ਉਹਦੀ ਮਾਂ ਦੀ ਦਵਾਈ ਕਈ ਦਿਨਾਂ ਤੋਂ ਮੁੱਕੀ ਪਈ ਸੀ।ਪੈਸੇ ਦੀ ਘਾਟ ਕਾਰਨ ਉਹ ਵੀ ਕਈ ਦਿਨਾਂ ਤੋਂ ਥੁੜ੍ਹਿਆ ਜਿਹਾ ਪਿਆ ਸੀ, ਤਾਂ ਹੀ ਉਹ ਕਈ ਦਿਨਾਂ ਤੋਂ ਦਵਾਈ ਲਿਆਉਣ ਲਈ ਟਾਲ-ਮਟੋਲ ਕਰ ਰਿਹਾ ਸੀ।ਅਖੀਰ ਮਾਂ ਨੇ ਮੈਲੀ ਜਿਹੀ ਰੁਮਾਲ ਵਿੱਚੋਂ ਮੁਚੜੇ ਘੁਚੜੇ ਨੋਟ ਉਹਨੂੰ ਫੜਾ ਦਵਾਈ ਜਰੂਰ ਲਿਆਉਣ ਲਈ ਤਰਲਾ ਕੀਤਾ। ਸ਼ਰਮਿੰਦਗੀ ਨਾਲ ਪੈਸੇ ਖੀਸੇ ਪਾ ਉਹ ਸ਼ਹਿਰ ਵੱਲ ਨੂੰ ਹੋ ਤੁਰਿਆ।ਬੱਸ ਅੱਡੇ ਤੇ ਉਸ ਦੇ ਕੰਨਾਂ ਵਿਚ ਸਪੀਕਰ ਦੀ ਕੰਨ ਪਾੜਵੀਂ ਆਵਾਜ਼ ਪਈ “ਅੱਜੋ.. ਅੱਜ… ਅੱਜ ਸਿਰਫ ਅੱਧੇ ਮੁੱਲ ਤੇ..”। ਠੇਕੇ ਤੇ ਤਾਬੜ ਤੋੜ ਭੀੜ ਸੀ। ਭੀੜ ਵਿੱਚ ਉਸਨੂੰ ਕਈ ਜਾਣੇ-ਪਛਾਣੇ ਚੇਹਰੇ ਦਿਖ ਰਹੇ ਸਨ, ਜੋ ਆਪੋ-ਆਪਣੇ ਸਾਧਨਾਂ ਤੇ ਸ਼ਰਾਬ ਦੀਆਂ ਪੇਟੀਆਂ ਲੈ ਜਾ ਰਹੇ ਸਨ। ਕਈਆਂ ਨੇ ਤਾਂ ਉਸ ਨੂੰ ਲੁੱਟ ਵਿੱਚ ਸ਼ਾਮਲ ਹੋਣ ਦਾ ਇਸ਼ਾਰਾ ਵੀ ਕੀਤਾ। ਖੀਸੇ ਵਿੱਚ ਹੱਥ ਪਾ ਉਸ ਨੇ ਨੋਟਾਂ ਨੂੰ ਟਟੋਲਿਆ,ਰੁੱਗ ਭਰ ਕੇ ਚੋਰੀ-ਚੋਰੀ ਵੇਖਿਆ। ” ਜੇ ਬੇਬੇ ਦੀ ਦਵਾਈ ਤਾਂ ਕੱਲ ਨੂੰ ਲੈ ਜਾਵਾਂ.. ਉਹਦਾ ਮੁੱਲ ਤਾਂ ਉਹੀ ਰਹੂ.. ਨਾਲੇ ਇੱਕ ਹੋਰ ਦਿਨ ਨਾਲ ਕੀ ਫਰਕ ਪੈਂਣ ਲਗਿਐ.. ਅੱਜ ਆਪਾਂ ਵੀ ਲਾਹਾ ਖੱਟ ਲਈਏ..” ਉਹਦਾ ਮਨ ਦਲੀਲੀਂ ਪੈ ਗਿਆ ਤੇ ਉਹ ਭੀੜ ਵਿੱਚ ਗੁਆਚ ਗਿਆ।
ਪਰਦੀਪ ਮਹਿਤਾ