ਵੈਸੇ ਤਾਂ ਇਹ ਸਾਡੇ ਪਿੰਡਾਂ ਵਾਲੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਹਰ ਇਕ ਦੀ ਇੱਕੋ ਕਹਾਣੀ ਹੋਵੇਗੀ।ਹਰ ਇਕ ਦੀ ਕੋਈ ਨਾ ਕੋਈ ਵਿਖਿਆ ਜ਼ਰੂਰ ਹੋਵੇਗੀ। ਗੱਲ ਪੈਸਿਆਂ ਦੀ ਆ ਜਦੋਂ ਸਾਡਾ ਬਚਪਨ ਬੀਤਿਆ ਹੈ ਉਸ ਸਮੇਂ ਸਾਡਾ ਮਾਵਾਂ ਨਾਲ ਬਹੁਤ ਕੁੱਤ ਕਲੇਸ਼ ਰਹਿੰਦਾ ਸੀ। ਸਾਨੂੰ ਤਾਂ ਉਸ ਸਮੇਂ ਇੰਜ ਲੱਗਦਾ ਹੁੰਦਾ ਸੀ ਕਿ ਮਾਵਾਂ ਵੀ ਘਰ ਵਿੱਚ ਵੱਡੀਆਂ ਨੇ ਮਾਵਾਂ ਕੋਲ ਵੀ ਪੈਸੇ ਹੁੰਦੇ ਹੋਣਗੇ।ਪਰ ਸਾਨੂੰ ਆਪ ਮਾਵਾਂ ਬਣਨ ਤੇ ਪਤਾ ਲੱਗਾ ਕਿ ਮਾਵਾਂ ਤਾਂ ਸਿਰਫ਼ ਕੰਮ ਕਰਨ ਲਈ ਲਿਆਂਦੀਆਂ ਜਾਂਦੀਆਂ ਨੇ। ਮੈਂ ਮੇਰੀ ਮਾਂ ਕੋਲੋਂ ਕਾਪੀ ਪੈਨ ਲੈਣ ਲਈ ਪੈਸੇ ਮੰਗਦੀ ਤਾਂ ਉਸ ਨੇ ਕਹਿਣਾ ਕਿ ਉਸ ਕੋਲ ਨਹੀਂ ਹਨ ਆਪਣੇ ਪਿਓ ਕੋਲੋਂ ਮੰਗੋ ਅੱਗੋਂ ਫਿਰ ਪਿਓ ਤਾਂ ਬੱਬਰ ਸ਼ੇਰ ਹੁੰਦੇ ਸੀ ਉਸ ਬਿੱਲੀ ਦੇ ਗਲ ਟੱਲੀ ਕੌਣ ਬੰਨੇਂ। ਪੰਜ ਚਾਰ ਦਿਨ ਸਕੂਲ ਚੋਂ ਕੁੱਟ ਖਾਣ ਤੋਂ ਬਾਅਦ ਫਿਰ ਇੱਕ ਦਿਨ ਘਰੇ ਕੁੱਟ ਖਾ ਕੇ ਫੇਰ ਕਾਪੀ ਲਈ ਪੰਜ ਰੁਪਏ ਮਿਲਦੇ ਸਨ। ਇੱਕ ਵਾਰ ਦੀ ਗੱਲ ਸਾਡੇ ਸਕੂਲ ਵਿੱਚ ਇੱਕ ਮੈਂਹਦੀ ਦੇ ਡਿਜ਼ਾਇਨ ਵੇਚਣ ਵਾਲੇ ਭਾਈ ਆ ਗਿਆ। ਉਸ ਕੋਲ ਕਾਗਜ਼ ਦੇ ਕੁਝ ਡਿਜ਼ਾਈਨ ਜਿਹੇ ਬਣਾਏ ਹੋਏ ਸਨ ਉਸ ਭਾਈ ਨੇ ਸਾਨੂੰ ਉਸ ਉੱਪਰ ਮੈਂਹਦੀ ਲਾ ਕੇ ਵੀ ਵਖਾਈ ਤੇ ਉਹ ਸਾਡੇ ਸਕੂਲ ਵਿੱਚ ਅੱਧੀ ਛੁੱਟੀ ਤੱਕ ਰੁਕਿਆ। ਅੱਧੀ ਛੁੱਟੀ ਵੇਲੇ ਕੁਝ ਕੁੜੀਆਂ ਤਾਂ ਘਰੋਂ ਪੈਸੇ ਲੈ ਆਈਆਂ ਜਿੰਨਾ ਨੂੰ ਮਿਲਦੇ ਹੋਣਗੇ ਤੇ ਕਈਆਂ ਨੇ ਸਾਡੇ ਮੈਡਮ ਕੋਲੋਂ ਉਧਾਰ ਫ਼ੜ ਲਏ।ਕਿ ਜਦੋਂ ਹੋਏ ਵਾਪਿਸ ਕਰ ਦੇਵਾਂਗੇ ਮੈਂ ਚੁੱਪ ਚਾਪ ਆਪਣੇ ਬਸਤੇ ਕੋਲ ਬੈਠੀ ਵੇਖਦੀ ਰਹੀ। ਮੈਨੂੰ ਪੂਰਾ ਇਤਬਾਰ ਸੀ ਘਰ ਦਿਆਂ ਤੇ ਕੇ ਮੈਨੂੰ ਨਾਂ ਤਾਂ ਅੱਜ ਪੈਸੇ ਮਿਲਣੇ ਨੇ ਤੇ ਨਾਂ ਹੀ ਕਦੇ ਟੀਚਰ ਨੂੰ ਵਾਪਿਸ ਕਰਨ ਲਈ। ਮੈਨੂੰ ਇੰਝ ਚੁਪ ਚਾਪ ਬੈਠੀ ਨੂੰ ਵੇਖ ਕੇ ਇੱਕ ਟੀਚਰ ਮੇਰੇ ਕੋਲ ਆਏ ਤੇ ਉਹ ਮੇਰੇ ਕਲਾਸ ਟੀਚਰ ਵੀ ਨਹੀਂ ਸਨ ਫਿਰ ਵੀ ਉਹ ਮੇਰੇ ਕੋਲ ਆਏ ਮੈਨੂੰ ਕਹਿਣ ਲੱਗੇ ਕਿ ਕੁੜ੍ਹੇ ਤੂੰ ਨੀਂ ਲੈਂਦੀ ਸਭ ਨੇ ਲੈ ਲਏ। ਉਹਨਾਂ ਦਾ ਨਾਮ ਪ੍ਰਕਾਸ਼ ਕੌਰ ਸੀ ਤੇ ਉਨ੍ਹਾਂ ਦਾ ਅਮਿ੍ਤ ਵੀ ਸਕਿਆ ਹੋਇਆ ਸੀ। ਬਹੁਤ ਭਲੇ ਸੁਭਾਅ ਦੇ ਮਾਲਕ ਸਨ ਉਹ। ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਉਸ ਡਿਜ਼ਾਈਨ ਦਵਾ ਦਿੱਤੇ ਤੇ ਕਹਿਣ ਲੱਗੇ ਕਿ ਜੇਕਰ ਘਰਦਿਆਂ ਨੇ ਪੈਸੇ ਨਾ ਦਿੱਤੇ ਤਾਂ ਨਾਂ ਦੇਵੀਂ। ਮੈਂ ਚਾਈਂ ਚਾਈਂ ਘਰ ਆਈ ਤੇ ਆਉਣ ਸਾਰ ਆਪਣੀ ਮਾਂ ਕੋਲ ਗਈ ਤੇ ਜਦੋਂ ਮੈਂ ਮਾਂ ਨੂੰ ਉਹ ਡਿਜ਼ਾਈਨ ਦਖਾਏ ਤਾਂ ਮਾਂ ਨੇ ਮੈਨੂੰ ਬਿਨਾ ਕੁਝ ਪੁੱਛੇ ਦੱਸੇ ਪਹਿਲਾਂ ਤਾਂ ਕੁਟਿਆ ਤੇ ਫਿਰ ਉਹਨਾਂ ਡਿਜ਼ਾਈਨਾ ਨੂੰ ਰਸੋਈ ਦੀ ਛੱਤ ਉੱਤੇ ਸੁੱਟ ਦਿੱਤਾ ਜਿਸ ਨੂੰ ਕੋਈ ਪੌੜੀ ਵੀ ਨਹੀਂ ਲੱਗੀ ਹੋਈ ਸੀ। ਮੈਂ ਅਗਲੇ ਦਿਨ ਸਕੂਲ ਗਈ ਤੇ ਸਾਰੀ ਘਟਨਾ ਟੀਚਰ ਨੂੰ ਸੁਣਾ ਦਿੱਤੀ ਤਾਂ ਉਨ੍ਹਾਂ ਨੇ ਮੇਰੇ ਸਿਰ ਤੇ ਹੱਥ ਫੇਰਦਿਆਂ ਜਾ ਕੇ ਕਲਾਸ ਵਿੱਚ ਬੈਠਣ ਲਈ ਕਿਹਾ। ਕੁਝ ਦਿਨਾਂ ਬਾਅਦ ਮਾਂ ਨੇ ਆਪ ਹੀ ਗੱਲ ਛੇੜ ਲਈ ਤਾਂ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਕਿ ਤੁਹਾਡਾ ਤਾਂ ਕੋਈ ਪੈਸਾ ਨਹੀ ਸੀ ਲੱਗਣਾ ਉਨ੍ਹਾਂ ਤੇ ਫਿਰ ਮਾਂ ਬਹੁਤ ਪਛਤਾਈ ਕਿ ਬਿਨਾਂ ਗੱਲੋਂ ਕੁੜੀ ਕੁੱਟ ਸੁੱਟੀ।ਪਰ ਮੈਂ ਇਸ ਗੱਲ ਦੇ ਬਿਲਕੁਲ ਉਲਟ ਹਾਂ। ਹਾਂ ਜੇਕਰ ਮੇਰੇ ਕੋਲ ਪੈਸੇ ਨਹੀਂ ਹੁੰਦੇ ਬੱਚੇ ਨੂੰ ਦੇਣ ਲਈ ਤਾਂ ਮਾਂ ਵੀ ਯਾਦ ਆਉਂਦੀ ਏ ਤੇ ਤਕਲੀਫ ਵੀ ਹੁੰਦੀ ਏ ਪਰ ਮੈਂ ਆਪਣੇ ਬੱਚੇ ਨੂੰ ਕਦੇ ਕੁਟਿਆ ਨਹੀਂ ਸਤਾਰਾਂ ਸਾਲ ਦਾ ਹੋ ਗਿਆ ਏ ਪਰ ਮੈਂ ਅੱਜ ਤੱਕ ਕਦੀ ਨਹੀਂ ਮਾਰਿਆ ਏ ਉਸ ਦੇ ਫੇਰ ਵੀ ਇੰਨਾ ਸਿਆਣਾ ਏ ਮੇਰੇ ਸਾਹਾਂ ਵਿੱਚ ਸਾਹ ਲੈਂਦਾ ਏ ਮੈਂ ਇਹ ਸੋਚਦੀ ਹਾਂ ਕਿ ਹੁਣ ਇਸ ਨੂੰ ਕੁੱਟੇ ਬਿਨਾਂ ਕਿਹੜਾ ਸੂੰਹ ਨਹੀਂ ਆਈ ਸਗੋਂ ਮੈਂ ਇਹ ਗੱਲ ਮੇਰੀ ਮਾਂ ਨੂੰ ਕਾਫੀ ਵਾਰ ਸੁਣਾਈ ਏ ਕਿ ਤੁਸੀਂ ਸਾਨੂੰ ਬਿਨਾਂ ਗੱਲੋਂ ਕੁੱਟ ਸੁੱਟਦੇ ਸੀ ਮੇਰੇ ਬੱਚੇ ਨੂੰ ਕਿਵੇਂ ਸਾਰੀ ਸਿਆਣਪ ਆ ਗਈ ਏ ਇਹ ਪਰਮਾਤਮਾ ਵੱਲੋਂ ਵਖਸੇ ਗਏ ਬਹੁਤ ਕੀਮਤੀ ਤੋਹਫ਼ੇ ਨੇ ਜੋ ਗੱਲ ਪਿਆਰ ਨਾਲ ਸਮਝਾ ਕੇ ਹੋ ਜਾਵੇ ਤੇ ਜੋ ਬੱਚੇ ਦੀ ਮਜ਼ਬੂਰੀ ਹੋਵੇ ਉਸ ਦਾ ਕੁੱਟ ਕੇ ਕਿਵੇਂ ਹੱਲ ਨਿੱਕਲੂ ਸੋ ਇੰਜ ਬੀਤਿਆ ਏ ਜੀ ਸਾਡਾ ਤਾਂ ਬਚਪਨ ਮੈਂ ਤਾਂ ਹਰ ਇਕ ਮਾਂ ਬਾਪ ਨੂੰ ਇਹੀ ਬੇਨਤੀ ਕਰਦੀ ਹਾਂ ਜਿਨ੍ਹਾਂ ਚਿਰ ਬੱਚੇ ਆਪਣੇ ਵੱਸ ਨੇ ਵਿਚਾਰਿਆਂ ਦੀ ਉਨ੍ਹਾਂ ਚਿਰ ਹੀ ਸਰਦਾਰੀ ਏ ਬਿਗਾਨੇ ਵੱਸ ਪੈ ਕੇ ਤਾਂ ਉਨ੍ਹਾਂ ਨੂੰ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ ਆਪਣੇ ਬੱਚਿਆਂ ਨੂੰ ਪਿਆਰ ਦਿਓ ਤੇ ਬਦਲੇ ਵਿਚ ਉਨ੍ਹਾਂ ਕੋਲੋਂ ਵੀ ਪਿਆਰ ਦੀ ਉਮੀਦ ਕਰੋ। ਧੰਨਵਾਦ ਜੀ।