ਮੈਨੂੰ ਇਹਸਾਸ ਹੋ ਗਿਆ ਸੀ ਕੇ ਦੋਹਾਂ ਦੀ ਆਪਸ ਵਿਚ ਕੋਈ ਗੱਲ ਹੋਈ ਏ..
ਸੁਵੇਰ ਤੋਂ ਹੀ ਆਪਸੀ ਬੋਲਚਾਲ ਬੰਦ ਏ..!
ਪਹਿਲਾਂ ਬੇਟੇ ਨਾਲ ਗੱਲ ਕਰਨੀ ਬੇਹਤਰ ਸਮਝੀ..
ਤਰੀਕੇ ਜਿਹੇ ਨਾਲ ਗੱਲ ਤੋਰੀ ਤਾਂ ਮੇਰੀ ਗੱਲ ਵਿਚੋਂ ਹੀ ਕੱਟ ਕੇ ਆਖਣ ਲੱਗਾ “ਭਾਪਾ ਜੀ ਸਾਡਾ ਨਿੱਜੀ ਮਾਮਲਾ ਏ..ਤੁਸੀਂ ਮੇਹਰਬਾਨੀ ਕਰਕੇ ਬਾਹਰ ਹੀ ਰਹੋ”
ਫੇਰ ਨਵਜੋਤ ਨਾਲ ਗੱਲ ਕੀਤੀ ਤਾਂ ਉਸਦਾ ਵੀ ਇਹੋ ਜੁਆਬ ਸੀ..ਅਖ਼ੇ ਸਾਡਾ ਨਿੱਜੀ ਮਾਮਲਾ ਏ!
ਮੈਂ ਅੰਦਰੋਂ ਅੰਦਰ ਥੋੜਾ ਫ਼ਿਕਰਮੰਦ ਹੋਇਆ..
ਵਿਆਹ ਨੂੰ ਅਜੇ ਸਿਰਫ ਪੰਜ ਮਹੀਨੇ ਅਤੇ ਆਹ ਕੁਝ..ਬਿਲਕੁਲ ਵੀ ਸੁਭ ਸੰਕੇਤ ਨਹੀਂ ਸੀ!
ਨਾਲਦੀ ਨੂੰ ਆਖ ਦੋਹਾਂ ਨਾਲ ਮੁੜ ਤੋਂ ਗੱਲ ਤੋਰੀ..
ਉਹ ਵੀ ਧੌਣ ਸੁੱਟ ਵਾਪਿਸ ਪਰਤ ਆਈ..ਅਖ਼ੇ ਸਾਡਾ ਪਰਸਨਲ ਮਾਮਲਾ ਏ..!
ਮਨ ਹੀ ਮਨ ਇੱਕ ਪਲਾਨ ਬਣਾ ਆਪਣੇ ਕੁੜਮ ਸਾਬ ਨੂੰ ਫੋਨ ਲਾਇਆ..
ਫੇਰ ਪਕਾਏ ਹੋਏ ਮਤੇ ਮੁਤਾਬਿਕ ਟੇਬਲ ਬੁੱਕ ਕਰਵਾ ਕੇ ਰਾਤ ਦੀ ਰੋਟੀ ਲਈ ਰਸੋਈ ਢਾਬੇ ਅੱਪੜ ਗਏ..
ਗਿਆਰਾਂ ਕੂ ਵਜੇ ਘਰੋਂ ਫੋਨ ਗਿਆ ਅਖ਼ੇ ਭਾਪਾ ਜੀ ਕਿਥੇ ਓ..?
ਅੱਗੋਂ ਆਖਿਆ ਭਾਈ ਸਾਡਾ ਵੀ ਕੋਈ ਨਿੱਜੀ ਪ੍ਰੋਗਰਾਮ ਏ ਤੁਹਾਨੂੰ ਬਹੁਤੀ ਪੁੱਛਗਿੱਛ ਕਰਨ ਦੀ ਕੋਈ ਲੋੜ ਨਹੀਂ!
ਨਵਜੋਤ ਨੇ ਵੀ ਓਧਰ ਆਪਣੇ ਮੰਮੀ ਪਾਪਾ ਨੂੰ ਫੋਨ ਲਾ ਕੇ ਇਹੀ ਗੱਲ ਪੁੱਛੀ..
ਓਥੋਂ ਵੀ ਹੀ ਜੁਆਬ ਸੀ ਕੇ ਕਿਸੇ ਮਿੱਤਰ ਨਾਲ ਬੈਠੇ ਹੋਏ ਹਾਂ..ਪਤਾ ਨੀ ਕਦੋਂ ਮੁੜਨਾ..ਨਿੱਜੀ ਮੀਟਿੰਗ ਏ..!
ਘੰਟੇ ਬਾਅਦ ਦੋਵੇਂ ਹੱਸਦੇ ਖੇਡਦੇ ਹਵੇਲੀ ਅੱਪੜ ਗਏ..
ਅਖ਼ੇ ਸੌਰੀ ਸਾਥੋਂ ਗਲਤੀ ਹੋ ਗਈ..ਸਾਨੂੰ ਤੁਹਾਡੇ ਨਾਲ ਏਦਾਂ ਗੱਲ ਨਹੀਂ ਸੀ ਕਰਨੀ ਚਾਹੀਦੀ!
ਮੁੜ ਦੇਰ ਰਾਤ ਤੱਕ ਹਾਸਾ-ਮਜਾਕ ਚੱਲਦਾ ਰਿਹਾ ਤੇ ਲੀਹੋਂ ਲੱਥ ਚੱਲੀ ਜਿੰਦਗੀ ਅਗਲੇ ਦਿਨ ਇੱਕ ਵਾਰ ਮੁੜ ਲੀਹਾਂ ਤੇ ਸੀ!
ਦੋਸਤੋ ਘਰਾਂ ਵਿਚ ਚੱਲਦੀ ਮਾੜੀ ਮੋਟੀ ਰੰਜਿਸ਼ ਦੂਰ ਕਰਨ ਦਾ ਸਰਲ ਤੇ ਸੁਖਦ ਤਰੀਕਾ ਇੱਕ ਮਿਲਿਟਰੀ ਦੇ ਰਿਟਾਇਰਡ ਕਰਨਲ ਸਾਬ ਨੇ ਲਿਖ ਕੇ ਭੇਜਿਆ..ਅਖ਼ੇ ਸ਼ਾਇਦ ਕਿਸੇ ਨੂੰ ਫਾਇਦਾ ਹੋ ਜਾਵੇ..
ਨਾਲ ਏਨੀ ਗੱਲ ਵੀ ਆਖੀ ਕੇ ਜੇ ਦੋਵੇਂ ਫੌਜਾਂ ਦੇ ਸੈਨਾਪਤੀ ਆਪੋ ਵਿਚ ਸਮਝੌਤਾ ਕਰ ਲੈਣ ਤਾਂ ਹੇਠਲੀ ਫੌਜ ਨੂੰ ਹੁਕਮ ਮੰਨਣਾ ਹੀ ਪੈਂਦਾ..ਵੱਡਾ ਖੂਨ ਖਰਾਬਾ ਵੀ ਸੌਖਿਆਂ ਹੀ ਟਾਲਿਆ ਜਾ ਸਕਦੇ ਏ!
ਹਰਪ੍ਰੀਤ ਸਿੰਘ ਜਵੰਦਾ