ਫਰਿਜ | fridge

ਸ਼ੋ ਰੂਮ ਦੇ ਪਾਸੇ ਜਿਹੇ ਰੱਖੇ ਪੂਰਾਣੇ ਫਰਿਜ ਦੀ ਕੀਮਤ ਪੁੱਛ ਓਹਨਾ ਨਾਲ ਲਿਆਂਦੇ ਪੈਸੇ ਗਿਣਨੇ ਸ਼ੁਰੂ ਕਰ ਦਿੱਤੇ..

ਥੋੜੀ ਦੇਰ ਮਗਰੋਂ ਮੇਰਾ ਪ੍ਰਤੀਕਰਮ ਜਾਨਣ ਲਈ ਇੱਕਠੇ ਕੀਤੇ ਸੱਤ ਹਜਾਰ ਮੇਰੇ ਵੱਲ ਵਧਾ ਦਿੱਤੇ..

ਮੈਂ ਨਾਲਦੇ ਵੱਲ ਵੇਖਿਆ..

ਹਰੇਕ ਸ਼ੈ ਨੂੰ ਨਫ਼ੇ ਨੁਕਸਾਨ ਦੀ ਤੱਕੜੀ ਵਿੱਚ ਤੋਲਦੇ ਉਸ ਇਨਸਾਨ ਦੇ ਮੱਥੇ ਤੇ ਤਿਉੜੀਆਂ ਦੇ ਨਾਲ ਨਾਲ ਅੱਜ ਇੱਕ ਵੱਡੀ ਸਾਰੀ ਨਾਂਹ ਵੀ ਸੀ!

ਮੈਂ ਬੜੀ ਆਸ ਨਾਲ ਆਏ ਉਸ ਜੋੜੇ ਨੂੰ ਦੱਸ ਹਜਾਰ ਦੀ ਰਕਮ ਦੱਸ ਆਪਣੀ ਮਜਬੂਰੀ ਜਾਹਿਰ ਕਰ ਦਿੱਤੀ!

ਉਹ ਨਜਰਾਂ ਝੁਕਾਏ ਬਿਨਾ ਕੁਝ ਆਖਿਆਂ ਦੁਕਾਨ ਵਿਚੋਂ ਬਾਹਰ ਹੋ ਗਏ!

ਘੜੀ ਕੂ ਮਗਰੋਂ ਪੰਦਰਾਂ ਸੋਲਾਂ ਕੂ ਸਾਲ ਦੀ ਕੁੜੀ ਆਈ ਤੇ ਪਰਸ ਵਿਚੋਂ ਕੁਝ ਰੁਪਏ ਕੱਢ ਮੇਰੇ ਅੱਗੇ ਕਰ ਦਿੱਤੇ..!

ਆਖਣ ਲੱਗੀ..ਆਂਟੀ ਜੀ ਮੇਰਾ ਪਿਓ ਦਿਹਾੜੀਦਾਰ ਏ..ਮਾਂ ਵੱਲੋਂ ਲੋਕਾਂ ਦੇ ਘਰੋਂ ਲਿਆਂਧੀ ਥੋੜੀ ਬਹੁਤ ਬਰਫ ਆਥਣ ਵੇਲੇ ਉਸਦੇ ਘਰੇ ਆਉਣ ਤੱਕ ਖੁਰ ਜਾਂਦੀ ਏ..ਸਾਹ ਦੇ ਮਰੀਜ ਨੂੰ ਟੂਟੀ ਦਾ ਤਪਿਆ ਹੋਇਆ ਪਾਣੀ ਹੀ ਪੀਣਾ ਪੈਂਦਾ..ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ..!

ਉਹ ਦੋਵੇਂ ਹੁਣੇ-ਹੁਣੇ ਹੀ ਇਥੇ ਇੱਕ ਫਰਿਜ ਦਾ ਸੱਤ ਹਜਾਰ ਆਖ ਕੇ ਗਏ..ਤੁਸੀਂ ਨਾਂਹ ਕਰ ਦਿੱਤੀ..ਆਹ ਲਵੋ ਸੱਤ ਹਜਾਰ ਤੇ ਉੱਪਰ ਪੰਜ ਸੌ ਹੋਰ..ਪਲੀਜ਼ ਫਰਿਜ ਸਾਨੂੰ ਦੇ ਦਿਓ..ਸਾਰੇ ਦੁਆਵਾਂ ਦੇਵਾਂਗੇ!

ਏਨਾ ਕੁਝ ਸੁਣ ਤਕਰੀਬਨ ਸੁੰਨ ਹੋ ਗਈ ਨੇ ਵੇਖਿਆ..ਉਸ ਇੱਕੋ ਸਾਹੇ ਬੋਲਦੀ ਗਈ ਦੇ ਬੁੱਲ ਹੁਣ ਬੁਰੀ ਤਰਾਂ ਸੁੱਕ ਰਹੇ ਸਨ..ਏਅਰ-ਕੰਡੀਸ਼ੰਡ ਕਮਰੇ ਵਿੱਚ ਵਿੱਚਰਦੀ ਖੁਦ ਦੀ ਧੀ ਚੇਤੇ ਆ ਗਈ!

ਫੇਰ ਛੇਤੀ ਨਾਲ ਪੁੱਛ ਲਿਆ..”ਬੇਟਾ ਪਾਣੀ ਪੀਵੇਂਗੀ”?

ਹਾਂ ਵਿਚ ਸਿਰ ਹਿਲਾ ਦੇਣ ਮਗਰੋਂ ਓਸੇ ਫਰਿਜ ਵਿਚੋਂ ਕੱਢੀ ਠੰਡੀ ਸੀਟ ਬੋਤਲ ਉਹ ਇੱਕੋ ਸਾਹੇ ਹੀ ਪੀ ਗਈ!

ਮਗਰੋਂ ਡਿਲੀਵਰੀ ਲਈ ਓਸੇ ਫਰਿੱਜ ਨੂੰ ਨਿੱਕੇ ਟੈਂਪੂ ਮਗਰ ਲੱਦਦੇ ਹੋਏ ਦੁਕਾਨ ਦੇ ਮੁੰਡਿਆਂ ਵੱਲ ਵੇਖ ਇੰਝ ਮਹਿਸੂਸ ਹੋਇਆ ਜਿੱਦਾਂ ਰਹਿੰਦੀ ਜਿੰਦਗੀ ਲਈ ਕਲੋਨੀ ਵਿਚ ਨਿੱਕਲਣ ਵਾਲੀਆਂ ਸਾਰੀਆਂ ਪ੍ਰਭਾਤ ਫੇਰੀਆਂ ਜਿੰਨਾ ਤਿਲ ਫੁਲ ਅੱਜ ਇੱਕਠਾ ਇੱਕੋ ਵੇਰ ਹੀ ਕਿਸੇ ਲੋੜਵੰਦ ਦੀ ਸੇਵਾ ਵਿਚ ਅਰਪਣ ਕਰ ਦਿੱਤਾ ਹੋਵੇ!

ਦੋਸਤੋ ਕਿਸੇ ਸਹੀ ਆਖਿਆ..”ਘਰ ਸੇ ਮਸਜਿਦ ਹੈ ਬਹੁਤ ਦੂਰ..ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ”

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *