ਇਹ ਕੁਦਰਤ ਸਾਨੂੰ ਜਿਸ ਹਾਲਾਤ ਵਿੱਚ ਪੈਦਾ ਕਰਦੀ ਹੈ, ਸਾਨੂੰ ਜਾਂ ਤਾਂ ਮੁਕੰਮਲ ਬਣਾ ਕੇ ਭੇਜਦੀ ਹੈ ਜਾਂ ਫ਼ਿਰ ਸਾਨੂੰ ਕੋਈ ਨਾ ਕੋਈ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਮੁਕੰਮਲ ਬਣਾਉਣਾ ਪੈਂਦਾ ਹੈ। ਬਹੁਤੀ ਵਾਰੀ ਅਸੀਂ ਅਧੂਰੇ ਹੀ ਇਸ ਦੁਨੀਆ ਉੱਤੇ ਆਉਂਦੇ ਹਾਂ ਤੇ ਚਲੇ ਜਾਂਦੇ ਹਾਂ। ਸਾਡੀਆਂ ਹੱਥਾਂ ਦੀਆਂ ਲਕੀਰਾਂ ਵਿੱਚ ਪਤਾ ਨਹੀਂ ਕਿੰਨੇ ਹੀ ਰਿਸ਼ਤੇ ਨਾਤੇ ਲਿਖੇ ਹੁੰਦੇ ਨੇ ਪਰ ਅਸੀਂ ਆਪ ਉਹ ਤਲੁਕਾਤ ਗਵਾ ਬਹਿੰਦੇ ਹਾਂ ਜਾਂ ਫ਼ਿਰ ਜਿਹਨਾਂ ਹੱਥਾਂ ਦੀਆਂ ਲਕੀਰਾਂ ਵਿੱਚ ਅਸੀਂ ਸਾਰੀ ਉਮਰ ਸ਼ਾਮਿਲ ਰਹਿਣਾ ਸੀ, ਉਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸਾਨੂੰ ਗੁਆ ਬਹਿੰਦੇ ਨੇ। ਇੱਕ ਫੁੱਲ ਓਨੀ ਦੇਰ ਆਪਣੀ ਜ਼ਿੰਦਗੀ ਦਾ ਸਫ਼ਰ ਮੁਕੰਮਲ ਨਹੀਂ ਕਰਦਾ ਜਿੰਨੀ ਦੀ ਉਸਨੂੰ ਕਿਸੇ ਸ਼ਹਿਦ ਦੀ ਮੱਖੀ ਜਾਂ ਫ਼ਿਰ ਕਿਸੇ ਤਿਤਲੀ ਦੀ ਛੋਹ ਪ੍ਰਾਪਤ ਨਹੀਂ ਹੁੰਦੀ। ਇਸ ਚੰਨ ਦੀ ਖ਼ੂਬਸੂਰਤੀ ਨੂੰ ਵੀ ਅਕਸਰ ਬੱਦਲ ਢਕ ਲੈਂਦੇ ਨੇ, ਸੂਰਜ ਦੀ ਲੋਅ ਅਤੇ ਤਪਸ਼ ਵੀ ਬੱਦਲਵਾਈ ਵਾਲੇ ਦਿਨ ਇਸ ਜ਼ਮੀਨ ਤੱਕ ਨਹੀਂ ਪਹੁੰਚ ਸਕਦੀ। ਪਹਾੜ ਓਨੀ ਦੇਰ ਹੀ ਸੋਹਣੇ ਲੱਗਦੇ ਨੇ ਜਿੰਨੀ ਦੇਰ ਉਹਨਾਂ ਉੱਤੇ ਬਰਫ਼ ਨਜ਼ਰ ਆਉਂਦੀ ਹੈ ਜਾਂ ਫ਼ਿਰ ਵੰਨ ਸੁਵੰਨੇ ਰੁੱਖਾਂ ਦੀ ਹਰਿਆਲੀ ਨਾਲ ਉਹ ਢਕੇ ਰਹਿਣ। ਰੁੰਡ ਪਰੁੰਡ ਜਿਹੇ ਪਹਾੜ ਕਿਸੇ ਨੂੰ ਵੀ ਦਿਲਕਸ਼ ਨਹੀਂ ਲੱਗਦੇ। ਕਦੀ ਸੁੱਕੀਆਂ ਪਈਆਂ ਨਦੀਆਂ ਵੱਲ ਦੇਖਣਾ, ਸਿਰਫ਼ ਰੇਤ ਪੱਥਰ ਅਤੇ ਲੋਕਾਂ ਦੁਆਰਾ ਸੁੱਟਿਆ ਕੂੜਾ ਹੀ ਨਜ਼ਰ ਆਉਂਦਾ ਹੈ। ਕਈ ਵਾਰੀ ਔਰਤ ਪਤੀ ਬਿਨ ਅਧੂਰੀ ਰਹਿੰਦੀ ਹੈ, ਪਤੀ ਮਿਲਦਾ ਹੈ ਤਾਂ ਔਲਾਦ ਬਿਨ ਉਸਦਾ ਔਰਤ ਹੋਣਾ ਸੰਪੂਰਨ ਨਹੀਂ ਹੁੰਦਾ। ਜੇਕਰ ਔਲਾਦ ਮਿਲਦੀ ਹੈ ਤਾਂ ਬਹੁਤੀ ਵਾਰੀ ਉਸਦੀ ਅਗਲੀ ਪੀੜ੍ਹੀ ਦੀ ਖ਼ੁਸ਼ੀ ਉਸਨੂੰ ਹਾਸਿਲ ਨਹੀਂ ਹੁੰਦੀ।
ਤਾਰਿਆਂ ਦਾ ਸੁਹੱਪਣ ਵੀ ਸਿਰਫ਼ ਹਨ੍ਹੇਰੇ ਵਿੱਚ ਹੀ ਦਿਸਦਾ ਹੈ, ਨਹੀਂ ਤਾਂ ਉਹਨਾਂ ਦੀ ਮੌਜੂਦਗੀ ਤਾਂ ਅਸਮਾਨ ਵਿੱਚ ਹਰ ਵਕਤ ਹੈ। ਮੰਗਲ, ਅਰੁਣ, ਵਰੁਣ, ਸ਼ਨੀ ਆਦਿ ਧਰਤੀ ਨਾਲੋਂ ਕਿਤੇ ਵੱਡੇ ਨੇ ਪਰ ਆਕਸੀਜਨ, ਪਾਣੀ ਅਤੇ ਜੀਵਨ ਦੀ ਕਮੀ ਕਰਕੇ ਉਹ ਵੀ ਕਿਸੇ ਕੰਮ ਦੇ ਨਹੀਂ ਹਨ। ਰੱਬ ਨੇ ਜ਼ਿੰਦਗੀ ਦਿੱਤੀ ਪਰ ਅੱਖਾਂ ਨਹੀਂ ਦਿੱਤੀਆਂ, ਅੱਖਾਂ ਦਿੱਤੀਆਂ ਨੇ ਪਰ ਜ਼ੁਬਾਨ ਖੋਹ ਲਈ, ਅਜਿਹੀ ਹਾਲਤ ਵਿੱਚ ਤਾਂ ਸੌ ਸਾਲ ਦੀ ਉਮਰ ਵੀ ਅਧੂਰੀ ਹੀ ਜਾਪਦੀ ਹੈ।
ਕਣਕ ਦੀ ਫ਼ਸਲ ਉੱਤੇ ਮੀਂਹ ਪੈਂਦਾ ਰਹੇ ਤਾਂ ਪੂਰੀ ਫ਼ਸਲ ਤਬਾਹ ਹੋ ਜਾਂਦੀ ਹੈ, ਉਹੀ ਮੀਂਹ ਝੋਨੇ ਲਈ ਮਦਦਗਾਰ ਸਾਬਿਤ ਹੁੰਦਾ ਹੈ। ਇਹ ਪੂਰੀ ਕਾਇਨਾਤ, ਇਹ ਪੂਰਾ ਦਾਰੋਮਦਾਰ ਇੱਕ ਦੂਜੇ ਬਿਨ੍ਹਾਂ ਅਧੂਰਾ ਹੈ। ਮੁਕੰਮਲ ਕੁੱਝ ਵੀ ਨਹੀਂ ਹੈ। ਅਸੀਂ ਅਧੂਰੇ ਹੀ ਹਾਂ। ਕਿਸੇ ਚੀਜ਼ ਦੀ ਹੋਂਦ ਜਾਂ ਤਾਂ ਸਾਡੇ ਵਜੂਦ ਲਈ ਜ਼ਰੂਰੀ ਹੈ ਜਾਂ ਫ਼ਿਰ ਉਸਦੀ ਅਣਹੋਂਦ ਹੀ ਸਾਡੇ ਲਈ ਫਾਇਦੇਮੰਦ ਹੈ। ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਆਪਣਾ ਆਪ ਨੂੰ ਪੂਰਾ ਕਰਨ ਲਈ। ਜਦ ਤੱਕ ਸਾਡੇ ਵਿੱਚ ਸਿਆਣਪ ਆਉਂਦੀ ਹੈ ਤਦ ਤੱਕ ਸਾਡੀਆਂ ਅੱਖਾਂ, ਦੰਦ, ਚਮੜੀ ਅਤੇ ਹੱਥ ਪੈਰ ਆਦਿ ਕਮਜ਼ੋਰ ਹੋ ਚੁੱਕੇ ਹੁੰਦੇ ਨੇ। ਮੁਕੰਮਲ ਜਹਾਨ ਕਿਸੇ ਨੂੰ ਨਹੀਂ ਮਿਲਦਾ।
ਮਸ਼ਹੂਰ ਸ਼ਾਇਰ ਨਿਦਾ ਫ਼ਾਜ਼ਲੀ ਜੀ ਨੇ ਸ਼ਾਇਦ ਇਸੇ ਕਰਕੇ ਲਿਖਿਆ ਸੀ…
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਿਸੀ ਕੋ ਜ਼ਮੀਂ ਤੋ ਕਿਸੀ ਕੋ ਆਸਮਾਂ ਨਹੀਂ ਮਿਲਤਾ।
ਲਿਖਤ ਅਤੇ ਤਸਵੀਰ : ਸ਼ਹਿਬਾਜ਼ ਖ਼ਾਨ
(03 ਅਪ੍ਰੈਲ 2023)
ਬਹੁਤ ਵਧੀਆ ਲਿਖਿਆ।