ਰੇਨੂ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧਿਤ ਕੁੜੀ ਸੀ।ਸੋਹਣਾ ਪਿਆਰ ਭਰਿਆ ਪਰਿਵਾਰ, ਪਤੀ ਦੋ ਬੱਚੇ।
ਦਫ਼ਤਰ ਵਿੱਚ ਨੌਕਰੀ ਲੱਗੀ ਹੋਈ ਸੀ।ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ।ਮਿੱਠ ਬੋਲੜੀ ਸੀ ਪਰ ਗੱਲ ਘੱਟ ਕਰਦੀ ਸੀ । ਸਾਦਗੀ ਦੀ ਮੂਰਤ ਪਰ ਪਲੀਜ਼ਿੰਗ ਪਰਸਨੈਲਟੀ ਦੀ ਮਾਲਿਕ ਸੀ। ਜਦੋ ਕੋਈ ਉਸਦੀ ਤਾਰੀਫ਼ ਕਰਦਾ ਤਾਂ ਨਾਲ ਦੀਆਂ ਸਾਥਣਾਂ ਅੰਦਰੋਂ ਅੰਦਰੀ ਖਾਰ ਖਾਂਦੀਆਂ ਸੀ।
ਚਾਹ ਦੇ ਵਕਤ ਸਾਰੇ ਕਰਮਚਾਰੀ ਕੰਟੀਨ ਵਿੱਚ ਚਾਹ ਪੀਣ ਆਉਦੇ ਸੀ।
ਇਕ ਦਿਨ ਉਹ ਚਾਹ ਪੀਣ ਲਈ ਬੈਠੀ ਹੀ ਸੀ ਕਿ ਨਾਲ ਕੰਮ ਕਰਦੇ ਇੱਕ ਕਰਮਚਾਰੀ ਨਰਿੰਦਰ ਨੇ ਬੜੀ ਹਲੀਮੀ ਨਾਲ ਕਿਹਾ “ਮੈਡਮ ਜੀ ਇੱਥੇ ਬਹਿਕੇ ਤੁਹਾਡੇ ਨਾਲ ਚਾਹ ਪੀ ਸਕਦਾ?”
ਚਾਹ ਪੀਣ ਦੇ ਵਕਤ ਅਕਸਰ ਸਾਰੀਆਂ ਮੈਡਮਾਂ ਇਕੱਠੀਆਂ ਹੋ ਜਾਦੀਆ ਸਨ।
ਇਹ ਮੈਡਮ ਰੇਨੂ ਕਦੇ ਕਿਸੇ ਨੂੰ ਉਡੀਕਦੀ ਨਹੀਂ ਸੀ ,ਜਦ ਮਨ ਕਰਨਾ ਇਕੱਲਿਆਂ ਵੀ ਕੰਟੀਨ ਵਿੱਚ ਆਕੇ ਚਾਹ ਦਾ ਕੱਪ ਪੀ ਲੈਂਦੀ ਸੀ। ਰੇਨੂ ਨੇ ਨਰਿੰਦਰ ਵਲ ਦੇਖਿਆ ਤੇ ਕਿਹਾ ਕਿਉਂ ਨਹੀਂ, “ਬੈਠੋ ਬੈਠੋ ਇਹ ਦਫ਼ਤਰ ਦੀ ਕੰਟੀਨ ਹੈ ਕੋਈ ਵੀ ਬੈਠ ਸਕਦਾ।”
ਚਾਹ ਆਗਈ, ਪੀਂਦਿਆ ਪੀਂਦਿਆ ਆਪਸੀ ਜਾਣ ਪਹਿਚਾਣ ਹੋਣ ਲੱਗ ਪਈ।
ਤੁਸੀਂ ਕਿੱਥੋਂ ਦੇ ਹੋ?
ਪਤਨੀ ਕੀ ਕਰਦੀ ਆ?
ਕਿੰਨੇ ਭੈਣ ਭਾਈ ਆ?
ਕਿੰਨੀ ਦੇਰ ਹੋ ਗਈ ਵਿਆਹ ਨੂੰ?
ਕਿਨੇ ਬੱਚੇ ਆ?
ਹਰ ਰੋਜ ਚਾਹ ਪੀਣ ਬੈਠਿਆਂ ਇਹ ਸਾਰੀਆਂ ਗੱਲਾਂ ਸਾਂਝੀਆ ਹੋਣ ਲੱਗੀਆਂ।
ਗੱਲਾ ਗੱਲਾ ਵਿੱਚ ਨਰਿੰਦਰ ਨੇ ਦੱਸਿਆ ਕਿ ਉਸਦੀ ਕੋਈ ਭੈਣ ਨਹੀਂ ।
ਰੇਨੂ ਕਹਿੰਦੀ ਤੁਸੀਂ ਬਹੁਤ ਲੱਕੀ ਹੋ,ਬੜਾ ਕੁੱਝ ਕਰਨਾ ਪੈਂਦਾ, ਬੜੀਆਂ ਜਿੰਮੇਵਾਰੀਆ ਹੁੰਦੀਆਂ ਭੈਣਾਂ ਦੀਆਂ। ਨਰਿੰਦਰ ਨੂੰ ਗੁੱਸਾ ਲੱਗਿਆ ਕਹਿੰਦਾ ਇੰਝ ਨਾ ਕਹੋ ਮੈ ਤਾਂ ਬਹੁਤ ਅਨਲੱਕੀ ਹਾਂ। ਰੇਨੂ ਕਹਿੰਦੀ ਕੋਈ ਨਹੀਂ ਤੁਹਾਡੀ ਇਹ ਕਮੀ ਅਸੀਂ ਪੂਰੀ ਕਰ ਦਿੰਨੇ ਆਂ ਤੇ ਤੁਹਾਨੂੰ ਲੱਕੀ ਬਣਾ ਦਿੰਦੇ ਹਾਂ।
ਨਰਿੰਦਰ ਕਹਿੰਦਾ ਨਹੀਂ ਨਹੀਂ ਮੈਡਮ ਜੀ ਇਹ ਨਹੀਂ ਹੋ ਸਕਦਾ ਮੈਂ ਕਿਸੇ ਨੂੰ ਭੈਣ ਨਹੀਂ ਬਣਾ ਸਕਦਾ। ਮੈਨੂੰ ਜਿੰਦਗੀ ਦਾ ਬਹੁਤ ਮਾੜਾ ਤਜ਼ਰਬਾ ਹੈ।
ਮੇਰੀ ਮਾਂ ਨਹੀਂ ਸੀ ਇੱਕ ਪੜੋਸੀ ਔਰਤ ਮੇਰੀ ਮਾਂ ਬਣ ਗਈ ਸੀ।ਉਹ ਮੈਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ। ਉਸਦੀ ਧੀ ਵੀ ਮੈਂਨੂੰ ਭਰਾਵਾਂ ਵਾਂਗ ਪਿਆਰ ਕਰਦੀ ਸੀ।ਮੈਂ ਅਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਣ ਲੱਗ ਪਿਆ ਸੀ। ਫਿਰ ਉਸ ਭੈਣ ਦਾ ਵਿਆਹ ਹੋ ਗਿਆ।ਭੈਣ ਦਾ ਘਰ ਵਾਲਾ ਮੇਰੀ ਉਸ ਮਾਂ ਬਣੀ ਔਰਤ ਨੂੰ ਤਾਨੇ ਦੇਣ ਲੱਗ ਪਿਆ। ਤੁਸੀਂ ਘਰ ਵਿੱਚ ਮੁਸ਼ਟੰਡਾ ਪਾਲ ਰੱਖਿਆ ਹੈ।ਮੇਰਾ ਉਸ ਘਰ ਵਿੱਚ ਤੇ ਉਸ ਭੈਣ ਦੇ ਘਰ ਜਾਣਾ ਮੁਸ਼ਕਿਲ ਹੋ ਗਿਆ।ਮੇਰਾ ਦਿਲ ਦੁੱਖੀ ਹੋ ਗਿਆ। ਉਸਤੋਂ ਬਾਦ ਮੈਂ ਕਿਸੇ ਨੂੰ ਮਾਂ ਜਾ ਭੈਣ ਨਹੀਂ ਬਣਾਇਆ।
ਰੇਨੂੰ ਨੇ ਕਿਹਾ , ਠੀਕ ਹੈ ਜਿਵੇਂ ਤੁਹਾਡੀ ਮਰਜੀ । ਮੇਰੇ ਅਪਣੇ ਭਰਾ ਤਾਂ ਹੈਗੇ ਆ ਪਰ ਮੈਨੂੰ ਕਿਸੇ ਨੂੰ ਭਰਾ ਕਹਿਣ ਵਿੱਚ ਕੋਈ ਇਤਰਾਜ਼ ਨਹੀਂ।
ਇਸ ਤਰਾਂ ਵਕਤ ਬੀਤਦਾ ਗਿਆ ਤੇ ਸਾਂਝਾ ਵਧਦੀਆਂ ਗਈਆਂ। ਨਰਿੰਦਰ ਬੀਮਾਰ ਹੋ ਗਿਆ ਤੇ ਹਸਪਤਾਲ ਵਿੱਚ ਸੀ ।
ਇੱਕ ਦਿਨ ਰੇਨੂ ਅਪਣੇ ਪਤੀ ਨਾਲ ਅਪਣੇ ਪੇਕੇ ਘਰ ਭਾਈ ਦੂਜ ਦਾ ਤਿਉਹਾਰ ਮਨਾ ਕੇ ਆ ਰਹੀ ਸੀ ।ਰਸਤੇ ਵਿੱਚ ਨਰਿੰਦਰ ਨੂੰ ਦੇਖਣ ਚਲੀ ਗਈ।ਨਰਿੰਦਰ ਦੀ ਪਤਨੀ ਨਾਲ ਵੀ ਮੁਲਾਕਾਤ ਹੋਈ। ਰੇਨੂ ਨੇ ਨਰਿੰਦਰ ਦੇ ਗੁੱਟ ਤੇ ਲਾਲ ਮੌਲੀ ਬੰਨੀ ਤੇ ਭਾਈਦੂਜ ਦਾ ਟਿੱਕਾ ਲਾ ਦਿੱਤਾ। ਰੇਨੂ ਬੜੀ ਖੁਸ਼ ਸੀ। ਨਰਿੰਦਰ ਵੀ ਰੇਨੂ ਨੂੰ ਬੜਾ ਮੋਹ ਜਿਤਾਉਦਣ ਲੱਗ ਪਿਆ । ਉਹ ਅਕਸਰ ਇਹ ਗੱਲ ਦੁਹਰਾਉਂਦਾ ਰਹਿੰਦਾ ਕਿ ਮੈਰਾ ਤੇਰੇ ਨਾਲ ਰੂਹ ਦਾ ਰਿਸ਼ਤਾ ਹੈ ।
ਦੇਖ ਰੇਨੂ ਰੂਹ ਦੇ ਰਿਸ਼ਤੇ, ਦੁਨਿਆਵੀ ਰਿਸ਼ਤਿਆਂ ਤੋ ਕਿਤੇ ਉੱਪਰ ਹੁੰਦੇ ਆ।ਮੈਨੂੰ ਤੇ ਤੈਨੂੰ ਦੇਖ ਕੇ ਕਵਿਤਾਵਾਂ ਔੜਣ ਲੱਗ ਪੈੰਦੀਆ।ਰੇਨੂੰ ਨੂੰ ਸੁਣ ਕੇ ਹਾਸਾ ਆ ਜਾਂਦਾ। ਹੋਲੀ ਹੋਲੀ ਨਰਿੰਦਰ ਘਰਦੇ ਦੁੱਖ ਸੁੱਖ ਸਾਂਝੇ ਕਰਨ ਲੱਗ ਪਿਆ। ਘਰਾਂ ਵਿੱਚ ਆਪਸੀ ਆਉਣ ਜਾਣ ਵਧ ਗਿਆ।
ਪਰ ਉਹ ਦਿਲੋਂ ਰੇਨੂ ਨੂੰ ਭੈਣ ਮੰਨਣ ਤੇ ਇਨਕਾਰੀ ਰਿਹਾ।ਰੇਨੂੰ ਨੂੰ ਸਮਝ ਨਹੀਂ ਲੱਗੀ। ਉੰਝ ਉਹ ਬਹੁਤ ਅਪਣਾਪਣ ਦਿਖਾਉਂਦਾ ਸੀ। ਇੱਕ ਦਿਨ ਉਸਨੇ ਦੱਸਿਆ ਕਿ ਉਹ
ਬਹੁਤ ਦੁਖੀ ਰਹਿੰਦਾ ਹੈ।ਉਸਦਾ ਅਪਣੀ ਪਤਨੀ ਨਾਲ ਬਹੁਤ ਝਗੜਾ ਰਹਿੰਦਾ ਹੈ।ਰਾਤ ਨੂੰ ਸ਼ਰਾਬ ਪੀਕੇ ਸੜਕਾਂ ਤੇ ਘੁਮਦਾ ਰਹਿੰਦਾ ਹੈ।ਰੱਬ ਜਾਣੇ ਉਹ ਸੱਚ ਕਹਿੰਦਾ ਸੀ ਜਾਂ ਝੂਠ।
ਰੇਨੂ ਨੂੰ ਇਹ ਸਭ ਸੁਣਕੇ ਬਹੁਤ ਦੁੱਖ ਲੱਗਿਆ। ਉਦੋਂ ਮੁਬਾਇਲ ਨਹੀਂ ਸੀ ਹੁੰਦੇ।ਮੋਹ ਭਿੱਜੀ ਰੇਨੂ ਨੇ ਇਕ ਹਿਦਾਅਤਾਂ ਭਰੀ ਚਿੱਠੀ ਲਿਖ ਕੇ ੳਸਦੇ ਘਰ ਪੋਸਟ ਕਰ ਦਿੱਤੀ ,ਜਿਵੇਂ ਉਹ ਅਪਣੇ ਭਰਾ ਭਰਜਾਈਆਂ ਵਿੱਚ ਹੋਏ ਝਗੜਿਆਂ ਵੇਲੇ ਕਰਦੀ ਸੀ। ਪੇਕੇ ਘਰ ਉਸਦੀ ਬਹੁਤ ਪੁੱਛ ਸੀ। ਸਾਰੇ ਉਸਦੀ ਗੱਲ ਮੰਨਦੇ ਸੀ।
ਰੇਨੂ ਦੀ ਚਿੱਠੀ ਨੇ ਨਰਿੰਦਰ ਦੇ ਘਰ ਕਲੇਸ਼ ਪਾ ਦਿੱਤਾ।
ਨਰਿੰਦਰ ਨੇ ਆਕੇ ਰੇਨੂ ਨੂੰ ਦੱਸਿਆ। ਰੇਨੂ ਕਹਿੰਦੀ ਮੈਨੂੰ ਕੀ ਪਤਾ ਸੀ ਮੈਨੂੰ ਗੁੱਸਾ ਆਇਆ ਮੈਂ ਡਾਂਟ ਦਿੱਤਾ। ਨਰਿੰਦਰ ਨੇ ਰੇਨੂ ਨੂੰ ਇੱਕ ਕਾਗਜ ਤੇ ਕੁੱਝ ਲਿਖਕੇ ਕਾਪੀ ਕਰ ਕੇ ਦੇਣ ਲਈ ਕਿਹਾ। ਇਹ ਇੱਕ ਚਿੱਠੀ ਦੀ ਤਰ੍ਹਾਂ ਸੀ ਜੋ ਮੇਰੇ ਭਾਈ ਸਾਹਿਬ ਤੋਂ ਸ਼ੁਰੂ ਹੋਕੇ ਤੁਹਾਡੀ ਭੈਣ ਵਲੋਂ, ਤੇ ਖਤਮ ਸੀ। ਇਹ ਚਿੱਠੀ ੳਸ ਨੇ ਅਪਣੀ ਪਤਨੀ ਨੂੰ ਸਫ਼ਾਈ ਵਝੋਂ ਦੇਣੀ ਸੀ। ਹੁਣ ਰੇਨੂ ਨੂੰ ਅਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ। ਹੁਣ ਉਸਨੂੰ ਦਫ਼ਤਰ ਦੇ ਕਰਮਚਾਰੀਆਂ ਵਲੋਂ ਤੇ ਉਸਦੀ ਪਤਨੀ ਦੀਆਂ ਟਾਂਚਾ ਲਾ ਲਾ ਕੇ ਕੀਤੀਆਂ ਗੱਲਾ ਸਮਝ ਆਉਣ ਲੱਗੀਆਂ। ਉਹ ਨਰਿੰਦਰ ਦੇ ਮੋਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗ ਪਈ।ਉਸਨੂੰ ਇਸ ਵਿੱਚ ਬਹੁਤ ਵਕਤ ਲੱਗਿਆ, ਜੋ ੳਸ ਲਈ ਬਹੁਤ ਪੀੜਾ ਦਾਇਕ ਸੀ।ਬਹੁਤ ਸਮਾਂ ਬੀਤ ਜਾਣ ਤੋਂ ਬਾਅਦ ੳਸਨੂੰ ਪਤਾ ਲੱਗਿਆ ਕਿ ਨਰਿੰਦਰ ਉਸ ਨਾਲ ਤਾ ਬੜਾ ਮੋਹ ਪਿਆਰ ਜਤਾਉਂਦਾ ਸੀ ਪਰ ਅਪਣੀ ਪਤਨੀ ਤੇ ਅਪਣੇ ਸਾਥੀ ਦੋਸਤਾਂ ਨਾਲ ੳਸ ਰੂਹ ਦੇ ਰਿਸ਼ਤੇ ਵਾਰੇ ਬਹੁਤ ਅਲੱਗ ਤਰ੍ਹਾਂ ਦੀ ਚਰਚਾ ਕਰਦਾ ਸੀ।
ਰੇਨੂ ਅਕਸਰ ਸੋਚਦੀ ਜੇ ਅੰਬਾ ਦੀ ਭੁੱਖ ਬਾਖੜੀਆਂ ਨਾਲ ਲੱਥ ਜਾਵੇ ਤਾਂ ਲੋਕੀ ਅੰਬਾ ਨੂੰ ਕਿਉਂ ਰੋਣ।
ਪਰ ਭੈੜੀਏ ਤੇਰੇ ਕੋਲ ਤਾਂ ਅਪਣੇ ਅੰਬ ਵੀ ਹੈਗੇ ਸੀ।
**********
ਬਲਰਾਜ ਚੰਦੇਲ ਜੰਲਧਰ