਾਰੀ ਵਿੱਚ ਬਦਲ ਜਾਂਦੇ ਹਨ। ਇਹਨਾ ਗੱਲਾਂ ਦਾ ਮੈ ਭੁਗਤਭੋਗੀ ਹਾਂ। ਮੇਰੇ ਲਈ ਵੀ ਜਿੰਦਗੀ ਦਾ ਇਹ ਤਜੁਰਬਾ ਕੁਝ ਕੌੜਾ ਹੀ ਰਿਹਾ ਹੈ । ਮੇਰੇ ਇਸ ਰਿਸਤੇ ਨੂੰ 2008 ਤੌ ਹੀ ਖੋਰਾ ਲੱਗਣਾ ਸੁਰੂ ਹੋ ਗਿਆ ਸੀ ਜਦੋ ਮੇਰੇ ਸਹੁਰਾ ਸਾਹਿਬ ਮੇਰੀ ਸੱਸ ਨੂੰ ਪੁੱਤਾਂ ਦੀ ਮੁਥਾਜ ਕਰਕੇ ਇਸ ਸੰਸਾਰ ਤੌ ਰੁਖਸਤ ਹੋ ਗਏ ਸਨ। ਤੇ ਮੇਰੀ ਸੱਸ ਪੁੱਤਾਂ ਨੂੰਹਾਂ ਤੇ ਧੀ ਜਵਾਈ ਦੇ ਦੋ ਪੁੜਾ ਦੇ ਵਿਚਾਲੇ ਫੱਸ ਗਈ ਸੀ । ਪੁੱਤਾਂ ਨੇ ਜੇ ਕੁੱਲੀ, ਗੁੱਲੀ ਤੇ ਜੁੱਲੀ ਦੇਣੀ ਸੀ ਤਾਂ ਧੀ ਨੇ ਰੂਹ ਨੂੰ ਸਕੂਨ ਦੇਣਾ ਸੀ ਤੇ ਦਰਦ ਨੂੰ ਵੰਡਾਉਣਾ ਸੀ। ਧੀ ਦੀ ਖੁਸੀ ਜਵਾਈ ਦੇ ਮਾਣ ਸਤਿਕਾਰ ਨਾਲ ਜੁੜੀ ਹੋਣ ਕਰਕੇ ਇਸ ਨੂੰ ਬਰਕਰਾਰ ਰੱਖਣਾ ਇੱਕ ਵਿਧਵਾ, ਮੁਥਾਜ ਤੇ ਬਜੁਰਗ ਅੋਰਤ ਦੇ ਵੱਸ ਵਿੱਚ ਨਹੀ ਸੀ। ਖੈਰ ਰਿਸਤਿਆਂ ਵਿੱਚ ਇਹ ਕਸਮਕਸ ਕਈ ਸਾਲ ਚਲਦੀ ਰਹੀ। ਤੇ ਚਾਹੇ ਇਹ ਡੋਰ ਟੁੱਟੀ ਨਾ ਪਰ ਇਸ ਵਿੱਚ ਪਈਆਂ ਗੰਢਾਂ ਨੇ ਇਸ ਪਵਿੱਤਰ ਰਿਸਤੇ ਦੇ ਅਕਸ ਨੂੰ ਬਹੁਤ ਢਾਅ ਲਾਈ। ਜਿੰਦਗੀ ਦੇ ਅੱਠ ਦਹਾਕੇ ਵੇਖ ਚੁੱਕੀ ਮੇਰੀ ਸੱਸ ਲਈ ਇਹ ਤਾਲਮੇਲ ਬਿਠਾਉਣਾ ਮੁਸਕਿਲ ਹੀ ਨਹੀ ਨਾਮੁਮਕਿੰਨ ਹੋ ਗਿਆ।ਬੇਬਸੀ ਦੇ ਹਾਲਾਤ ਤੇ ਦੋਹਤਿਆਂ ਦਾ ਵਿਛੋੜਾ ਉਸਦੇ ਬੁੱਢੇ ਹੱਡਾਂ ਵਿੱਚ ਬਹਿ ਗਿਆ ਤੇ ਆਪਣਿਆਂ ਦੀ ਸਕਲ ਨੂੰ ਤਰਸਦੀਆਂ ਅੱਖਾਂ ਇਸ ਦਰਦ ਦੇ ਮੋਤੀਆਂ ਬਿੰਦ ਦਾ ਸਿਕਾਰ ਹੋ ਗਈਆ। ਫੋਨਾਂ ਤੇ ਮੋਬਾਇਲਾਂ ਰਾਹੀ ਕੰਨਾਂ ਨੂੰ ਸੁਣਦੇ ਧੀ ਦੇ ਬੋਲ ਪੁਤਾਂ ਨੁੰਹਾਂ ਦੀ ਸਖਤਾਈ ਨਾਲ ਹੋਲੀ ਹੋਲੀ ਬੰਦ ਹੋ ਗਏ। ਮਾਂ ਦੀ ਬੇਬਸੀ ਤੇ ਦਿਲ ਦੀ ਕੂਕ ਤੇ ਨਾ ਪੁੱਤਾਂ ਦਾ ਦਿਲ ਪਸੀਜਿਆਂ ਤੇ ਨਾ ਧੀ ਦੇਕੇ ਬਣਾਏ ਪੁੱਤ ਦਾ। ਮਜਬੂਰੀ ਵੱਸ ਪੁੱਤਾਂ ਦੀਆਂ ਖੁਸ਼ੀਆਂ ਵਿੱਚ ਦਿਲ ਤੇ ਪੱਥਰ ਰੱਖਕੇ ਸਰੀਕ ਹੁੰਦੇ ਉਹ ਬੁੱਢੇ ਹੱਥ ਤਾੜੀ ਮਾਰਨ ਵੇਲੇ ਵੀ ਅੱਖਾਂ ਤੌ ਹੰਝੂ ਕੇਰਦੇ। ਫਰਬਰੀ ਦੇ ਆਖਰੀ ਦਿਨ ਦੀ ਮਨਹੂਸ ਸੁਭਾ ਦੇ ਵੇਲੇ ਧੀ ਦੇ ਵਿਛੋੜੇ ਦਾ ਦੁੱਖ ਝਲਦੀ ਬੁੱਢੀ ਮਾਂ ਦੋਹਤਿਆਂ ਨੂੰ ਬਿਨਾਂ ਮਿਲੇ ਹੀ ਆਲਵਿਦਾ ਆਖ ਗਈ।
ਉਸਦਾ ਇਸ ਸੰਸਾਰ ਤੌ ਜਾਣਾ ਰਿਸਤਿਆਂ ਦੀ ਇਸ ਅੰਤਿਮ ਕੜੀ ਦੇ ਟੁੱਟਣ ਵਾਂਗ ਹੈ। ਬੇਸਕ ਉਹ ਬੇਬਸ ਤੇ ਮਜਬੂਰ ਸੀ ਪਰ ਫਿਰ ਵੀ ਆਪਣੇ ਅਧਿਕਾਰ ਤੇ ਮੋਹ ਦੀ ਲੋਅ ਨਾਲ ਰਿਸਤਿਆਂ ਦੇ ਇਸ ਸੰਸਾਰ ਨੂੰ ਰੁਸਨਾਉਣ ਦੀ ਆਪਣੀ ਅਸਫਲ ਕੋਸਿਸ ਕਰਦੀ ਰਹੀ।ਹਾਊਮੇ ਮੈ ਹੰਕਾਰ ਤੇ ਗਰਜ ਦੇ ਬੰਨੇ ਰਿਸaਤੇ ਚਾਹੇ ਇੰਨੇ ਮਜਬੂਤ ਨਹੀ ਹੁੰਦੇ।ਪਰ ਇੱਕ ਚਿੜੀ ਦੀ ਆਪਣੀ ਚੁੰਜ ਚ ਪਾਣੀ ਭਰਕੇ ਜੰਗਲ ਦੀ ਅੱਗ ਨੂੰ ਬਝਾਉਣ ਦੀ ਕੋਸਿਸ ਦੀ ਦਾਦ ਤਾਂ ਦੇਣੀ ਚਾਹੀਦੀ ਹੈ। ਸੱਸ ਦੇ ਤੁਰ ਜਾਣ ਤੌ ਬਾਅਦ ਤਾਂ ਚਿੜੀ ਵਾਲੀ ਕਹਾਣੀ ਵੀ ਖਤਮ ਹੋ ਗਈ। ਆਮੀਨ।
ਰਮੇਸ਼ ਸੇਠੀ ਬਾਦਲ
ਮੋਬਾਇਲ 98 766 27 233