ਬਟਾਲੇ ਕੋਲ ਛੀਨੇ ਟੇਸ਼ਨ ਤੇ ਬਦਲ ਕੇ ਆਏ ਪਿਤਾ ਜੀ ਨੇ ਇੱਕ ਦਿਨ ਗੱਡੀਓਂ ਉੱਤਰੀ ਬਿਨਾ ਟਿਕਟ ਦੀ ਇੱਕ ਸਵਾਰੀ ਨੂੰ ਫੜ ਜੁਰਮਾਨਾ ਕਰ ਦਿੱਤਾ..
ਉਹ ਕੋਲ ਹੀ ਇੱਕ ਪਿੰਡ ਦੇ ਇੱਕ ਵੱਡੇ ਜੱਟ ਦਾ ਰਿਸ਼ਤੇਦਾਰ ਨਿੱਕਲਿਆ..
ਓਹਨੀ ਦਿੰਨੀ ਜੁਰਮਾਨਾ ਭਰੇ ਜਾਣ ਤੱਕ ਫੜੇ ਗਏ ਨੂੰ ਰੇਲਵੇ ਪੁਲਸ ਦੀ ਹਿਰਾਸਤ ਵਿਚ ਰਹਿਣਾ ਪੈਂਦਾ ਸੀ..
ਏਨੇ ਨੂੰ ਉਹ ਜੱਟ ਵੀ ਕਿੰਨੇ ਸਾਰੇ ਬੰਦੇ ਲੈ ਕੇ ਸਟੇਸ਼ਨ ਤੇ ਅੱਪੜ ਗਿਆ..
ਆਖਣ ਲੱਗਾ ਭਾਊ ਤੂੰ ਇਥੇ ਪਹਿਲਾ ਬਾਊ ਏਂ ਜਿਸਨੇ ਮੇਰੇ ਬੰਦੇ ਨੂੰ ਹੱਥ ਪਾਉਣ ਦੀ ਜੁੱਰਤ ਕੀਤੀ..ਨਹੀਂ ਤੇ ਕਿੰਨੇ ਵਰ੍ਹਿਆਂ ਤੋਂ ਸਾਡੇ ਬੰਦੇ ਇੰਝ ਹੀ ਬਿਨਾ ਟਿਕਟ ਚੜ੍ਹਦੇ ਉੱਤਰਦੇ ਆ ਰਹੇ ਨੇ..!
ਜਾਂਦਾ ਜਾਂਦਾ ਏਨੀ ਗੱਲ ਵੀ ਆਖ ਗਿਆ ਕੇ ਬਾਊ ਅਗਾਂਹ ਤੋਂ ਆਪਣਾ ਖਿਆਲ ਰਖੀਂ..!
ਓਹਨੀਂ ਦਿਨੀਂ ਅਸੀਂ ਕੋਲ ਹੀ ਦੋ ਕਿਲੋਮੀਟਰ ਦੂਰ ਨੁਸ਼ਹਿਰੇ ਪਿੰਡ ਵਿਚ ਨਿੱਕੀਆਂ ਕਲਾਸਾਂ ਵਿਚ ਪੜਨ ਜਾਇਆ ਕਰਦੇ ਸਾਂ..!
ਰਾਹ ਵਿਚ ਹੀ ਉਸ ਜੱਟ ਦਾ ਟਿਊਬਵੈੱਲ ਵੀ ਪੈਂਦਾ ਸੀ ਜਿਥੇ ਅਸੀ ਅਕਸਰ ਹੀ ਉਸਨੂੰ ਤੁਰਿਆ ਫਿਰਦਾ ਵੇਖਦੇ..!
ਸਾਨੂੰ ਉਹ ਆਪਣੇ ਬਾਪ ਦਾ ਵੱਡਾ ਦੁਸ਼ਮਣ ਅਤੇ ਦੁਨੀਆਂ ਦਾ ਸਭ ਤੋਂ ਭੈੜਾ ਇਨਸਾਨ ਲੱਗਦਾ!
ਇੱਕ ਦਿਨ ਮੈਨੂੰ ਬੁਖਾਰ ਸੀ ਤੇ ਭੈਣ ਨੂੰ ਕੱਲੀ ਨੂੰ ਹੀ ਸਕੂਲ ਜਾਣਾ ਪੈ ਗਿਆ..
ਫੇਰ ਸਿਖਰ ਦੁਪਹਿਰ ਵੇਲੇ ਬੁਖਾਰ ਨਾਲ ਤਪੀ ਹੋਈ ਨੂੰ ਜਦੋਂ ਓਸੇ ਦੁਸ਼ਮਣ ਦੇ ਸਾਈਕਲ ਤੋਂ ਉੱਤਰਦੀ ਹੋਈ ਨੂੰ ਵੇਖਿਆ ਤਾਂ ਅਸੀਂ ਸਾਰੇ ਹੈਰਾਨ ਰਹਿ ਗਏ..!
ਅਸਲ ਵਿਚ ਉਸ ਦਿਨ ਸਕੂਲੋਂ ਛੇਤੀ ਛੁੱਟੀ ਹੋ ਜਾਣ ਕਰਕੇ ਕੋਈ ਵੀ ਉਸਨੂੰ ਸਕੂਲੋਂ ਲੈਣ ਨਾ ਜਾ ਸਕਿਆ!
ਫੇਰ ਤਪਦੀ ਹੋਈ ਦੁਪਹਿਰ ਵਿਚ ਕੱਲੀ ਤੁਰੀ ਆਉਂਦੀ ਨੂੰ ਰਾਹ ਵਿਚ ਹੀ ਬੁਖਾਰ ਵੀ ਚੜ ਗਿਆ ਸੀ ਤੇ ਉਹ ਨਿਢਾਲ ਹੋ ਕੇ ਸੰਘਣੇ ਕਮਾਦਾਂ ਵਿਚ ਘਿਰੇ ਓਸੇ ਟਿਊਬਵੈੱਲ ਤੇ ਹੀ ਬੈਠ ਗਈ ਸੀ ਜਿਥੋਂ ਲੰਘਦਿਆਂ ਸਾਨੂੰ ਅਕਸਰ ਹੀ ਬਹੁਤ ਜਿਆਦਾ ਡਰ ਆਇਆ ਕਰਦਾ ਸੀ!
ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਕੱਟੜ ਦੁਸ਼ਮਣੀ ਦੇ ਵੀ ਕੁਝ ਅਸੂਲ ਹੋਇਆ ਕਰਦੇ ਸਨ ਤੇ ਕਿਸੇ ਵੱਡੇ ਨਾਲ ਹੋ ਗਈ ਕਿਸੇ ਅਣਬਣ ਦਾ ਹਿਸਾਬ ਕਿਤਾਬ ਉਸਦੇ ਬੱਚਿਆਂ ਤੋਂ ਕਦਾਚਿਤ ਵੀ ਨਹੀਂ ਸੀ ਲਿਆ ਜਾਂਦਾ..!
ਤੇ ਸਭ ਤੋਂ ਵੱਡੀ ਤੇ ਵਿਲੱਖਣ ਗੱਲ..
ਇਨਸਾਨੀ ਸੋਚ ਅੱਜ ਵਾਂਙ ਏਨੀ ਵੀ ਨਹੀਂ ਸੀ ਗਰਕੀ ਕੇ ਕੋਈ ਜਿਉਂਦਾ ਜਾਗਦਾ ਇਨਸਾਨ ਕਿਸੇ ਬੇਗਾਨੇ ਬੱਚੇ-ਬੱਚੀ ਨਾਲ ਕਿਸੇ ਕਿਸਮ ਦੇ ਕੁਕਰਮ ਬਾਰੇ ਕਦੇ ਸੁਫ਼ਨੇ ਵਿਚ ਵੀ ਸੋਚ ਸਕਦਾ ਹੋਵੇ!
ਹਰਪ੍ਰੀਤ ਸਿੰਘ ਜਵੰਦਾ
ਕਮਾਲ ਦੀ ਲਿਖਤ ਹੈ ਜੀ ਜਵੰਧਾ ਸਾਹਿਬ ਜੀ
ਬਹੁਤ ਸੋਹਣਾ ਲਿਖਿਆ