ਸੱਯਾਹਤੋ ਬਾਬਾ ਨਾਨਕ – ਭਾਗ-1 | baba nanak part 1

(ਉਲੇਖਕਾਰ ਸ.ਪ੍ਰਿਥੀਪਾਲ ਸਿੰਘ )

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

“ਹਰ ਜਗਿਆਸੂ ਨੂੰ ਪੈਗੰਬਰ ਜਾਂ ਅਵਤਾਰਾਂ ਦੇ ਮੁੱਖ ਮੰਤਵ ਅਰਥਾਤ, ਸੰਸਾਰ ਦੇ ਵਿੱਚ ਆਉਣ ਦੇ ਮੂਲ ਕਾਰਨ ਤੋਂ ਜਦੋਂ ਜਾਣੂ ਹੋਣ ਦੀ ਲੋੜ ਪੈਂਦੀ ਹੈ, ਤਾਂ ਅਵੱਸ਼ ਹੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦੇ ਸਰਿਸ਼ਟੀ ਵਿੱਚ ਪ੍ਰਵਿਰਤ ਸਮਾਚਾਰਾਂ ਤੋਂ ਜਾਣੂ ਹੋਣਾ ਅਤਿ ਜ਼ਰੂਰੀ ਹੈ, ਵਰਨਾ ਪੈਗੰਬਰ ਜਾਂ ਅਵਤਾਰ ਦੀ ਜੀਵਨ-ਸਾਖੀ ਜਗਿਆਸੂ ਨੂੰ ਸੰਤੁਸ਼ਟ ਨਹੀਂ ਕਰ ਸਕੇਗੀ ਅਤੇ ਨਾ ਹੀ ਅਵਤਾਰੀ ਮੁੱਖ-ਉਦੇਸ਼ ਦੀ ਸਮਝ ਆ ਸਕੇਗੀ ।

ਮਸਲਨ ਸ੍ਰੀ ਰਾਮ ਚੰਦਰ ਜੀ ਦੀ ਜੀਵਨੀ-‘ਰਾਮਾਇਣ’ ਪ੍ਰਸਿੱਧ ਹੈ, ਕਿੰਤੂ ਰਾਮਾਇਣ ਸ੍ਰੀ ਰਾਮ ਜੀ ਦੇ ਮੁੱਖ-ਉਦੇਸ਼ ਨੂੰ ਨਹੀਂ ਦੱਸ ਸਕੇਗੀ, ਅਵੱਸ਼ ਦਸ਼ਰਥ-ਨੰਦਨ ਦੇ ਆਉਣ ਤੋਂ ਪਹਿਲਾਂ ਦੇ ਸਮਾਚਾਰ, ਜੋ ਭਾਰਤ ਵਿੱਚ ਪ੍ਰਵਰਤਿਤ ਸਨ, ਅਰਥਾਤ ‘ਰਾਵਨ’-ਦੈਂਤ ਵਰਗੇ ਹੰਕਾਰੀਆਂ ਦੀਆਂ ਮਲੀਨ ਹਰਕਤਾਂ ਤੋਂ ਜਾਣੂ ਹੋਣ ਨਾਲ ਸਾਧਾਰਨ ਜੀਵ ਭੀ ਰਾਮ ਜੀ ਦੇ ਮੁੱਖ-ਮੰਤਵ ਤੋਂ ਜਾਣੂ ਹੋ ਸਕਨਗੇ, ਤੇ ‘ਰਾਮ’ ਰੂਪੀ ਸ਼ਕਤੀ ਪ੍ਰਵੇਸ਼ ਕਰੇਗੀ।

ਇਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਉਦੇਸ਼ ਤੋਂ ਜਾਣੂ ਹੋਣ ਲਈ ਕੇਵਲ ‘ਗੀਤਾ’ ਹੀ ਕਾਫ਼ੀ ਨਹੀਂ ਹੋਵੇਗੀ, ਬਲਕਿ ਭਗਵਾਨ ਦੇ ਆਉਣ ਤੋਂ ਪਹਿਲਾਂ ਦੇ ਭਾਰਤ ਵਿੱਚ ਹੋ ਰਹੇ ਜ਼ੁਲਮ, ਅਰਥਾਤ ‘ਜਰਾ ਸਿੰਧ’, ਅਤੇ ‘ਕੰਸ’ ਦੀਆਂ ਜ਼ਾਲਮ ਹਰਕਤਾਂ ਨੂੰ ਵੇਖ ਕੇ ਹੀ ਸਗੋਂ ਕ੍ਰਿਸ਼ਨ ਜੀ ਦੀ ‘ਭਗਵਾਨ’ ਰੂਪੀ ਸ਼ਕਤੀ- ਪ੍ਰਵੇਸ਼ ਦੀ ਹਕੀਕਤ ਹੀ ਨਹੀ ਸੰਤੁਸ਼ਟ ਕਰੇਗੀ ।

ਹਜ਼ਰਤ ਮੁਹੰਮਦ ਸਾਹਿਬ ਦੇ ਮੁੱਖ ਉਦੇਸ਼ ਨੂੰ ਜਾਨਣ ਲਈ ਭੀ ਉਨ੍ਹਾਂ ਦੀਆਂ ਸਵਾਨਿ-ਉਮਰੀਆਂ, ਤਥਾ ਜਨਮ-ਸਾਖੀਆਂ, ਕਾਫ਼ੀ ਨਹੀਂ ਹੋਣਗੀਆਂ,ਬਲਕਿ ਉਹਨਾਂ ਦੇ ਜਨਮ ਤੋਂ ਪਹਿਲਾ ਦੇ ਵਰਤ ਰਹੇ ਅਰਬ-ਸਮਾਚਾਰਾਂ ਨੂੰ ਸਮਝਣਾ ਜ਼ਰੂਰੀ ਹੋਵੇਗਾ। ਬਲਕਿ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਦੇ ਵਰਤ ਰਹੇ ਅਰਬ-ਸਮਾਚਾਰਾਂ ਨੂੰ ਸਮਝਣਾ ਜ਼ਰੂਰੀ ਹੋਵੇਗਾ।

ਭਾਵੇਂ ਕਿ ਸਾਧਾਰਨ ਜੀਵਾਂ ਵਿੱਚ ਹਰ ਮਹਾ-ਪੁਰਸ਼ ਦੀ ਇਜ਼ਤ ਸਹਿਜੇ ਹੀ ਉਸ ਵਕਤ ਪ੍ਰਵੇਸ਼ ਕਰੇਗੀ, ਜਦ ਉਹ ਆਗਮਨ-ਭਵਿੱਖਤ ਤੋਂ ਜਾਣੂ ਹੋਵੇਗਾ ਇਸੇ ਪੜਚੋਲ ਦੇ ਅਧੀਨ ਸਾਰੀ ਸ੍ਰਿਸਟੀ ਦੇ ਸਮਾਚਾਰ ਤਾਂ, ਗ੍ਰੰਥ ਦੇ ਵੱਧ ਜਾਣ ਤੋਂ ਸੰਕੋਚਤਾ ਕਰਦਿਆਂ, ਨਹੀਂ ਲਿਖੇ ਜਾਣਗੇ ਕੇਵਲ ਦੱਸ-ਬਾਰਾਂ ਸਦੀਆਂ ਦੇ ਹਾਲਾਤ ਕਲਮਬੰਦ ਕਰਕੇ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਦਾ ਮੂਲ ਕਾਰਨ, ਕਿ ਜਦੋਂ ਤੋਂ ਸਾਡਾ ਦੇਸ਼ ਪਰਾਇਆਂ ਦੇ ਵਸ-ਅਧੀਨ ਹੋ, ਗੁਲਾਮੀ ਦੇ ਕਾਰਨ ਪਿਛਾਹਾਂ ਨੂੰ ਪਰਤਦਾ ਆਇਆ ਹੈ, ਦੱਸਣ ਦਾ ਯਤਨ ਹੋਵੇਗਾ ।

Leave a Reply

Your email address will not be published. Required fields are marked *