ਬਜ਼ਾਰਾਂ ਵਿੱਚ ਹੀਰਾ, ਪੰਨਾਂ, ਮੋਤੀ, ਯਾਕੂਤ, ਜ਼ਮੁੱਰਦ, ਮਾਣਕ, ਚੂਨੀ, ਤਾਮੜੇ, ਲਸਨੀਏ, ਫੀਰੋਜ਼ੇ, ਪੁਖਰਾਜ ਅਤੇ ਸੋਨੇ ਦੇ ਢੇਰ ਸਰਾਫ਼ਾਂ ਦੀਆਂ ਦੁਕਾਨਾਂ ਤੇ ਲੱਗੇ ਹੋਏ ਵੇਖੇ ਗਏ। ਅੱਗੇ ਚੱਲ ਕੇ ਸੱਯਾਹ ਸਾਹਿਬ ਲਿਖਦੇ ਹਨ ਕਿ ਹਰ ਇੱਕ ਦੁਕਾਨ ਦੇ ਸਾਹਮਣੇ ਕਈ-ਕਈ ਧਵੱਜਾਂ ਤਣੀਆਂ ਵੇਖਣ ਵਿੱਚ ਆਈਆਂ, ਅਮੀਰਾਂ, ਰਾਜਿਆਂ, ਮਹਾਰਾਜਿਆਂ ਦੇ ਦਰਵਾਜ਼ਿਆਂ ਅੱਗੇ ਸੋਨੇ-ਚਾਂਦੀ ਦੀਆਂ ਚਾਨਣੀਆਂ ਤਣੀਆਂ ਹੋਈਆਂ ਸਨ, ਘੋੜਿਆਂ, ਊਠਾਂ, ਹਾਥੀਆਂ ਦੀਆਂ ਹੌਦੀਆਂ ਜਵਾਹਰਾਤ ਨਾਲ ਜੜ੍ਹਤ ਸਨ। ਇਸੇ ਤਰ੍ਹਾਂ ਦਾ ਜ਼ਿਕਰ ਕਰਦਿਆਂ ਸੱਯਹ ਮੌਸੂਫ਼ ਦੱਸਦੇ ਹਨ ਕਿ ਜਦ ਮੈਂ ਮਹਾਰਾਜਾ ਅਧੀਰਾਜ ਕਲੀ ਕੋਟ ਦੇ ਦਰਬਾਰ ਵਿੱਚ ਪੁੱਜਾ ਤਾਂ ਇੱਥੋਂ ਦੀ ਮਾਇੱਕ ਜਗਮਗਾਹਟ ਨੂੰ ਵੇਖਕੇ ਮੇਰੀ ਅਕਲ ਗੁੰਮ ਹੋ ਗਈ, ਜਿਧਰ ਨਜ਼ਰ ਪੈਂਦੀ ਸੀ ਹੀਰੇ, ਪੰਨੇ ਆਦਿ ਜਵਾਹਰਾਤ ਜਗਮਗ ਕਰਦੇ ਸੂਰਜ ਨੂੰ ਸ਼ਰਮਾ ਰਹੇ ਸਨ, ਅਰਥਾਤ ਇੰਨੀ ਦੌਲਤ ਵੇਖਣ ਵਿੱਚ ਆਈ ਜੋ ਬਿਆਨ ਕਰਨੀ ਅਤਿ ਕਠਨ ਹੈ: ਬਜ਼ਾਰਾਂ ਵਿੱਚ ਸੋਨੇ-ਚਾਂਦੀ ਦੇ ਅੰਬਾਰਾਂ (ਢੇਰਾਂ) ਦੁਵਾਲੇ ਬੈਠੇ ਬਿਉਪਾਰੀ ਵਪਾਰ ਕਰਦੇ ਸਨ। ਹਰ ਇਸਤਰੀ-ਪੁਰਸ਼ ਰੇਸ਼ਮੀ ਲਿਬਾਸ ਵਿੱਚ ਮਲਬੂਸ (ਸਜੇ) ਸੀ, ਲੱਕ ਨਾਲ ਸੋਨੇ ਦੀਆਂ ਜ਼ੰਜੀਰਾਂ ਤੇ ਗਲੇ ਵਿੱਚ ਜੜਾਉ ਕੈਂਠੇ, ਭਵੱਟੇ ਆਦਿ ਸਭਨਾਂ ਦੇ ਪਾਏ ਹੋਏ ਵੇਖਨ ਵਿੱਚ ਆਏ। ਰਾਜਾ ਸਾਹਿਬ ਦੇ ਮੰਦਰ, ਮਕਾਨ ਸੋਨੇ ਦੇ ਬਣੇ ਰਤਨਾ-ਭਰਭੂਰ ਵੇਖੇ, ਦਰਵਾਜ਼ੇ ਦੀਆਂ ਚੁਗਾਠਾਂ ਮੁੰਗੇ ਦੀਆਂ ਅਤੇ ਤਖ਼ਤੇ ਚੰਦਨ ਦੇ ਸਨ। ਦਰਵਾਜ਼ਿਆਂ ‘ਤੇ ਦਰਬਾਨ ਸੋਨੇ ਦੀਆਂ ਚੋਬਾਂ ਲੈ ਕੇ ਵੱਡੇ ਮੁੱਲ ਦੇ ਗਹਿਣੇ ਪਾਏ ਹੋਏ ਖਲੋਤੇ ਸਨ । ੧ ਹਜ਼ਾਰ ਘੋੜਾ, ੧ ਸੌ ਪਾਲ਼ਕੀ, ੧ ਸੌ ਹਾਥੀ ਦਰਸ਼ਨੀ ਡਿਉਢੀ ਦੇ ਸਾਹਮਣੇ ਤਿਆਰ – ਬਰ – ਤਿਆਰ ਖੜੇ ਵੇਖੇ ਜਿਨ੍ਹਾਂ ਦੇ ਸਾਜ਼ੋ-ਸਾਮਾਨ ਸੋਨੇ ਚਾਂਦੀ, ਹੀਰਿਆਂ ਜੜ੍ਹਤ ਸਨ। ਇੱਕ ਹਾਥੀ ਚਿੱਟੇ ਰੰਗ ਦਾ ਹਜੂਰੀ ਵਿੱਚ ਅੱਠੇ ਪਹਿਰ ਖੜਾ ਰਹਿੰਦਾ ਸੀ, ਜਿਸ ਦੇ ਲਿਬਾਸ ਦੀ ਦੌਲਤ ਦਾ ਅੰਦਾਜ਼ਾ ਵਰਣਨ ਕਰਨ ਤੋਂ ਮੇਰੀ ਕਲਮ ਕਾਸਰ (ਕਮਜ਼ੋਰ) ਹੈ। ਰਾਜੇ ਦੀ ਰਾਜਗੱਦੀ ਵਿੱਚ ਕਈ ਮਣਾਂ ਸੋਨਾਂ ਤੇ ਜਵਾਹਰਾਤ ਜੜ੍ਹਤ ਸੀ ਜੋ ਸੂਰਜ ਵਤਿ ਜਗਮਗ-ਜਗਮਗ ਕਰ ਰਹੇ ਸੀ। ਇਹੋ ਜਹੀ ਰਾਜਗੱਦੀ ‘ਤੇ ਬੈਠ ਕੇ, ਰਾਜਾ- ਰਾਣੀ ਰਿਆਇਆ ਦਾ ਅਦਲ (ਇਨਸਾਫ) ਕਰਦੇ ਸਨ। ੧ ਲੱਖ ਸਵਾਰੀ ਦੇ ਘੋੜੇ, ਊਠ, ਹਾਥੀ, ਸੋਨੇ-ਚਾਂਦੀ ਦੇ ਜੰਜੀਰਾਂ ਵਾਲੇ ਤਬੇਲਿਆਂ ਵਿੱਚ ਹਮੇਸ਼ਾਂ ਖਲੋਤੇ ਰਹਿੰਦੇ ਸਨ। ਉਕਤ ‘ਸਫ਼ਰਨਾਮੇ’ ਦੇ ਕਰਤਾ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਮੈਨੂੰ ਹਿੰਦ ਦੇ ਹਰ ਇਲਾਕੇ ਦੀ ਸੈਰ ਕਰਨ ਦਾ ਮੌਕਾ ਮਿਲਿਆ ਪਰ ਸਭ ਨਾਲੋਂ ਵਧੇਰੀ ਮਾਇਆ ਇੱਥੇ ਹੀ ਵੇਖਣ ਵਿੱਚ ਆਈ। ਇਸਤਰੀ-ਮਰਦ ਇਸ ਦੇਸ਼ ਦੇ ਬਹੁਤ ਹੀ ਸੁੰਦਰ ਹਨ; ਦਗਾ, ਫਰੇਬ, ਚੋਰੀ ਅਤੇ ਬੇਇਮਾਨੀ ਦਾ ਨਾਮ-ਨਿਸ਼ਾਨ ਭੀ ਇਸ ਦੇਸ਼ ਵਿੱਚ ਨਹੀਂ ਸੀ। ਯਾਰੀ ਦਾ ‘ਦੋਸ਼’ ਨਹੀਂ ਮੰਨਿਆ ਜਾਂਦਾ ਹੈ । ਇਸਤਰੀਆਂ ਵਿਵਾਹ ਆਪਣੀ ਮਰਜ਼ੀ ਦਾ ਕਰਦੀਆਂ ਹਨ। ਇਸ ਦੇਸ਼ ਦੀ ਇਸਤਰੀ ਇਤਰ ਅਤੇ ਫੁੱਲਾਂ ਦੀ ਖੁਸ਼ਬੋ ਨਾਲ ਬਹੁਤ ਪਿਆਰ ਕਰਦੀ ਹੈ, ਦੁਕਾਨਾ ਅਤੇ ਘਰ ਜਿੰਦਰਿਆਂ ਤੋਂ ਬਗੈਰ ਰੱਖੇ ਜਾਂਦੇ ਹਨ। ਸਭ ਤੋਂ ਵੱਡੀ ਚੀਜ਼ ਜੋ ਇਸ ਦੇਸ਼ ਵਿੱਚ ਵੇਖਣ ਵਿੱਚ ਆਈ ਉਹ ਇਹ ਹੈ ਕਿ ਇਸਤ੍ਰੀ-ਪੁਰਸ਼ ਸ਼ਰਾਬ ਨਹੀਂ ਪੀਂਦੇ ਅਤੇ ਮਾਸ ਨਹੀਂ ਖਾਂਦੇ ਹਨ। ਹਿੰਦੁਸਤਾਨ ਬੇਨਜ਼ੀਰ ਜੰਨਤ ਹੈ। ਸੋਨੇ ਦੀ ਚਿੜੀਆ ਹੈ ਅਤੇ ਪਿਆਰ ਦੀ ਮਾਤਾ ਹੈ।
ਸੱਯਾਹ ਸਾਹਿਬ ਨੇ ਆਪਣੇ ਦੇਸ਼ ਵਿੱਚ ਜਾ ਕੇ ਛੋਟੇ-ਛੋਟੇ ਟ੍ਰੈਕਟਾਂ ਦਵਾਰਾ ਆਪਣੇ ਦੇਸ਼-ਵਾਸੀਆਂ ਨੂੰ ਦੱਸਣ ਦਾ ਯਤਨ ਕੀਤਾ ਹੈ ਕਿ ਈਰਾਨੀਓ! ਤੁਸੀਂ ਭੀ ਹਿੰਦੁਸਤਾਨ ਦੀ ਤਰ੍ਹਾਂ ਆਪਣੇ-ਆਪ ਵਿੱਚ ਪਿਆਰ ਤੇ ਸੁਹਿਦਰਤਾ ਪੈਦਾ ਕਰੋ; ਇਹ ਹਿੰਦੁਸਤਾਨ ਦੇ ਪਿਆਰ ਤੇ ਇਤਫਾਕ ਦਾ ਹੀ ਨਤੀਜਾ ਹੈ, ਕਿ ਉਹ ਮਾਇਆ ਵਿੱਚ ਲੰਪਟ ਜੀਵਨ ਨੂੰ ਖੁਸ਼ਹਾਲੀ ਵਿੱਚ ਬਤੀਤ ਕਰ ਰਹੇ ਹਨ।
3 / ਸੱਯਾਹਤੋ ਬਾਬਾ ਨਾਨਕ
ਹੋਈ ਭੁੱਲ ਦੀ ਖਿਮਾ
ਹਰਦੀਪ ਸਿੰਘ