ਐਤਵਾਰ ਦੀ ਛੁੱਟੀ..
ਨਾਸ਼ਤੇ ਮਗਰੋਂ ਚਾਹ ਦਾ ਕੱਪ ਪੀਂਦਿਆਂ ਹੀ ਨਿੱਘੀ ਧੁੱਪ ਵਿਚ ਸੋਫੇ ਤੇ ਪਏ ਨੂੰ ਨੀਂਦ ਆ ਗਈ..
ਅਚਾਨਕ ਬਾਹਰ ਗੇਟ ਤੇ ਘੰਟੀ ਵੱਜੀ..
ਵੇਖਿਆ ਕੰਮ ਵਾਲੀ ਸੀ..ਨਾਲ ਨਿੱਕਾ ਜਿਹਾ ਜਵਾਕ ਵੀ..ਬੜਾ ਗੁੱਸਾ ਚੜਿਆ ਅੱਜ ਏਡੀ ਛੇਤੀ ਕਿਓਂ ਆ ਗਈ..?
ਫੇਰ ਜਾਗੋ-ਮੀਟੀ ਵਿਚ ਹੀ ਕਿੰਨੇ ਸਾਰੇ ਸੁਨੇਹੇ ਦੇ ਦਿੱਤੇ..
ਬੀਬੀ ਜੀ ਪ੍ਰਭਾਤ ਫੇਰੀ ਤੇ ਗਈ ਏ..ਭਾਂਡਿਆਂ ਮਗਰੋਂ ਕੱਪੜੇ ਧੋਣ ਵਾਲੀ ਮਸ਼ੀਨ ਚਲਾ ਦੇਣੀ..ਦੁਪਹਿਰ ਜੋਗੀ ਦਾਲ ਚੁਗ ਦੇਣੀ..
ਸਭ ਤੋਂ ਜਰੂਰੀ..ਪੋਣੇ ਹੇਠ ਰੱਖੀ ਰੋਟੀ ਅਤੇ ਸਬਜੀ ਗੇਟ ਤੇ ਮੰਗਣ ਆਉਂਦੇ ਫਕੀਰ ਦੇ ਕਾਲੇ ਕੁੱਤੇ ਨੂੰ ਜਰੂਰ ਪਾ ਦੇਣੀ..ਚੇਤੇ ਨਾਲ!
ਆਪ ਮੁੜ ਸੋਫੇ ਤੇ ਇਕੱਠਾ ਜਿਹਾ ਹੋ ਗਿਆ..
ਅਜੇ ਮੁੜ ਨੀਂਦਰ ਪਈ ਹੀ ਸੀ ਕੱਪ ਟੁੱਟਣ ਦੀ ਅਵਾਜ ਆਈ..
ਫੇਰ ਗੁੱਸਾ ਚੜ ਗਿਆ..ਭਾਂਡੇ ਧੋਣੇ ਵੀ ਨੀ ਆਉਂਦੇ ਕੁਚੱਜੀ ਨੂੰ..ਏਨੀ ਅਵਾਜ ਕਰਦੀ ਏ!
ਗਵਾਚ ਗਈ ਨੀਂਦਰ ਨਾਲ ਲੁਕਣਮੀਚੀ ਅਜੇ ਇੱਕ ਵੇਰ ਫੇਰ ਸ਼ੁਰੂ ਹੋਈ ਹੀ ਸੀ ਕੇ ਨਿੱਕੇ ਜਵਾਕ ਦੀ ਤਿੱਖੀ ਚੀਕ ਦਿਮਾਗ ਨੂੰ ਚੀਰਦੀ ਹੋਈ ਸਿੱਧੀ ਵਜੂਦ ਅੰਦਰ ਆ ਵੜੀ!
ਇਸ ਵੇਰ ਫੈਸਲਾ ਕਰ ਹੀ ਲਿਆ ਕੇ ਸਬਕ ਸਿਖਾਉਣਾ ਏ..ਪੱਕਾ ਜੁਆਬ ਹੀ ਦੇ ਦੇਣਾ..!
ਗੁੱਸੇ ਨਾਲ ਰਸੋਈ ਵੱਲ ਨੂੰ ਹੋ ਤੁਰਿਆ..
ਪੁੱਛਿਆ ਤਾਂ ਆਖਣ ਲੱਗੀ “ਸਾਬ ਜੀ ਕੁੱਤੇ ਜੋਗੀ ਰੱਖੀ ਰੋਟੀ ਨਿੱਕੇ ਨੇ ਮੈਥੋਂ ਚੋਰੀ ਖਾ ਲਈ ਸੀ ਤੇ ਫੇਰ ਸਬਜੀ ਖਾਂਦੇ ਦੇ ਸੰਘ ਵਿਚ ਮਿਰਚ ਲੱਗ ਗਈ..
ਬਥੇਰਾ ਪਾਣੀ ਪਿਆਇਆ ਪਰ ਅਜੇ ਵੀ ਰੋਣੇ ਨਹੀਂ ਹਟਦਾ..!
ਡਰੇ ਹੋਏ ਦੇ ਅੱਥਰੂ ਗੱਲਾਂ ਤੇ ਰੁਕ ਗਏ ਸਨ ਤੇ ਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀ..!
ਫੇਰ ਪਤਾ ਨੀ ਦਿਲ ਵਿਚ ਕੀ ਆਈ..
ਛੇਤੀ ਨਾਲ ਅੰਦਰੋਂ ਅਲਮਾਰੀ ਵਿੱਚੋਂ ਪਿੰਡੋਂ ਲਿਆਂਦੇ ਗਿਰੀਆਂ ਵਾਲੇ ਗੁੜ ਵਾਲਾ ਡੱਬਾ ਬਾਹਰ ਲੈ ਆਂਦਾ..ਵੱਡੀ ਸਾਰੀ ਢੇਲੀ ਤੋੜ ਨਿੱਕੇ ਨੂੰ ਫੜਾ ਦਿੱਤੀ..ਉਹ ਖੁਸ਼ ਹੋ ਗਿਆ..!
ਫੇਰ ਉਸ ਦਿਨ ਨਾ ਤੇ ਫਕੀਰ ਹੀ ਆਇਆ ਤੇ ਨਾ ਹੀ ਉਸਦਾ ਕੁੱਤਾ..ਪਰ ਪਤਾ ਨਹੀਂ ਕਿਓਂ ਮੈਨੂੰ ਜਿੰਦਗੀ ਦੀ ਬੇਹਤਰੀਨ ਨੀਂਦ ਜਰੂਰ ਆਈ!
ਹਰਪ੍ਰੀਤ ਸਿੰਘ ਜਵੰਦਾ