ਗਹਿਣਿਆਂ ਨਾਲ ਪੂਰੀ ਤਰਾਂ ਲੱਦੀ ਹੋਈ ਚਾਰ ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿਚੋਂ ਬਾਹਰ ਨਿੱਕਲ਼ਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ!
ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ..ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ ਬਾਹਰ ਨਿੱਕਲ ਦੂਜੇ ਪਾਸੇ ਭੈਣ ਜੀ ਵੱਲ ਦਾ ਦਰਵਾਜਾ ਖੋਲ੍ਹਣਾ..
ਆਪਣਾ ਹੱਥ ਅੱਗੇ ਵਧਾ ਭੈਣ ਜੀ ਨੂੰ ਕਾਰ ਤੋਂ ਬਾਹਰ ਆਉਣ ਵਿਚ ਮਦਤ ਕਰਨੀ ਏ ਫੇਰ ਉਸਦਾ ਹੱਥ ਫੜ ਅੰਦਰ ਤੱਕ ਲੈ ਜਾਣਾ..
ਫੇਰ ਗੱਲ ਗੱਲ ਤੇ ਜੀ ਜੀ ਕਰਦੇ ਹੋਏ ਹਰ ਵੇਲੇ ਉਸਦੇ ਅੱਗੇ ਪਿੱਛੇ ਫਿਰਦੇ ਰਹਿਣਾ!
ਇਹ ਸਾਰਾ ਕੁਝ ਵੇਖ ਮੈਨੂੰ ਆਪਣੇ ਨਾਲ ਪੜਾਉਂਦਾ ਰਛਪਾਲ ਸਿੰਘ ਹਰ ਪਾਸਿਓਂ ਬੜਾ ਬੌਣਾ ਜਿਹਾ ਲੱਗਿਆ ਕਰਦਾ..
ਅਕਸਰ ਸੋਚਦੀ ਸ਼ਾਇਦ ਪੈਸੇ ਧੇਲੇ ਪੱਖੋਂ ਅਤੇ ਜੀ ਹਜੂਰੀ ਪੱਖੋਂ ਉਹ ਜੀਜਾ ਜੀ ਨਾਲੋਂ ਕਈ ਕਦਮ ਪਿੱਛੇ ਹੈ..!
ਫੇਰ ਅਗਲੇ ਦਿਨ ਅਕਸਰ ਹੀ ਸਾਡੀ ਕਾਲਜ ਵਿਚ ਕਿਸੇ ਗੱਲੋਂ ਬਹਿਸ ਹੋ ਜਾਇਆ ਕਰਦੀ ਏ ਤੇ ਅਸੀਂ ਕਿੰਨੇ ਕਿੰਨੇ ਦਿਨ ਆਪਸ ਵਿਚ ਬੋਲਦੇ ਤੱਕ ਨਾ!
ਇੱਕ ਵਾਰ ਏਦਾਂ ਹੀ ਪਿੰਡ ਮਿਲਣ ਆਈ ਭੈਣ ਜੀ ਨਾਲ ਆਪਣੇ ਵਿਆਹ ਬਾਰੇ ਗੱਲ ਚੱਲ ਪਈ ਤਾਂ ਕਾਲਜ ਵਾਲੇ ਰਸ਼ਪਾਲ ਸਿੰਘ ਦਾ ਜਿਕਰ ਆਉਂਦਿਆਂ ਹੀ ਮੇਰੇ ਦਿਲ ਦੀ ਗੱਲ ਮੇਰੀ ਜੁਬਾਨ ਤੇ ਆ ਗਈ..
ਮੈਂ ਸਾਫ ਸਾਫ ਆਖ ਦਿੱਤਾ ਕੇ ਮੈਨੂੰ ਪੈਸੇ ਧੇਲੇ ਪੱਖੋਂ ਸਰਬ ਕਲਾ ਸੰਪੂਰਨ ਅਤੇ ਜੀਜਾ ਜੀ ਵਾਂਙ ਹਰੇਕ ਗੱਲ ਦਾ ਧਿਆਨ ਰੱਖਣ ਵਾਲਾ ਮੁੰਡਾ ਚਾਹੀਦਾ ਏ!
ਏਨੀ ਗੱਲ ਸੁਣ ਭੈਣ ਜੀ ਚੁੱਪ ਜਿਹੀ ਕਰ ਗਈ ਤੇ ਫੇਰ ਮੇਰੀ ਬਾਂਹ ਫੜ ਅੰਦਰ ਕਮਰੇ ਵਿਚ ਲੈ ਗਈ..
ਫੇਰ ਅੰਦਰੋਂ ਕੁੰਡੀ ਲਾ ਉਸਨੇ ਕਿੰਨੀਆਂ ਗੱਲਾਂ ਦੱਸੀਆਂ..ਸੋਨੇ ਦੇ ਮੋਟੇ ਮੋਟੇ ਝੁਮਕਿਆ ਦੇ ਹੇਠ ਲੁਕੇ ਹੋਏ ਕਾਲੇ ਧੱਬੇ ਵਿਖਾਏ..ਮਹਿੰਗੇ ਸੂਟ ਦੇ ਅੰਦਰ ਵੱਜੀਆਂ ਗੁਝੀਆਂ ਸੱਟਾਂ ਦੇ ਨਿਸ਼ਾਨ ਨੰਗੇ ਕਰ ਦਿੱਤੇ ਤੇ ਅਖੀਰ ਵਿਚ ਫੋਨ ਵਿਚ ਸੇਵ ਕੀਤੀਆਂ ਕਿੰਨੀਆਂ ਸਾਰੀਆਂ ਐਸੀਆਂ ਫੋਟੋਆਂ ਵਿਖਾਈਆਂ ਜਿਹਨਾਂ ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..!
ਸੁਫਨਿਆਂ ਦੇ ਪਰੀ ਲੋਕ ਵਿਚ ਉਡਾਰੀਆਂ ਮਾਰਦੀ ਹੋਈ ਮੈਂ ਅਚਾਨਕ ਭੁੰਜੇ ਆਣ ਡਿੱਗੀ..!
ਫੇਰ ਭੈਣ ਜੀ ਦੇ ਆਥਣ ਵੇਲੇ ਵਾਪਿਸ ਪਰਤਣ ਮਗਰੋਂ ਇਸ ਵਾਰ ਕਾਲਜ ਵਾਲਾ ਰਛਪਾਲ ਸਿੰਘ ਮੈਨੂੰ ਕਦ ਕਿਰਦਾਰ ਅਤੇ ਹੋਰ ਕਿੰਨੇ ਸਾਰੇ ਪੱਖਾਂ ਤੋਂ ਅੱਗੇ ਨਾਲੋਂ ਵੀ ਉਚਾ ਲੱਗ ਰਿਹਾ ਸੀ..!
ਸੋ ਦੋਸਤੋ ਦੁਨੀਆ ਵਿਚ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ ਤੇ ਜਦੋਂ ਹੀਰੇ ਦੀ ਨਕਲੀ ਪਰਤ ਚਾੜੀ ਕਈ ਕਾਲੇ ਸਵਾਹ ਕੋਇਲੇ ਆਪਣੀ ਥੋੜ-ਚਿਰੀ ਚਮਕ ਦਮਕ ਨਾਲ ਕਿਸੇ ਚੰਗੇ ਭਲੇ ਦੀਆਂ ਅੱਖਾਂ ਅੰਨੀਆਂ ਕਰ ਦੇਣ ਤਾਂ ਫੇਰ ਸਾਰੀ ਜਿੰਦਗੀ ਅੱਖੀਆਂ ਵਿਚ ਹੰਜੂ ਤੇ ਤਕਦੀਰ ਵਿਚ ਸਿੱਲੇ ਰੁਮਾਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ ਤੇ ਅਖੀਰ ਨਹੀਓਂ ਲੱਭਣੇ ਲਾਲ ਗਵਾਚੇ..ਮਿੱਟੀ ਨਾ ਫਰੋਲ ਬੰਦਿਆ ਵਾਲੀ ਗੱਲ ਸੋਲਾਂ ਆਨੇ ਸੱਚ ਹੋ ਨਿੱਬੜਦੀ ਏ!
ਹਰਪ੍ਰੀਤ ਸਿੰਘ ਜਵੰਦਾ