ਕੱਚੀ ਟੁੱਟੀ ਦਾ ਦਰਦ | kacchi tutti da dard

25 ਜੂਨ 1983 ਨੂੰ ਇੰਟਰੈਕਟ ਕਲੱਬ ਨੇ ਸ੍ਰੀ ਸੰਜੇ ਗਰੋਵਰ ਦੀ ਅਗਵਾਹੀ ਵਿੱਚ ਰਾਜਾਰਾਮ ਧਰਮਸ਼ਾਲਾ ਵਿਚ ਇੱਕ ਮੈਡੀਕਲ ਕੈਂਪ ਲਗਾਇਆ। ਜਿਸ ਵਿਚ ਬਠਿੰਡਾ ਦੇ ਉਸ ਸਮੇ ਦੇ ਮਸ਼ਹੂਰ ਡਾਕਟਰ ਸ੍ਰੀ ਸੋਹਣ ਲਾਲ ਗਰੋਵਰ ਨੂੰ ਬੁਲਾਇਆ ਗਿਆ। ਕੈਂਪ ਵਿੱਚ ਰਾਜਾਰਾਮ ਆਯੁਰਵੈਦਿਕ ਡਿਸਪੇਂਸਰੀ ਦੀ ਇੰਚਾਰਜ ਡਾਕਟਰ ਸੁਕਰੀਤਾ ਰੋਹਿੱਲਾ ਉਰਫ ਬੱਬਲੀ ਨੂੰ ਵੀ ਸਹਾਇਤਾ ਲਈ ਬੁਲਾਇਆ ਗਿਆ। ਭਾਵੇਂ ਅਸੀਂ ਉਸ ਕਲੱਬ ਦੇ ਮੈਂਬਰ ਨਹੀਂ ਸੀ ਪਰ ਅਖਿਲ ਭਾਰਤੀਆਂ ਤਰੁਣ ਸੰਗਮ ਦੇ ਅਹੁਦੇਦਾਰ ਹੋਣ ਕਰਕੇ ਓਥੇ ਪਹੁੰਚੇ ਹੋਏ ਸੀ। ਉਸ ਕੈਂਪ ਵਿਚ ਮਰੀਜਾਂ ਨੂੰ ਦੇਖਣ ਦੀ ਫੀਸ ਮਾਤਰ ਦੋ ਰੁਪਏ ਰੱਖੀ ਗਈ ਸੀ। ਜੋ ਕਲੱਬ ਦੇ ਖਰਚੇ ਪੂਰੇ ਕਰਨ ਲਈ ਹੀ ਸੀ। ਡਾਕਟਰ ਸੋਹਣ ਲਾਲ ਗਰੋਵਰ ਨੇ ਬੜੀ ਦਿਲਚਸਪੀ ਨਾਲ ਮਰੀਜਾਂ ਨੂੰ ਦੇਖਿਆ ਤੇ ਕਈਆਂ ਨੂੰ ਬਠਿੰਡੇ ਆਉਣ ਲਈ ਕਿਹਾ। ਪਰ ਹੁਣ ਸਾਡੀ ਦਿਲਚਸਪੀ ਕੈਂਪ ਵਿਚ ਘੱਟ ਤੇ ਉਸ ਲੇਡੀ ਡਾਕਟਰ ਬੱਬਲੀ ਤੇ ਉਸ ਦੀ ਸਟਾਫ ਨਰਸ ਵੱਲ ਵੱਧ ਸੀ।
ਕੈਂਪ ਦੀ ਸਮਾਪਤੀ ਤੇ ਮੈਂ ਤੇ ਮੇਰੇ ਦੋਸਤ ਨੇ ਉਸ ਲੇਡੀ ਡਾਕਟਰ ਨੂੰ ਘਰੇ ਚਾਹ ਦੇ ਕੱਪ ਦਾ ਨਿਉਂਤਾ ਦੇ ਦਿੱਤਾ। ਉਸ ਕੈਂਪ ਵਿੱਚ ਮੇਰੇ ਮਾਤਾ ਜੀ ਤੇ ਮਾਮੀ ਜੀ ਵੀ ਗਏ ਸਨ। ਇਸ ਕਰਕੇ ਉਸਨੇ ਸਾਡਾ ਸੱਦਾ ਸਵੀਕਾਰ ਕਰ ਲਿਆ।
ਅਗਲੇ ਦਿਨ ਸ਼ਾਮੀ ਉਹ ਆਪਣੀ ਸਹਾਇਕ ਨਾਲ ਸਾਡੇ ਘਰੇ ਆ ਗਈ। ਉਹ ਬਹੁਤ ਮਿਲਾਪੜੀ ਸੀ। ਉਸਨੇ ਆਪਣੀਆਂ ਗੱਲਾਂ ਨਾਲ ਮੇਰੀ ਮੰਮੀ ਤੇ ਭੈਣ ਦਾ ਮਨ ਮੋਹ ਲਿਆ। ਇਸ ਤਰਾਂ ਉਸਦਾ ਸਾਡੇ ਘਰੇ ਵਾਹਵਾ ਆਉਣ ਜਾਣ ਹੋ ਗਿਆ। ਉਹ ਅਕਸਰ ਹੀ ਰੋਟੀ ਚਾਹ ਤੇ ਸਾਡੇ ਘਰ ਆਉਂਦੀ ਰਹੀ। ਤੇ ਫਿਰ ਸਾਡੇ ਦਰਮਿਆਨ ਕੋਈ ਹੋਰ ਹੀ ਖਿਚੜੀ ਪੱਕਣ ਲੱਗੀ। ਇਸ ਤਰਾਂ ਇਹ ਸਿਲਸਿਲਾ ਕੋਈ ਦੋ ਢਾਈ ਸਾਲ ਚਲਦਾ ਰਿਹਾ। ਜਦੋ ਵੀ ਉਸਦੇ ਪਰਿਵਾਰ ਵਾਲੇ ਉਸਨੂੰ ਮਿਲਣ ਆਉਂਦੇ ਤਾਂ ਉਹ ਸਾਡੇ ਘਰ ਜਰੂਰ ਗੇੜਾ ਮਾਰਦੇ। ਫਿਰ ਉਹ ਅਚਾਨਕ ਡਿਸਪੈਨਸਰੀ ਛੱਡਕੇ ਚਲੀ ਗਈ ਤੇ ਉਸਨੇ ਕਿਸੇ ਆਰ ਲਾਂਡਰਾ ਨਾਮ ਦੇ ਡਾਕਟਰ ਨਾਲ ਵਿਆਹ ਕਰਵਾ ਲਿਆ।
ਸਾਲ ਕੁ ਬਾਦ ਇੰਟਰੈਕਟ ਕਲੱਬ ਤੇ ਤਰੁਣ ਸੰਗਮ ਦੀਆਂ ਗਤੀਵਿਧੀਆਂ ਵੀ ਠੱਪ ਹੋ ਗਈਆਂ।
ਕੱਲਬ ਦੇ ਮੈਂਬਰ ਆਪਣੇ ਆਪਣੇ ਰੋਜਗਾਰ ਵਿਚ ਉਲਝ ਗਏ ਤੇ ਕਈ ਵਿਚਾਰਿਆਂ ਦਾ ਤਾਂ ਵਿਆਹ ਹੋ ਗਿਆ। ਫਿਰ ਕਿਹੜੇ ਕਲੱਬ ਤੇ ਕਿਹੜੇ ਸੰਗਮ ਸਭ ਭੁੱਲ ਗਏ ਤੇ ਦਿਲਾਂ ਦੇ ਜਖਮ ਕਈ ਸਾਲ ਅੱਲੇ ਰਹੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *