ਬੱਤਰੇ ਨਾਲ ਮੇਰੀ ਕਦੇ ਨਹੀਂ ਸੀ ਬਣੀ..
ਅਕਸਰ ਬਹਿਸ ਹੋ ਜਾਇਆ ਕਰਦੀ..ਇੱਕੋ ਗੱਲ ਆਖਿਆ ਕਰਦਾ..”ਦਿਲ ਤੋਂ ਸੋਚਣ ਵਾਲਿਆਂ ਨੂੰ ਅਕਸਰ ਹੀ ਘਾਟੇ ਪੈਂਦੇ ਰਹਿੰਦੇ ਨੇ..”
ਇੱਕ ਦਿਨ ਛੁੱਟੀ ਤੇ ਸੀ..ਚਾਹ ਲੈ ਕੇ ਆਏ ਬਾਰਾਂ ਕੂ ਸਾਲ ਦੇ ਮੁੰਡੇ ਨੇ ਹੌਲੀ ਜਿਹੀ ਉਸ ਬਾਰੇ ਪੁੱਛਿਆ ਤਾਂ ਮੇਰੇ ਕੰਨ ਖੜੇ ਹੋ ਗਏ..!
ਕੋਲ ਸੱਦ ਲਿਆ ਤੇ ਆਖਿਆ ਅੱਜ ਛੁੱਟੀ ਤੇ ਏ..ਫੇਰ ਵੀ ਤੂੰ ਕੰਮ ਦੱਸ?
ਆਖਣ ਲੱਗਾ ਮਾਂ ਬਿਮਾਰ ਏ..ਹਜਾਰ ਰੁਪਈਆਂ ਦਾ ਲਾਰਾ ਲਾਇਆ ਸੀ..ਦਸ ਫ਼ੀਸਦੀ ਮਹੀਨੇ ਦੇ ਵਿਆਜ ਤੇ..!
ਏਨੀ ਗੱਲ ਸੁਣ ਵਿਆਜੀ ਪੈਸਿਆਂ ਦੇ ਜਾਲ ਵਿਚ ਫਸੀਆਂ ਹੋਰ ਕਿੰਨੀਆਂ ਮੱਛੀਆਂ ਅੱਖਾਂ ਅੱਗੇ ਗੁੰਮ ਗਈਆਂ..!
ਸ਼ਾਮੀਂ ਬਾਹਰ ਚਾਹ ਦੇ ਖੋਖੇ ਤੇ ਖੋਲੋਤੇ ਉਸਦੇ ਬਾਪ ਨੂੰ ਹਜਾਰ ਰੁਪਈਏ ਦੇ ਦਿੱਤੇ..
ਨਾਲ ਹੀ ਆਖਿਆ ਕੇ ਵਿਆਜ ਤੇ ਕੋਈ ਨਹੀਂ ਪਰ ਮਹੀਨੇ ਦੇ ਸੌ ਸੌ ਕਰ ਕੇ ਮੂਲ ਜਰੂਰ ਮੋੜਨਾ ਪਵੇਗਾ..!
ਬੱਤਰੇ ਨੂੰ ਪਤਾ ਲੱਗਾ..ਜਾਲ ਵਿਚ ਆਈ ਮੱਛੀ ਨਿੱਕਲ ਗਈ..ਬਹਾਨਾ ਜਿਹਾ ਬਣਾ ਕੇ ਫੇਰ ਲੜ ਪਿਆ!
ਛੇ ਕੂ ਮਹੀਨਿਆਂ ਮਗਰੋਂ ਹੀ ਮੇਰਾ ਬਾਹਰ ਦਾ ਕਨਫਰਮ ਹੋ ਗਿਆ..
ਦਫਤਰ ਅਸਤੀਫਾ ਦੇਣ ਗਿਆ ਤਾਂ ਚਾਹ ਫੜਾਉਣ ਆਇਆ ਛੋਟੂ ਰੋ ਪਿਆ..
ਅਖ਼ੇ ਬਾਕੀ ਦੇ ਅੱਧੇ ਏਡੀ ਛੇਤੀ ਨਹੀਂ ਮੋੜੇ ਨਹੀਂ ਜਾਣੇ..ਤੇ ਨਾਲੇ ਆਖੀ ਜਾਵੇ..ਸਾਬ ਜੀ ਨਾ ਜਾਓ..ਸਾਡਾ ਜੀ ਨਹੀਂ ਲੱਗਣਾ!
ਕਲਾਵੇ ਵਿਚ ਲੈ ਲਿਆ ਆਖਿਆ ਤੇਰੀਆਂ ਆਖੀਆਂ ਗਲਾਂ ਨੇ ਹਿਸਾਬ ਬਰੋਬਰ ਕਰ ਦਿੱਤਾ…ਸਮਝ ਸਭ ਕੁਝ ਚੁਕਤਾ ਹੋ ਗਿਆ..!
ਸਾਰਾ ਦਫਤਰ ਅੱਖੀਆਂ ਪੂੰਝ ਰਿਹਾ ਸੀ..ਸਿਵਾਏ ਬੱਤਰਾ ਸਾਬ ਦੇ..!
ਸ਼ਾਇਦ ਉਹ ਅੱਜ ਵੀ ਦਿਮਾਗ ਤੋਂ ਇਹ ਗੱਲ ਸੋਚਦਾ ਖੁਸ਼ ਹੋ ਰਿਹਾ ਸੀ..ਕੇ ਰਾਹ ਦਾ ਇੱਕ ਵੱਡਾ ਕੰਡਾ ਸਾਫ ਹੋ ਗਿਆ!
ਸੋ ਦੋਸਤੋ..
ਜਜਬਾਤ,ਤਰਸ,ਹਮਦਰਦੀ ਅਤੇ ਪਿਆਰ ਮੁਹੱਬਤਾਂ ਨੂੰ ਹਮੇਸ਼ਾਂ ਹੀ ਦਿਮਾਗਾਂ ਵਾਲੀ ਤੱਕੜੀ ਵਿਚ ਰੱਖ ਨਾਪ ਤੋਲ ਕੇ ਫੈਸਲੇ ਲੈਣ ਵਾਲੇ ਕਾਰੋਬਾਰੀ ਮੁਤਬੰਨੇ ਵਕਤੀ ਤੌਰ ਤੇ ਬੇਸ਼ਕ ਜਿੰਨੇ ਮਰਜੀ ਅਮੀਰ ਹੋ ਜਾਣ..ਪਰ ਆਖਰੀ ਸਫ਼ਰ ਤੇ ਤੁਰੇ ਜਾਂਦਿਆਂ ਦੇ ਸੁੰਞੇ ਕਾਫਲਿਆਂ ਵਿਚੋਂ ਬਿਰਹੋ ਦੇ ਸੁਲਤਾਨ ਬਣ ਹੇਠਾਂ ਡਿੱਗਦੇ ਹੰਜੂ ਅਕਸਰ ਹੀ ਗਾਇਬ ਹੁੰਦੇ ਨੇ..!
(ਅਸਲ ਵਰਤਾਰਾ)
ਹਰਪ੍ਰੀਤ ਸਿੰਘ ਜਵੰਦਾ
nice story
ਬਹੁਤ ਹੀ ਵਧੀਆ ਬਾਈ ਜੀ ਬਾਕੀ ਹੋਰ ਰਚਨਾਵਾਂ ਵਾਂਗ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ