ਘਸਮੈਲੇ ਜਿਹੇ ਕੱਪੜੇ ਪਾਈ ਸ਼ੋ-ਰੂਮ ਵਿਚ ਤੁਰਿਆ ਫਿਰਦਾ ਸਰਵਣ ਸਿੰਘ..
ਇੰਜ ਲੱਗ ਰਿਹਾ ਸੀ ਜਿਵੇਂ ਜਨਰਲ ਟਿਕਟ ਵਾਲਾ ਕੋਈ ਹਮਾਤੜ ਗਲਤੀ ਨਾਲ ਰੇਲ ਦੇ ਏ.ਸੀ ਡੱਬੇ ਵਿਚ ਆਣ ਵੜਿਆ ਹੋਵੇ!
ਟਾਈਆਂ ਲਾਈ ਕੋਲੋਂ ਲੰਘਦੇ ਕਿੰਨੇ ਸਾਰੇ ਪਹਿਲਾਂ ਉਸਨੂੰ ਉੱਤੋਂ ਲੈ ਕੇ ਹੇਠਾਂ ਤੱਕ ਤੱਕਦੇ ਤੇ ਫੇਰ ਉਸਦੇ ਝੋਲੇ ਵੱਲ ਵੇਖ ਮਸ਼ਕੜੀਆਂ ਵਿਚ ਹੱਸਦੇ ਹੋਏ ਕੋਲੋਂ ਲੰਘ ਜਾਂਦੇ!
ਘੜੀ ਕੂ ਮਗਰੋਂ ਫਾਈਲਾਂ ਚੱਕੀ ਇੱਕ ਸੇਲਸ ਮੈਨ ਕੋਲ ਆਇਆ ਤੇ ਆਖਣ ਲੱਗਾ ਆਓ ਸਰਵਣ ਸਿੰਘ ਜੀ ਥੋੜੇ ਪੇਪਰ ਵੇਖ ਲਈਏ!
ਥੱਬਾ ਪੇਪਰਾਂ ਤੇ ਦਸਤਖਤ ਕਰਨ ਮਗਰੋਂ ਪੁੱਛਣ ਲੱਗਾ..ਡਿਲੀਵਰੀ ਕਦੋਂ ਤੇ ਕਿਥੇ ਚਾਹੀਦੀ ਹੈ?
ਕੁਝ ਸੋਚ ਝੋਲੇ ਵਿਚੋਂ ਨੋਟਾਂ ਦੇ ਕਿੰਨੇ ਸਾਰੇ ਬੰਡਲ ਕੱਢ ਟੇਬਲ ਤੇ ਢੇਰੀ ਕਰਦਾ ਹੋਇਆ ਆਖਣ ਲੱਗਾ “ਜੀ ਕੱਤੀ ਤਰੀਕ ਨੂੰ ਸ਼ਗਨ ਹੈ ਤੇ ਓਸੇ ਦਿਨ ਸੁਵੇਰੇ ਆ ਕੇ ਲੈ ਜਾਵਾਂਗਾ”
ਸ਼ਾਇਦ ਸੋਚ ਰਿਹਾ ਸੀ ਕੇ ਜੇ ਪਹਿਲਾਂ ਲੈ ਗਿਆ ਤਾਂ ਘਰੇ ਆਟੋ ਖਲਾਰਨ ਜੋਗੀ ਤੇ ਥਾਂ ਹੀ ਨੀ ਬਚਣੀ..!
ਨਾਲ ਹੀ ਨਵੇਂ ਸਹੇੜੇ ਕੁੜਮ ਦੇ ਆਖੇ ਬੋਲ ਚੇਤੇ ਕਰ ਨੀਵੀਂ ਜਿਹੀ ਪਾ ਲਈ..ਅਖ਼ੇ ਸਰਵਣ ਸਿਆਂ ਸਾਨੂੰ ਹੋਰ ਤੇ ਕੁਝ ਨੀ ਚਾਹੀਦਾ ਸਿਰਫ ਪੰਜ ਸੌ ਬਰਾਤੀਆਂ ਦੀ ਚੰਗੀ ਸੇਵਾ ਹੋ ਜਾਵੇ..ਸ਼ਗਨ ਵਿਚ ਇੱਕ ਮੂੰਹ ਮੱਥੇ ਲੱਗਦੀ ਨਵੀਂ-ਨਕੋਰ ਕਾਰ ਤੇ ਇੱਕ ਛਪੰਜਾ ਇੰਚ ਟੀਵੀ ਮਿਲ ਜਾਵੇ ਬੱਸ..ਧੀ ਤਾਂ ਆਪਾਂ ਤਿੰਨਾਂ ਕਪੜਿਆਂ ਵਿਚ ਹੀ ਲੈ ਜਾਣੀ ਏ!
ਕਾਗਜ਼ੀ ਕਾਰਵਾਈ ਮੁਕਾ ਸ੍ਰਵਨ ਸਿੰਘ ਕਾਹਲੀ ਨਾਲ ਬਾਹਰ ਨਿੱਕਲਿਆ ਤੇ ਆਟੋ ਰਿਕਸ਼ਾ ਸਟਾਰਟ ਕਰ ਸਟੇਸ਼ਨ ਨੂੰ ਹੋ ਤੁਰਿਆ..!
ਸ਼ਾਇਦ ਬੰਬਿਓਂ ਆਉਂਦੀ ਫਰੰਟੀਅਰ ਮੇਲ ਦੀਆਂ ਸਵਾਰੀਆਂ ਚੁੱਕਣ ਦਾ ਟਾਈਮ ਹੋ ਗਿਆ ਸੀ!
ਟੇਸ਼ਨ ਵੱਲ ਨੂੰ ਤੁਰਿਆ ਜਾਂਦਾ ਨਸੀਬ ਕੌਰ ਬਾਰੇ ਸੋਚੀ ਜਾ ਰਿਹਾ ਸੀ ਕੇ ਕਿੰਨਾ ਜਰੂਰੀ ਹੁੰਦਾ ਹੈ ਇਹਨਾਂ ਮੌਕਿਆਂ ਤੇ ਧੀਆਂ ਦੀਆਂ ਜੰਮਦਾਤੀਆਂ ਦਾ ਜਿਉਂਦੇ ਹੋਣਾ..
ਢੇਰ ਸਾਰੇ ਦੁੱਖ ਸੁੱਖ ਅਕਲਾਂ ਸਲਾਹਾਂ ਤੇ ਸਮਝਾਉਣ ਵਾਲੀਆਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ..ਮੇਰੇ ਨਾਲ ਤੇ ਹੁਣ ਅੱਖਾਂ ਮਿਲਾਉਣ ਤੋਂ ਵੀ ਝੱਕਦੀ ਏ!
ਦੂਜੇ ਪਾਸੇ ਸ਼ੋ-ਰੂਮ ਵਿਚ ਸਰਵਣ ਸਿੰਘ ਨੂੰ ਕਾਰ ਵੇਚਣ ਵਾਲਾ ਮਹਿਤਾ ਸਾਬ..
ਸੇਲ ਹੋਣ ਤੇ ਵਧਾਈਆਂ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਸੀ..
ਪਰ ਮਹਿਤਾ ਸਾਬ ਮਿਲਣ ਵਾਲੇ ਕਮਿਸ਼ਨ ਵਿਚੋਂ ਨਿੱਕੀ ਧੀ ਦੀ ਐਕਟਿਵਾ ਤੇ ਟਯੂਸ਼ਨ ਦੀ ਫੀਸ ਦੇ ਹੋਏ ਬੰਦੋਬਸਤ ਕਰਕੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ!
ਮਜਬੂਰੀ ਵੱਸ ਪਏ ਦੋ ਇਨਸਾਨ ਅੱਜ ਜਿੰਦਗੀ ਦੇ ਸੰਘਰਸ਼ ਵਾਲੇ ਦੋ ਵੱਖੋ ਵੱਖ ਮੋਰਚਿਆਂ ਤੇ ਡਟੇ ਪਏ ਸਨ!
ਇੱਕ ਸਧਾਰਨ ਕੱਪੜੇ ਪਾਈ ਟੇਸ਼ਨ ਦੇ ਬਾਹਰ ਖਲੋਤਾ ਸਵਾਰੀਆਂ ਉਡੀਕ ਰਿਹਾ ਸੀ ਤੇ ਦੂਜਾ ਟਾਈ ਲਾਈ ਸ਼ੋ ਰੂਮ ਦੇ ਗੇਟ ਤੇ ਕਾਰਾਂ ਦੇ ਗ੍ਰਾਹਕ..!
ਪਰ ਦੋਨਾਂ ਦੀ ਮੰਜਿਲ ਇੱਕੋ ਹੀ ਸੀ..ਅਖੀਰ ਨੂੰ ਬੇਗਾਨੀਆਂ ਹੋ ਜਾਣ ਵਾਲੀਆਂ ਵੇਹੜੇ ਖੇਡਦੀਆਂ ਰੌਣਕਾਂ ਦਾ ਸੁਨਹਿਰੀ ਭਵਿੱਖ!
ਪਰ ਅਜੋਕੀ ਪਦਾਰਥਵਾਦ ਦੀ ਵਗਦੀ ਇੱਕ ਤੇਜ ਹਨੇਰੀ ਦੀ ਬੇਰਹਿਮ ਤ੍ਰਾਸਦੀ..
ਏਨਾ ਕੁਝ ਕਰਨ ਮਗਰੋਂ ਵੀ ਇਹ “ਸੁਨਹਿਰੀ ਭਵਿੱਖ” ਸ਼ਾਇਦ ਵਿਰਲਿਆਂ ਟਾਵਿਆਂ ਦੀਆਂ ਧੀਆਂ ਨੂੰ ਹੀ ਨਸੀਬ ਹੁੰਦਾ ਏ!
ਪਰ ਇਸ ਜੱਗ ਵਿਚ ਵਿਚਰਦੇ ਕਿੰਨੇ ਸਾਰੇ ਸਰਵਣ ਸਿੰਘ..
ਉਹ ਤਾਂ ਰੱਬ ਨੇ ਬਣਾਏ ਹੀ ਸੰਘਰਸ਼ਾਂ ਵਾਸਤੇ ਹੁੰਦੇ ਨੇ..ਜੰਮਣ ਤੋਂ ਲੈ ਕੇ ਕਬਰਾਂ ਵਿਚ ਪੈਣ ਤੀਕਰ..ਲਗਾਤਾਰ..ਬਿਨਾ ਥੱਕੇ ਹਾਰੇ..ਸਵੇਰ ਤੋਂ ਲੈ ਕੇ ਆਥਣ ਵੇਲੇ ਤੱਕ!
ਹਰਪ੍ਰੀਤ ਸਿੰਘ ਜਵੰਦਾ