ਦੋਸਤ ਦੇ ਦਫਤਰ ਵਾਸਤੇ ਵੱਡਾ ਟੇਬਲ ਚਾਹੀਦਾ ਸੀ..ਕਈਆਂ ਸਟੋਰਾਂ ਤੋਂ ਪਤਾ ਕੀਤਾ..ਸਭ ਥਾਈਂ ਮਹਿੰਗਾ ਲੱਗਾ ਹੋਇਆ ਸੀ..ਅਖੀਰ ਲੋਕਲ ਵੈੱਬ ਸਾਈਟ ਤੇ ਮਿਲ ਹੀ ਗਿਆ..!
ਮਿੱਥੇ ਟਾਈਮ ਤਿੰਨ ਜਣੇ ਛੱਡਣ ਆਏ..ਵਡੇਰੀ ਉਮਰ ਵਾਲਾ ਦੱਸਣ ਲੱਗਾ ਕੇ ਇਹ ਮੇਰੇ ਪਿਤਾ ਦਾ ਹੈ..ਦਸ ਸਾਲ ਪਹਿਲੋਂ ਲਿਆ ਸੀ..ਬੜਾ ਸੰਭਾਲ ਕੇ ਰਖਿਆ..ਖਾਸ ਕਰਕੇ ਬੱਚਿਆਂ ਨੂੰ ਕਦੇ ਨੇੜੇ ਨਹੀਂ ਜਾਣ ਦਿੱਤਾ..ਜੇ ਕਦੇ ਇੱਕ ਸਕ੍ਰੈਚ ਵੀ ਪੈ ਜਾਂਦਾ ਤਾਂ ਗਲ਼ ਪੈ ਜਾਇਆ ਕਰਦਾ..!
ਮੈਂ ਪੁੱਛਿਆ ਉਹ ਹੁਣ ਹੈ ਕਿਥੇ?
ਆਖਣ ਲੱਗਾ ਹਸਪਤਾਲ ਵਿਚ ਹੈ..ਯਾਦਾਸ਼ਤ ਚਲੀ ਗਈ..ਸਾਰੇ ਸਿਸਟਮ ਫੇਲ ਹੋ ਗਏ ਤੇ ਕਦੇ ਵੀ ਮਾੜੀ ਖਬਰ ਆ ਸਕਦੀ ਏ..ਕੋਰਟ ਦੀ ਆਗਿਆ ਨਾਲ ਅਸਾਂ ਹੁਣ ਉਸਦਾ ਘਰ ਵੇਚ ਦਿੱਤਾ ਏ ਤੇ ਅੰਦਰ ਦਾ ਸਾਰਾ ਸਮਾਨ ਵੀ ਅਸੀਂ ਤਿੰਨੋਂ ਭੈਣ ਭਾਈਆਂ ਆਪੋ ਵਿਚ ਵੰਡ ਵੱਖੋ ਵੱਖ ਵੇਚਣੇ ਲਾਇਆ ਹੋਇਆ..!
ਏਨੇ ਨੂੰ ਬਾਬੇ ਦੇ ਦੋ ਪੋਤਰੇ ਜੋ ਨਾਲ ਆਏ ਸਨ..ਓਹਨਾ ਹੱਥੋਂ ਟੇਬਲ ਛੁੱਟ ਗਿਆ ਤੇ ਪਾਸੇ ਜਿਹੇ ਇੱਕ ਨਿੱਕਾ ਜਿਹਾ ਨਿਸ਼ਾਨ ਪੈ ਗਿਆ..!
ਸਾਡੇ ਕੁਝ ਆਖਣ ਤੋਂ ਪਹਿਲੋਂ ਹੀ ਆਖਣ ਲੱਗਾ ਕੇ ਹੁਣ ਤੁਸੀਂ ਮਿੱਥੇ ਮੁੱਲ ਤੋਂ ਪੰਜਾਹ ਡਾਲਰ ਘੱਟ ਦੇ ਦਿਓ..ਆਹ ਨਿਸ਼ਾਨ ਸਾਡੀ ਗਲਤੀ ਕਰਕੇ ਜੁ ਪਿਆ ਹੈ..!
ਦੋਸਤ ਬੜਾ ਖੁਸ਼ ਕੇ ਜਾਂਦੇ ਜਾਂਦੇ ਹੋਰ ਫਾਇਦਾ ਹੋ ਗਿਆ ਪਰ ਕੋਲ ਖਲੋਤਾ ਮੈਂ ਘਟਾਏ ਹੋਏ ਡਾਲਰਾਂ ਬਾਰੇ ਹੀ ਸੋਚੀ ਜਾ ਰਿਹਾ ਸਾਂ..ਮੈਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਹਸਪਤਾਲ ਪਏ ਦੀ ਸਾਰੀ ਉਮਰ ਦੀ ਕਮਾਈ..ਕੀਤੇ ਹੋਏ ਸਰਫ਼ੇ ਤੰਗੀਆਂ ਤੁਰਸ਼ੀਆਂ ਦਾ ਮੁੱਲ ਅਖੀਰ ਵਿਚ ਸਿਰਫ ਪੰਜਾਹ ਡਾਲਰ ਹੀ ਪਿਆ ਹੋਵੇ!
ਜੰਦਰਾ ਮਾਰ ਘਰ ਨੂੰ ਤੁਰਨ ਲੱਗੇ ਤਾਂ ਦੋਸਤ ਨੂੰ ਰੋਕ ਲਿਆ..ਆਖਿਆ ਯਾਰ ਇੱਕ ਗੱਲ ਆਖਣੀ..ਕਹਿੰਦਾ ਕੀ?
ਆਖਿਆ ਜਿੰਨੀ ਦੇਰ ਵੀ ਆਹ ਟੇਬਲ ਤੇਰੇ ਦਫਤਰ ਅੰਦਰ ਰਹੇ ਆਪਣੇ ਕਿਸੇ ਜਵਾਕ ਨੂੰ ਅੰਦਰ ਆਉਣੋਂ ਨਾ ਰੋਕੀ..ਤੇ ਜੇ ਕਿਧਰੇ ਕੋਈ ਨਿਸ਼ਾਨ ਪੈ ਵੀ ਜਾਵੇ ਤਾਂ ਕਿਸੇ ਨੂੰ ਗੁੱਸੇ ਵੀ ਨਾ ਹੋਵੀਂ..ਮੈਂ ਨਹੀਂ ਚਹੁੰਦਾ ਕੇ ਤੇਰੇ ਮਗਰੋਂ ਜਦੋਂ ਇਹ ਟੇਬਲ ਕਿਧਰੇ ਹੋਰ ਦਫਤਰ ਦਾ ਸ਼ਿੰਗਾਰ ਬਣਨ ਜਾਵੇ ਤਾਂ ਤੇਰੀ ਔਲਾਦ ਨੂੰ ਵੀ ਇੰਝ ਦੀਆਂ ਰਿਆਇਤਾਂ ਦੇਣੀਆਂ ਪੈ ਜਾਣ!
ਆਖਣ ਲੱਗਾ ਅਜੇ ਕਾਰੋਬਾਰ ਸ਼ੁਰੂ ਹੀ ਕੀਤਾ ਤੇ ਤੂੰ ਬਦਸ਼ਗਨੀ ਵਾਲੀਆਂ ਗੁੰਝਲਦਾਰ ਗੱਲਾਂ ਸ਼ੁਰੂ ਹੋ ਗਿਆ..!
ਅੱਗਿਓਂ ਆਖਿਆ ਭਾਈ ਹਸਪਤਾਲ ਪਏ ਬਾਬੇ ਨੇ ਵੀ ਇੱਕ ਦਿਨ ਇਹੋ ਗੱਲ ਸੋਚੀ ਹੋਣੀ..ਅਸਲ ਵਿਚ ਖੇਡ ਏਨੀ ਲੰਮੀ ਨਹੀਂ ਹੁੰਦੀ ਜਿੰਨੀ ਸਾਨੂੰ ਅਕਸਰ ਲੱਗਣ ਲੱਗਦੀ ਏ!
ਹਰਪ੍ਰੀਤ ਸਿੰਘ ਜਵੰਦਾ