ਚਿੜੀ ਤੇ ਉਸ ਦਾ ਆਲ੍ਹਣਾ | chiri te usda aalna

ਸਾਡੇ ਘਰ ਦੇ ਪਿਛਲੇ ਪਾਸੇ ਇੱਕ ਕਿੰਨੂਆਂ ਦਾ ਬੂਟਾ ਸੀ ਮਸਾਂ ਤਿੰਨ ਕੁ ਫੁੱਟ ਦਾ ਉਸ ਉੱਤੇ ਇੱਕ ਨਿੱਕੀ ਜਿਹੀ ਚਿੜੀ ਨੇ ਆਲਣਾ ਪਾਇਆ ਹੋਇਆ ਸੀ। ਆਲਣਾ ਬਿਲਕੁਲ ਕੌਲੀ ਵਰਗਾ ਛੋਟਾ ਜਿਹਾ ਤੇ ਵਿਚ ਨਿੱਕੇ ਨਿੱਕੇ ਆਂਡੇ ਕੰਚ ਦੀਆਂ ਗੋਲੀਆਂ ਜਿੱਡੇ ਮੈਂ ਜਦੋਂ ਵੀ ਸਬਜ਼ੀ ਲੈਣ ਲਈ ਮਗਰ ਸਬਜ਼ੀ ਵਿਚ ਜਾਂਦੀ ਤਾਂ ਉਸ ਦੇ ਅਸਮਾਨੀ ਰੰਗ ਦੇ ਆਂਡੇ ਜ਼ਰੂਰ ਵੇਖ ਕੇ ਆਉਂਦੀ। ਕਿੰਨੂੰ ਦੇ ਬੂਟੇ ਤੇ ਫ਼ਲ ਵੀ ਲੱਗਿਆ ਪਿਆ ਸੀ। ਇੱਕ ਦਿਨ ਮੇਰੇ ਸਹੁਰੇ ਨੇ ਉਸ ਵਿਚਾਰੀ ਚਿੜੀ ਦਾ ਆਲ੍ਹਣਾ ਬੂਟੇ ਨਾਲੋਂ ਤੋੜ ਕੇ ਪਰੇ੍ ਸੁੱਟ ਦਿੱਤਾ ਕਹਿੰਦਾ ਭਾਈ ਬੂਟਾ ਖਰਾਬ ਕਰਦੀ ਹੈ। ਫਿਰ ਜਿਸ ਬੂਟੇ ਤੇ ਚਿੜੀ ਨਹੀਂ ਸੀ ਰਹਿ ਸਕਦੀ ਉਸ ਨੂੰ ਪਰਮਾਤਮਾ ਨੇ ਸੁਕਾ ਦਿੱਤਾ। ਫਿਰ ਕੁਝ ਦਿਨਾਂ ਬਾਅਦ ਉਹੀ ਛੋਟੀ ਜਿਹੀ ਚਿੜੀ ਨੇ ਗਵਾਰੇ ਦੇ ਬੂਟੇ ਤੇ ਆਲ੍ਹਣਾ ਪਾ ਲਿਆ ਬਹੁਤ ਮੇਹਨਤ ਕੀਤੀ ਵਿਚਾਰੀ ਨੇ ਮੈਂ ਉਸ ਗਵਾਰੇ ਦੇ ਬੂਟੇ ਤੋਂ ਫਲੀਆਂ ਤੋੜਨੀਆਂ ਛੱਡ ਦਿੱਤੀਆਂ ਤਾਂ ਕਿ ਚਿੜੀ ਵਿਚਾਰੀ ਆਪਣੇ ਬੱਚੇ ਕੱਢ ਸਕੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਗਵਾਰੇ ਦੇ ਬੂਟੇ ਦਾ ਕੱਦ ਵੀ ਵਧੀਆ ਸੀ ਪੰਜ ਛੇ ਫੁੱਟ ਦਾ ਕੋਈ ਬਿੱਲੀ ਵਗੈਰਾ ਦਾ ਵੀ ਡਰ ਨਹੀਂ ਸੀ।ਪਰ ਫੁੱਟੀ ਕਿਸਮਤ ਇੱਕ ਦਿਨ ਤਿੰਨ – ਚਾਰ ਗਾਵਾਂ ਆ ਗਈਆਂ ਖੇਤ ਚ ਸਾਰੀ ਸਬਜ਼ੀ ਦਾ ਗਾਹ ਪਾ ਗਈਆਂ। ਮੈਂ ਸਵੇਰੇ ਉੱਠੀ ਤੇ ਕੰਮ ਕਰ ਕੇ ਵੈਸੇ ਹੀ ਘਰ ਮਗਰਲਾ ਗੇਟ ਖੋਲ੍ਹ ਕੇ ਫ਼ਸਲ ਵੱਲ ਝਾਤ ਮਾਰਨ ਲੱਗੀ ਤਾਂ ਪਹਿਲੀਆਂ ਚ ਹੀ ਮੇਰੀ ਨਿਗਾ ਸਬਜ਼ੀ ਚ ਵੱਜੀ ਲਤੜੀ ਪਈ ਸੀ ਸਾਰੀ ਚਿੜੀ ਦਾ ਆਲ੍ਹਣਾ ਵੀ ਥੱਲੇ ਡਿਗਿਆ ਪਿਆ ਸੀ ਵਿਚਲੇ ਆਂਡਿਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਚਿੜੀ ਵਿਚਾਰੀ ਰੌਲਾ ਪਾਉਂਦੀ ਆਵੇ ਤੇ ਦੇਖ ਕੇ ਪੁੱਠੀ ਮੁੜ ਜਾਵੇ ਦੋ ਦਿਨ ਵਿਚਾਰੀ ਖੰਭੇ ਦੇ ਬੈਠ ਕੇ ਰੌਲਾ ਪਾਉਂਦੀ ਰਹੀ ਮੇਰਾ ਬੜਾ ਦਿਲ ਦੁਖੀ ਹੋਇਆ ਕਰੇ ਵਿਚਾਰੀ ਨੂੰ ਵੇਖ ਕੇ ਝੱਲੀ ਨਾ ਜਾਵੇ। ਫਿਰ ਇੱਕ ਦਿਨ ਮੈਂ ਵੇਖਿਆ ਕਿ ਉਹੀ ਨਿੱਕੀ ਜਿਹੀ ਚਿੜੀ ਸਾਡੇ ਘਰ ਵਾਲੇ ਤੂਤ ਤੇ ਆਲ੍ਹਣਾ ਪਾਉਣ ਲੱਗ ਪਈ ਮੈਨੂੰ ਉਂਝ ਵੀ ਉਸ ਨੂੰ ਵੇਖਦੀ ਨੂੰ ਕਈ ਸਾਲ ਹੋ ਗਏ ਉਹ ਸਾਡੇ ਘਰ ਵਿੱਚ ਜਾਂ ਫਿਰ ਆਸ ਪਾਸ ਹੀ ਆਲ੍ਹਣਾ ਪਾਉਂਦੀ ਹੈ।ਉਸ ਨੇ ਤੂਤ ਤੇ ਆਲ੍ਹਣਾ ਪਾ ਲਿਆ ਫਿਰ ਦੋ ਆਂਡੇ ਰੱਖ ਲਏ ਇਹ ਸਿਲਸਿਲਾ ਮੈਂ ਮੇਰੀ ਭੈਣ ਨਾਲ ਵੀ ਸਾਂਝਾ ਕਰਦੀ।ਦਸ ਦਿਨ ਹੋ ਗਏ ਸੀ ਆਂਡੇ ਦਿੱਤਿਆਂ ਨੂੰ ਤੇ ਪੂਰੀ ਦੇਖਭਾਲ ਕਰ ਰਹੇ ਸੀ ਉਹ ਦੋਵੇਂ ਜੀਅ ਉਨ੍ਹਾਂ ਦੀ ਇੱਕ ਨਰ ਸੀ ਤੇ ਇੱਕ ਮਾਦਾ ਇੱਕ ਦਾ ਰੰਗ ਕਾਲਾ ਸੀ ਤੇ ਇੱਕ ਦਾ ਭੂਰਾ ਉਸ ਤਾਂ ਸਾਡੇ ਵਿੰਡੋ ਦੇ ਸ਼ੀਸ਼ੇ ਤੇ ਸਾਰਾ ਦਿਨ ਠੁੰਗਾਂ ਮਾਰਦੀਆਂ ਰਹਿੰਦੀਆਂ ਕਿ ਸ਼ੀਸ਼ੇ ਵਿਚਲੀ ਚਿੜੀ ਕਿਤੇ ਸਾਡੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਇੱਕ ਦਿਨ ਰੱਬ ਨੇ ਫਿਰ ਕਹਿਰ ਢਾਇਆ ਤੇ ਤਕਰੀਬਨ ਅੱਧਾ ਘੰਟਾ ਗੜੇ ਪੈਂਦੇ ਰਹੇ ਬਹੁਤ ਵੱਡੇ ਸੀ ਗੜੇ ਜਿਨ੍ਹਾਂ ਨਾਲ ਸਾਡੇ ਕਈ ਪਿੰਡਾਂ ਦੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਉਸ ਕਹਿਰ ਦਾ ਸ਼ਿਕਾਰ ਉਸ ਚਿੜੀ ਦਾ ਆਲ੍ਹਣਾ ਵੀ ਹੋਇਆ ਦੋਵੇਂ ਆਂਡੇ ਭੰਨ ਦਿੱਤੇ ਗੜਿਆਂ ਨੇ। ਫਿਰ ਉਸ ਦਿਨ ਤੋਂ ਬਾਅਦ ਮੈਂ ਉਸ ਚਿੜੀ ਨੂੰ ਐਤਕੀਂ ਵੇਖਿਆ ਸਾਡੀ ਸਾਟਰਾਂ ਵਾਲੀ ਛੱਤ ਵਾਲੀ ਰਸੋਈ ਵਿੱਚ ਇੱਕ ਡੋਲੂ ਦਾ ਕੁੰਡਾ ਟੰਗਿਆ ਪਿਆ ਸੀ ਛੱਤ ਚ ਉਸ ਰਸੋਈ ਦੀ ਹੁਣ ਕੋਈ ਖਾਸ ਵਰਤੋਂ ਨਹੀਂ ਰਹੀ ਕਿਉਂਕਿ ਖਾਣਾ ਤਾਂ ਹੁਣ ਗੈਸ ਤੇ ਬਣਦਾ ਹੈ ਅੰਦਰ ਕੋਠੀ ਵਾਲੀ ਰਸੋਈ ਚ ਉਹ ਵਿਹਲੀ ਪਈ ਕਰਕੇ ਉਸ ਚਿੜੀ ਦੇ ਜੋੜੇ ਨੇ ਉਸ ਡੋਲੂ ਦੇ ਕੁੰਡੇ ਤੇ ਆਪਣਾ ਆਲ੍ਹਣਾ ਪਾ ਲਿਆ ਬਹੁਤ ਸੋਹਣਾ ਮੇਰਾ ਸਾਰਾ ਝਾੜੂ ਉਸ ਨੇ ਆਲ੍ਹਣੇ ਤੇ ਲਾ ਦਿੱਤਾ ਮੈਂ ਵੇਖ ਤਾਂ ਲੈਂਦੀ ਪਰ ਕਦੇ ਰੋਕਦੀ ਨਹੀਂ ਸੀ ਨਾਂ ਹੀ ਕਦੇ ਝਾੜੂ ਚੁੱਕ ਮੈਂ ਅੰਦਰ ਰੱਖਿਆ ਸੀ। ਆਲ੍ਹਣਾ ਵੀ ਪੈ ਗਿਆ ਆਂਡੇ ਵੀ ਦੇ ਦਿੱਤੇ ਗਏ ਮੈਂ ਸੋਚਦੀ ਰਹਿੰਦੀ ਕਿ ਇਸ ਵਾਰ ਵਧੀਆ ਥਾਂ ਤੇ ਆਲ੍ਹਣਾ ਪਾਇਆ ਆ ਅੰਦਰ ਏ ਕੋਈ ਡਰ ਨਹੀਂ ਆਲ੍ਹਣਾ ਪਾਏ ਨੂੰ ਤਕਰੀਬਨ ਪੰਦਰਾਂ ਵੀਹ ਦਿਨ ਹੋ ਗਏ ਸਨ ਫ਼ਰਵਰੀ ਮਹੀਨੇ ਵਿੱਚ ਹਨੇਰੀਆਂ ਦਾ ਦੌਰ ਹੁੰਦਾ ਹੈ ਇੱਕ ਦਿਨ ਬਹੁਤ ਹੀ ਤੇਜ਼ ਹਨ੍ਹੇਰੀ ਆਈ ਮੈਂ ਕਮਰਿਆਂ ਦੇ ਬਾਰ ਬੰਦ ਕਰ ਕੇ ਅੰਦਰ ਬੈਠ ਗਈ ਤੇ ਪਰਮਾਤਮਾ ਅੱਗੇ ਅਰਦਾਸ ਕਰਨ ਲੱਗੀ ਕਿ ਇਸ ਵਾਰ ਤਾਂ ਵਿਚਾਰੀ ਚਿੜੀ ਨੂੰ ਹੱਥ ਦੇ ਕੇ ਰੱਖੀਂ ਪਰਮਾਤਮਾ। ਜਦੋਂ ਹਨ੍ਹੇਰੀ ਮਾੜੀ ਜਿਹੀ ਮੱਠੀ ਪਈ ਮੈਂ ਭੱਜ ਕੇ ਬਾਹਰ ਆਈ ਤੇ ਵੇਖਿਆ ਕਿ ਆਲਣਾ ਤਾਂ ਥੱਲੇ ਡਿੱਗਿਆ ਪਿਆ ਸੀ ਮੈਂ ਚੁੱਕ ਕੇ ਤਾਘਾ ਲੈ ਕੇ ਉਵੇਂ ਜਿਵੇਂ ਡੋਲੂ ਦੇ ਕੁੰਡੇ ਨਾਲ ਬੰਨ੍ਹ ਦਿੱਤਾ ਤੇ ਮੈਂ ਪਰਮਾਤਮਾ ਨੂੰ ਵੀ ਕੋਸ਼ ਰਹੀ ਸੀ ਕਿ ਇਸ ਵਿਚਾਰੀ ਨਿੱਕੀ ਜਿਹੀ ਨੇ ਤੇਰਾ ਕੀ ਮਾੜਾ ਕਰ ਦਿੱਤਾ ਤੂੰ ਇਸ ਵਿਚਾਰੀ ਦੇ ਮਗਰ ਹੀ ਪੈ ਗਿਆ ਏਂ ਮੈਂ ਆਲ੍ਹਣਾ ਤਾਂ ਬੰਨ੍ਹ ਦਿੱਤਾ ਪਰ ਚਿੜੀ ਇੱਕ ਵਾਰ ਆਈ ਤੇ ਰੌਲਾ ਪਾ ਕੇ ਵਾਪਿਸ ਮੁੜ ਗਈ ਫੇਰ ਮੁੜ ਕੇ ਨਹੀਂ ਕਦੀ ਨਹੀਂ ਆਈ ਮੈਂ ਤਕਰੀਬਨ ਦਸ ਦਿਨ ਉਡੀਕਦੀ ਰਹੀ ਫਿਰ ਇੱਕ ਦਿਨ ਮੈਂ ਮੇਜ਼ ਲਾ ਕੇ ਵੇਖਿਆ ਤਾਂ ਆਂਡੇ ਸੁੱਕੇ ਪਏ ਸਨ ਤੇ ਮੈਂ ਉਸ ਦਿਨ ਫੇਰ ਰੱਬ ਨੂੰ ਕੋਸਿਆ ਕਿ ਵਿਚਾਰੀ ਨੇ ਪਤਾ ਨਹੀਂ ਕੀ ਰੱਬ ਦਾ ਮਾੜਾ ਕੀਤਾ ਏ। ਧੰਨਵਾਦ ਜੀ।
Kulwinder kaur

Leave a Reply

Your email address will not be published. Required fields are marked *