ਸਰਕਾਰ ਨੇ ਅੱਤਵਾਦ ਖਤਮ ਕਰਨ ਦਾ ਸਖ਼ਤ ਫੈਸਲਾ ਕਰ ਲਿਆ ਸੀ, ਸਰਕਾਰੀ ਆਦੇਸ਼ ਮਿਲਣ ਕਾਰਨ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹੌਲਦਾਰ ਤੋ ਲੈ ਕੇ ਐੱਸ ਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ, ‘‘ਅੱਤਵਾਦ ਖਤਮ ਕਰਨਾ ਰਾਜ ਸਰਕਾਰ ਦਾ ਦ੍ਰਿੜ ਫੈਸਲਾ ਹੈ, ਭਾਵੇਂ ਇਸ ਫੈਸਲੇ ਨੂੰ ਲਾਗੂ ਕਰਨ ਲਈ ਭਾਰੀ ਨੁਕਸਾਨ ਵੀ ਕਿਉਂ ਨਾ ਉਠਾਉਣਾ ਪਵੇ। ਸਾਰੇ ਅਧਿਕਾਰੀਆਂ ਨੂੰ ਅਦੇਸ ਦਿੱਤੇ ਜਾ ਰਹੇ ਹਨ, ਕਿ ਇਹ ਫੈਸਲਾ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸਤੋਂ ਪਹਿਲਾਂ ਵੀ ਭਾਵੇਂ ਸਮੁੱਚੀ ਪੁਲਿਸ ਆਪਣਾ ਵਧੀਆ ਯੋਗਦਾਨ ਪਾ ਰਹੀ ਹੈ, ਪਰ ਸਭ ਤੋਂ ਚੰਗਾ ਕੰਮ ਬੋਘ ਸਿੰਘ ਇੰਸਪੈਕਟਰ ਦਾ ਹੈ, ਜਿਸਨੇ ਚੋਟੀ ਦੇ ਕਈ ਅੱਤਵਾਦੀ ਪਾਰ ਬੁਲਾ ਦਿੱਤੇ ਹਨ, ਸਾਰਿਆਂ ਨੂੰ ਇਸਦੇ ਕੰਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਬੋਘ ਸਿੰਘ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਹੋਰ ਦਲੇਰੀ ਨਾਲ ਆਪਣੇ ਰਸਤੇ ਤੇ ਵਧਦੇ ਰਹਿਣ, ਉਸਨੂੰ ਲੋੜ ਅਨੁਸਾਰ ਸਹਿਯੋਗ ਦਿੱਤਾ ਜਾਵੇਗਾ।’’
ਇਹ ਭਾਸ਼ਣ ਸੁਣਦਿਆਂ ਜਿਲ੍ਹਾ ਪੁਲਿਸ ਵਿੱਚ ਚਰਚਾ ਛਿੜ ਪਈ। ਬੋਘ ਸਿੰਘ ਨੂੰ ਵੀ ਆਪਣੀ ਤਾਰੀਫ਼ ਸੁਣ ਕੇ ਬੇਹੱਦ ਹੌਸਲਾ ਮਿਲ ਗਿਆ, ਪੁਲਿਸ ਮੁਖੀ ਜਿਸ ਬੋਘ ਸਿੰਘ ਨੂੰ ਸਲਾਹੁਦਿਆਂ ਨਹੀਂ ਸੀ ਥੱਕ ਰਿਹਾ, ਆਮ ਲੋਕ ਉਸਨੂੰ ਬੋਘੇ ਬੁੁੱਚੜ ਦੇ ਨਾਂ ਨਾਲ ਜਾਣਦੇ ਸਨ। ਇਸ ਇੰਸਪੈਕਟਰ ਨੇੇ ਕਿਸੇ ਅੱਤਵਾਦੀ ਨਾਲ ਮੁਕਾਬਲਾ ਨਹੀਂ ਸੀ ਕੀਤਾ, ਪਰ ਉਹ ਅੱਤਵਾਦ ਦੇ ਨਾਂ ਹੇਠ ਨੌਜਵਾਨਾਂ ਨੂੰ ਫੜ ਲੈਂਦਾ ਜਾਂ ਕਿਸੇ ਹੋਰ ਵਿਅਕਤੀ ਰਾਹੀਂ ਪੇਸ਼ ਕਰਵਾ ਲੈਂਦਾ, ਫਿਰ ਉਸਤੇ ਤਸ਼ੱਦਦ ਕਰਨ ਤੋਂ ਬਾਅਦ ਵਿੱਚ ਮਾਰ ਮੁਕਾਉਣ ਦਾ ਮਾਹਰ ਸੀ, ਇਸੇ ਕਰਕੇ ਆਮ ਲੋਕ ਉਸਨੂੰ ਬੋਘਾ ਬੁੱਚੜ ਵਜੋਂ ਜਾਣਦੇ ਸਨ। ਉਹ ਕਿਸੇ ਭੱਜੇ ਹੋਏ ਨੌਜਵਾਨ ਦੇ ਪਰਿਵਾਰ, ਰਿਸ਼ਤੇਦਾਰ ਜਾਂ ਉਸਦੇ ਕਿਸੇ ਨਜ਼ਦੀਕੀ ਦੋਸਤ ਨੂੰ ਤੰਗ ਪਰੇਸਾਨ ਕਰਦਾ, ਥਾਣੇ ਲਿਆ ਕੇ ਕੁਟਮਾਰ ਕਰਦਾ ਅਤੇ ਰੂਪੋਸ ਹੋਏ ਨੌਜਵਾਨ ਨੂੰ ਫੜਾ ਦੇਣ ਦਾ ਵਾਅਦਾ ਲੈ ਕੇ ਹੀ ਛਡਦਾ ਅਤੇ ਇਸ ਕੰਮ ਵਿੱਚ ਉਹ ਬਹੁਤੇ ਵਾਰ ਸਫ਼ਲ ਵੀ ਹੋ ਜਾਂਦਾ। ਜਿਹੜਾ ਵੀ ਭਗੌੜਾ ਨੌਜਵਾਨ ਉਸਦੇ ਹੱਥ ਲੱਗ ਜਾਂਦਾ, ਉਸ ਉੱਪਰ ਉਹ ਅੱਤ ਦਰਜੇ ਦਾ ਤਸੱਦਦ ਕਰਦਾ। ਕੁੱਟਣਾ, ਪੁੱਠਾ ਲਟਕਾਉਣਾ, ਬਿਜਲੀ ਦੇ ਕਰੰਟ ਲਾਉਣ, ਘੋਟੇ ਲਾਉਣੇ, ਬਲੇਡਾਂ ਨਾਲ ਚੀਰ ਲਾ ਕੇ ਉਹਨਾਂ ’ਚ ਲੂਣ ਤੇ ਮਿਰਚਾ ਝੱਸ ਦੇਣੀਆਂ, ਰਿਸਤੇਦਾਰਾਂ ਮੂਹਰੇ ਅਲਫ ਨੰਗਾ ਕਰਕੇ ਉਸਤੇ ਤਸ਼ੱਦਦ ਕਰਨਾ ਆਦਿ ਉਸਦੇ ਸ਼ੁਗਲ ਸਨ। ਇਹ ਤਸ਼ੱਦਦ ਕਰਦਾ ਉਹ ਕੇਵਲ ਸੰਤਸ਼ਟ ਹੀ ਨਹੀਂ ਸੀ ਹੁੰਦਾ, ਸਗੋਂ ਹਸਦਾ ਲਲਕਾਰੇ ਮਾਰਦਾ ਹੋਇਆ ਆਪਣੇ ਅੰਦਰਲੀ ਹੰਕਾਰ ਦੀ ਧੁਖਦੀ ਅੱਗ ਨੂੰ ਸਾਂਤ ਕਰਦਾ। ਜਿਲ੍ਹਾ ਪੁਲਿਸ ਮੁਖੀ ਦੀ ਤਕਰੀਰ ਨੇ ਉਸਦਾ ਹੌਸਲਾ ਹੋਰ ਵਧਾ ਦਿਤਾ ਸੀ।
ਕਿਸੇ ਮੁਖਬਰ ਵੱਲੋਂ ਕੀਤੀ ਚੁਗਲੀ ਦੇ ਅਧਾਰ ਤੇ ਉਸਨੇ ਪਿੰਡ ਭੈਣੀ ਦੇ ਇੱਕ ਚੰਗੇ ਖਾਨਦਾਨ ਦੇ ਪਰਿਵਾਰ ਦੇ ਘਰ ਜਾ ਛਾਪਾ ਮਾਰਿਆ। ਪਰਿਵਾਰ ਦੇ ਮਾਲਕ ਵਜੀਰ ਸਿੰਘ ਦੇ ਦੋ ਪੁੱਤਰ ਬਿੱਕਰ ਸਿੰਘ, ਜਰਨੈਲ ਸਿੰਘ ਉਰਫ ਜੈਲਾ ਅਤੇ ਇੱਕ ਪੁੱਤਰੀ ਪਲਵਿੰਦਰ ਕੌਰ ਜਿਸਨੂੰ ਗੋਰੀ ਚਿੱਟੀ ਤੇ ਖੂਬਸੂਰਤ ਹੋਣ ਕਾਰਨ ਸਾਰੇ ਪਿਆਰ ਨਾਲ ਪਿੱਲੀ ਹੀ ਕਹਿ ਦਿੰਦੇ, ਸਨ। ਛਾਪਾ ਮਾਰਨ ਸਮੇਂ ਬਿੱਕਰ ਸਿੰਘ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ, ਬਾਕੀ ਸਾਰਾ ਪਰਿਵਾਰ ਰੋਟੀ ਖਾਣ ਉਪਰੰਤ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪੁਲਿਸ ਨੂੰ ਦੇਖਦਿਆਂ ਸਾਰਾ ਪਰਿਵਾਰ ਭੈਭੀਤ ਹੋ ਗਿਆ, ਆਂਢ ਗੁਆਂਢ ਵਿੱਚ ਤਰਥੱਲੀ ਮੱਚ ਗਈ। ਕੋਈ ਪਿੰਡ ਵਾਸੀ ਜਦ ਪਤਾ ਕਰਨ ਲਈ ਵਜੀਰ ਸਿੰਘ ਦੇ ਘਰ ਵੱਲ ਜਾਣ ਦੀ ਹਿੰਮਤ ਕਰਦਾ ਤਾਂ ਇਹ ਪਤਾ ਲੱਗਣ ਤੇ ਕਿ ਛਾਪਾ ਬੋਘੇ ਬੁੱਚੜ ਨੇ ਮਾਰਿਐ, ਪਿੱਛੇ ਮੁੜਣ ਵਿੱਚ ਹੀ ਭਲਾ ਸਮਝਦਾ। ਬੋਘਾ ਬੁੱਚੜ ਘਰ ਦੇ ਵਿਹੜੇ ’ਚ ਖੜਾ ਲਲਕਾਰੇ ਮਾਰਦਾ ਤੇ ਗਾਲ੍ਹਾਂ ਦਿੰਦਾ ਰਿਹਾ। ਉਹ ਕਦੇ ਵਜੀਰ ਸਿੰਘ ਦੇ ਅਤੇ ਕਦੇ ਉਸਦੀ ਪਤਨੀ ਸੀਤੋ ਨੂੰ ਧੱਕੇ ਮਾਰਦਾ ਤੇ ਕਦੇ ਪਿੱਲੀ ਨੂੰ ਗੁੱਤੋਂ ਫੜ ਕੇ ਘੜੀਸਣ ਦੀ ਕੋਸ਼ਿਸ਼ ਕਰਦਾ, ਜੈਲੇ ਨੂੰ ਦੋ ਪੁਲਿਸ ਕਮਚਾਰੀਆਂ ਨੇ ਪਿੱਛੇ ਬਾਹਾਂ ਬੰਨ੍ਹ ਕੇ ਬਿਠਾ ਰੱਖਿਆ ਸੀ। ਪੁਲਿਸ ਵਾਲੇ ਬਿੱਕਰ ਸਿੰਘ ਨੂੰ ਪੇਸ਼ ਕਰਨ ਲਈ ਦਬਾਅ ਪਾ ਰਹੇ ਸਨ, ਵਜੀਰ ਸਿੰਘ ਤੇ ਉਸਦੀ ਪਤਨੀ ਨੇ ਬੋਘੇ ਬੁੱਚੜ ਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ, ਉਸਦੇ ਪੈਰਾਂ ਤੇ ਪੱਗ ਚੁੰਨੀ ਰੱਖੀ ਪਰ ਉਸਦਾ ਦਿਲ ਨਾ ਪਘਰਿਆ, ਆਖ਼ਰ ਚਾਰ ਦਿਨਾਂ ਦੇ ਅੰਦਰ ਅੰਦਰ ਬਿੱਕਰ ਨੂੰ ਪੇਸ਼ ਕਰਨ ਦਾ ਹੁਕਮ ਸੁਣਾ ਕੇ ਤੇ ਜੈਲੇ ਨੂੰ ਨਾਲ ਲੈ ਕੇ ਥਾਨੇ ਵੱਲ ਨੂੰ ਤੁਰ ਗਿਆ।
ਵਜੀਰ ਸਿੰਘ ਨੇ ਥਾਨੇ ਜਾ ਜਾ ਕੇ ਬੋਘ ਸਿੰਘ ਦੇ ਪੈਰ ਫੜੇ ਵੀ ਜੈਲੇ ਨਾਲ ਮਿਲਾ ਦਿਉ, ਪਰ ਕਿਸੇ ਨਾ ਸੁਣੀ, ਬਥੇਰੀਆਂ ਸਿਫ਼ਾਰਸਾਂ ਪਵਾਈਆਂ ਤੇ ਮੂੰਹੋਂ ਮੰਗੀ ਰਕਮ ਦੇਣ ਦੇ ਵਾਅਦੇ ਕੀਤੇ, ਪਰ ਸਭ ਕੁਝ ਬੇਅਰਥ ਹੀ ਰਿਹਾ। ਪੰਦਰਾਂ ਦਿਨਾਂ ਬਾਅਦ ਵਜੀਰ ਸਿੰਘ ਉਦੋਂ ਧਾਹਾਂ ਮਾਰ ਕੇ ਕੰਧਾਂ ਵਿੱਚ ਟੱਕਰਾਂ ਮਾਰਨ ਲੱਗ ਪਿਆ, ਜਦ ਉਸਨੇ ਪੰਜਾਬੀ ਦੇ ਅਖ਼ਬਾਰ ਦੇ ਮੁੱਖ ਪੰਨੇ ਤੇ ਖਬਰ ਪੜ੍ਹੀ, ‘‘ਬੱਬਰ ਖਾਲਸਾ ਦਾ ਇੱਕ ਚੋਟੀ ਦਾ ਦਹਿਸਤਗਰਦ ਜਰਨੈਲ ਸਿੰਘ ਉਰਫ ਜੈਲਾ ਵਾਸੀ ਭੈਣੀ, ਹਰਿਆਣਾ ਦੀ ਸਰਹੱਦ ਤੇ ਲਗਦੇ ਪਿੰਡ ਫੱਲੜ ਦੇ ਨਜਦੀਕ ਕਰੀਬ ਡੇਢ ਘੰਟਾ ਚੱਲੇ ਮੁਕਾਬਲੇ ’ਚ ਮਾਰਿਆ ਗਿਆ। ਪੁਲਿਸ ਨੇ ਉਸ ਵੱਲੋਂ ਵਰਤੀ ਏ ਕੇ ਸੰਤਾਲੀ ਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਹੈ।’’ ਪਤਾ ਲਗਦਿਆਂ ਪਿੰਡ ਵਾਸੀ ਵਜੀਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਲਈ ਇੱਕਠੇ ਹੋ ਗਏ। ਸਭ ਨੂੰ ਪਤਾ ਸੀ ਕਿ ਜੈਲੇ ਨੂੰ ਤਾਂ ਪੁਲਿਸ ਵਾਲੇ ਘਰੋਂ ਚੁੱਕ ਕੇ ਲੈ ਗਏ ਸਨ ਤੇ ਉਸਦਾ ਕਿਸੇ ਅੱਤਵਾਦੀ ਨਾਲ ਵੀ ਕੋਈ ਸਬੰਧ ਨਹੀਂ ਸੀ, ਉਹ ਮਿਹਨਤੀ ਨੌਜਵਾਨ ਸੀ। ਪਰ ਬੋਘੇ ਬੁੱਚੜ ਤੋਂ ਡਰਦਾ ਕੋਈ ਵੀ ਜ਼ੁਬਾਨ ਖੋਹਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਇੱਕ ਮੁਖਬਰ ਦੀ ਗਲਤ ਸੂਚਨਾ ਨੇ ਵਸਦਾ ਰਸਦਾ ਘਰ ਉਜਾੜ ਦਿੱਤਾ ਸੀ, ਜਿਸਦੇ ਪਿੱਛੇ ਬੋਘੇ ਦੇ ਖਾਸਮ ਖਾਸ ਵਿਅਕਤੀ ਦੀ ਨਿੱਜੀ ਰੰਜਸ਼ ਕੰਮ ਕਰਦੀ ਸੀ। ਵਜੀਰ ਸਿੰਘ ਦਾ ਪਰਿਵਾਰ ਵੀ ਬੇਵੱਸ ਸੀ ਤੇ ਜੈਲੇ ਦੀ ਲਾਸ਼ ਲੈਣ ਲਈ ਉਹਨਾਂ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਲਾਸ਼ ਤਾਂ ਪੁਲਿਸ ਵਾਲਿਆਂ ਨੇ ਹੀ ਫੂਕ ਦਿੱਤੀ ਸੀ। ਆਖ਼ਰ ਵਜੀਰ ਸਿੰਘ ਨੇ ਘਰ ’ਚ ਸਹਿਜ ਪਾਠ ਕਰਵਾ ਕੇ ਜੈਲੇ ਦੀ ਅੰਤਿਮ ਅਰਦਾਸ ਕਰ ਦਿੱਤੀ ਤੇ ਸਬਰ ਦਾ ਘੁੱਟ ਭਰ ਕੇ ਬੈਠ ਗਿਆ।
ਬੋਘੇ ਬੁੱਚੜ ਦਾ ਕਾਲਜਾ ਅਜੇ ਠਰਿਆ ਨਹੀਂ ਸੀ, ਉਸਨੇ ਮੁੜ ਵਜੀਰ ਸਿੰਘ ਤੇ ਬਿੱਕਰ ਨੂੰ ਪੇਸ਼ ਕਰਨ ਲਈ ਦਬਾਅ ਪਾਉਣਾ ਸੁਰੂ ਕਰ ਦਿੱਤਾ, ਪਰ ਬਿੱਕਰ ਦਾ ਬਾਪ ਜਾਣਦਾ ਸੀ ਕਿ ਬੋਘਾ ਬੁੱਚੜ ਉਸਨੂੰ ਵੀ ਮਾਰ ਮੁਕਾ ਦੇਵੇਗਾ, ਇਸ ਲਈ ਬਿੱਕਰ ਨੂੰ ਕਿਸੇ ਦੂਰ ਦੀ ਰਿਸ਼ਤੇਦਾਰੀ ’ਚ ਸਿਰ ਲਕੋ ਕੇ ਸਮਾਂ ਕੱਟਣ ਲਈ ਭੇਜ ਦਿੱਤਾ। ਹੁਣ ਬੋਘੇ ਬੁੱਚੜ ਨੇ ਵੇਲੇ ਕੁਵਲੇ ਉਹਨਾਂ ਦੇ ਘਰ ਛਾਪੇ ਮਾਰਨੇ ਸੁਰੂ ਕਰ ਦਿੱਤੇ, ਜਦ ਉਸਦੇ ਤਿੰਨ ਛਾਪਿਆਂ ਦੌਰਾਨ ਬਿੱਕਰ ਹੱਥ ਨਾ ਲੱਗਾ ਤਾਂ ਉਹ ਵਜੀਰ ਸਿੰਘ, ਉਸਦੀ ਪਤਨੀ ਸੀਤੋ ਤੇ ਉਹਨਾਂ ਦੀ ਪੁੱਤਰੀ ਪਲਵਿੰਦਰ ਕੌਰ ਉਰਫ ਪਿੱਲੀ ਨੂੰ ਚੁੱਕ ਕੇ ਥਾਨੇ ਲੈ ਗਿਆ। ਦੇਰ ਸਾਮ ਸ਼ਰਾਬੀ ਹਾਲਤ ’ਚ ਬੋਘਾ ਬੁੱਚੜ ਥਾਨੇ ਆਇਆ ਤਾਂ ਉਸਦੀ ਨਿਗਾਹ ਹਵਾਲਾਤ ਵਿੱਚ ਬੈਠੇ ਵਜੀਰ ਸਿੰਘ ਤੇ ਪਈ, ਉਸਨੇ ਤਿੰਨਾਂ ਨੂੰ ਬਾਹਰ ਕੱਢ ਲਿਆ, ਉਹਨਾਂ ਦੇ ਥੱਪੜ ਤੇ ਠੁੱਡੇ ਮਾਰੇ, ਕੱਪੜੇ ਪਾੜ ਦਿੱਤੇ, ਰੱਜ ਕੇ ਗਾਲ੍ਹਾਂ ਦਿੱਤੀਆਂ ਤੇ ਫਿਰ ਮੁੜ ਹਵਾਲਾਤ ਵਿੱਚ ਬੰਦ ਕਰਨ ਦਾ ਹੁਕਮ ਦੇ ਕੇ ਆਪ ਦਫ਼ਤਰ ਵਿੱਚ ਜਾ ਬੈਠਾ ਤੇ ਵਿਸਕੀ ਦੇ ਪੈੱਗ ਲਾਉਣ ਲੱਗਾ, ਜਿੱਥੋਂ ਉਸਨੂੰ ਹਵਾਲਾਤ ਪੂਰੀ ਤਰ੍ਹਾਂ ਦਿਖਾਈ ਦਿੰਦੀ ਸੀ। ਵਜੀਰ ਸਿੰਘ, ਸੀਤੋ ਤੇ ਪਿੱਲੀ ਗੁੱਛ ਮੁੱਛ ਹੋਏ ਬੈਠੇ ਸਨ, ਸ਼ਾਇਦ ਉਹ ਫਟੇ ਕੱਪੜਿਆਂ ਚੋਂ ਦਿਸ ਰਿਹਾ ਆਪਣਾ ਆਪਣਾ ਅਧਨੰਗਾ ਬਦਨ ਲਕੋਣ ਦੀ ਕੋਸਿਸ ਕਰ ਰਹੇ ਸਨ। ਉਹਨਾਂ ਦੀ ਸਾਰੀ ਰਾਤ ਸਿਸਕੀਆਂ ਲੈਂਦਿਆਂ ਦੀ ਨਿਕਲ ਗਈ। ਦੂਜੇ ਦਿਨ ਦੇ ਕਰੀਬ ਗਿਆਰਾਂ ਵਜੇ ਬੋਘਾ ਬੁੱਚੜ ਫੇਰ ਥਾਨੇ ਆਇਆ, ਉਸਨੇ ਵਜੀਰ ਸਿੰਘ ਤੇ ਸੀਤੋ ਨੂੰ ਇਕੱਲਿਆਂ ਇਕੱਲਿਆਂ ਨੂੰ ਦਫ਼ਤਰ ਵਿੱਚ ਸੱਦ ਕੇ ਬਿੱਕਰ ਬਾਰੇ ਪੁੱਛ ਗਿੱਛ ਕੀਤੀ ਤੇ ਵਾਪਸ ਹਵਾਲਾਤ ਵਿੱਚ ਭੇਜ ਦਿੱਤਾ। ਫਿਰ ਪਿੱਲੀ ਨੂੰ ਬੁਲਾਇਆ ਗਿਆ, ਉਸਤੋਂ ਵੀ ਬਿੱਕਰ ਬਾਰੇ ਪੁੱਛਿਆ, ਪਰ ਅਜਿਹਾ ਕਰਦਿਆਂ ਉਸਨੇ ਨਾ ਗਾਲ ਦਿੱਤੀ ਨਾ ਸਖ਼ਤੀ ਕੀਤੀ। ਜਦ ਪਿੱਲੀ ਨੇ ਬਿੱਕਰ ਬਾਰੇ ਅਣਜਾਣਤਾ ਦੱਸੀ ਤਾਂ ਬੋਘੇ ਨੇ ਗੱਲ ਦੂਜੇ ਪਾਸੇ ਮੋੜ ਲਈ। ਉਸਨੇ ਪਿੱਲੀ ਨੂੰ ਕਿਹਾ, ‘‘ਦੇਖ ਇੱਥੇ ਥੋਡੀਆਂ ਚੀਕਾਂ ਸੁਣਨ ਵਾਲਾ ਵੀ ਕੋਈ ਨਹੀਂ, ਮੈਂ ਜੋ ਮਰਜੀ ਕਰ ਸਕਦਾ ਹਾਂ, ਮੈਂ ਤੈਨੂੰ ਆਪਣੀ ਹਵਸ਼ ਦਾ ਸ਼ਿਕਾਰ ਵੀ ਬਣਾ ਸਕਦਾ ਹਾਂ। ਪਰ ਜੋ ਪਹਿਲਾਂ ਹੋ ਚੁੱਕਾ ਹੈ ਉਸਨੂੰ ਭੁੱਲ ਭੁੱਲਾ ਕੇ ਮੈਂ ਥੋਨੂੰ ਸਾਰਿਆਂ ਨੂੰ ਛੱਡ ਵੀ ਸਕਦਾ ਹਾਂ ਤੇ ਬਿੱਕਰ ਨੂੰ ਵੀ ਬਖਸ਼ ਸਕਦਾ ਹਾਂ। ਪਰ ਧਿਆਨ ਨਾਲ ਸੁਣ ਹਰ ਕੰਮ ਲੈਣ ਦੇਣ ਨਾਲ ਹੀ ਕੀਤਾ ਜਾਂਦਾ ਹੈ, ਜੇ ਤੁਸੀਂ ਸਹਿਮਤ ਹੋ ਜਾਵੋਂ ਤਾਂ ਮੈਂ ਅਜਿਹਾ ਕਰ ਸਕਦਾ ਹਾਂ।’’
ਧਰਤੀ ਖੁਰਚ ਰਹੀ ਪਿੱਲੀ ਨੂੰ ਗੱਲ ਕੁਝ ਹਾਂਅ ਪੱਖੀ ਲੱਗੀ ਤਾਂ ਉਹ ਹੰਝੂਆਂ ਦੀਆਂ ਘਰਾਲਾਂ ਪੂਝਦਿਆਂ ਅੱਖਾਂ ਉੱਚੀਆਂ ਕਰਕੇ ਹੱਥ ਬੰਨ੍ਹ ਕੇ ਬੋਘੇ ਨੂੰ ਕਹਿਣ ਲੱਗੀ, ‘‘ਅਸੀਂ ਆਪਣੀ ਜ਼ਮੀਨ ਦਾ ਕਿੱਲਾ ਵੇਚ ਕੇ ਦੇ ਦੇਵਾਂਗੇ, ਸਾਨੂੰ ਬਖ਼ਸ਼ ਦਿਓ, ਅਸੀਂ ਹਾਂ ਵੀ ਬੇਕਸੂਰ।’’
‘‘ ਦੇਖ ਪਿੱਲੀ! ਨੋਟ ਤਾਂ ਮੇਰੇ ਘਰ ਬੱਕਰੀ ਵੀ ਨਹੀਂ ਖਾਂਦੀ, ਮੈਂ ਪੈਸੇ ਕੀ ਕਰਨੇ ਨੇ, ਪਹਿਲਾਂ ਹੀ ਬਥੇਰੇ ਐ। ਜੇ ਮੇਰੇ ਦਿਲ ਦੀ ਪੁੱਛਦੀ ਹੈਂ ਤਾਂ ਸੱਚ ਇਹ ਐ! ਵੀ ਤੂੰ ਮੇਰੇ ਨਾਲ ਵਿਆਹ ਕਰਵਾ ਲੈ, ਮੈਂ ਤੇਰੇ ਮਾਂ ਬਾਪ ਨੂੰ ਛੱਡ ਦੇਵਾਂਗਾ ਤੇ ਬਿੱਕਰ ਨੂੰ ਵੀ ਕੁਝ ਨਹੀਂ ਕਹਾਂਗਾ। ਤੂੰ ਮੇਰੇ ਘਰ ਐਸ਼ ਕਰੇਂਗੀ, ਕਿਸੇ ਚੀਜ ਦੀ ਵੀ ਘਾਟ ਨਹੀਂ’’ ਬੋਘੇ ਬੁੱਚੜ ਨੇ ਗੱਲ ਸਿਰੇ ਲਾਈ।
‘‘ਇਹ ਕੰਮ ਤਾਂ ਮੇਰੇ ਮਾਪਿਆਂ ਨੇ ਕਰਨੈ, ਮੈ ਮਾਂ ਪਿਓ ਨੂੰ ਪੁੱਛਾਂਗੀ, ਜਿਵੇਂ ਉਹ ਕਹਿਣਗੇ ਮੈ ਦੱਸ ਦੇਵਾਂਗੀ।’’ ਪਿੱਲੀ ਨੇ ਲਾਰਾ ਲਾ ਕੇ ਰਾਤ ਸੌਖੀ ਬਤੀਤ ਕਰਨ ਦਾ ਉਪਰਾਲਾ ਕੀਤਾ।
‘‘ ਚੱਲ ਕਰ ਲੈ ਸਲਾਹ ਮਸ਼ਵਰਾ! ਕੱਲ ਨੂੰ ਦੱਸ ਦੇਵੀਂ। ਪਰ ਇਸ ਨਾਲ ਮੇਰੇ ਦਿਲ ਦੀ ਵੀ ਪੂਰੀ ਹੋ ਜਾਵੇਗੀ ਤੇ ਥੋਡੀ ਵੀ ਭਲਾਈ ਹੈ।’’ ਬੋਘੇ ਨੇ ਸਮਾਂ ਦੇਣ ਵਿੱਚ ਹੀ ਚੰਗਾਈ ਸਮਝੀ।
ਸਾਰੀ ਰਾਤ ਫਿਰ ਤਿੰਨਾਂ ਦੀ ਰੋਂਦਿਆਂ ਸਿਸਕਦਿਆਂ ਦੀ ਹੀ ਬਤੀਤ ਹੋਈ। ਹਾਂ ਕਰਨੀ ਵੀ ਬਹੁਤ ਔਖੀ ਸੀ ਕਿਉਂਕਿ ਬੋਘਾ ਨੀਵੀਂ ਜਾਤ ਨਾਲ ਸਬੰਧ ਰਖਦਾ ਸੀ ਅਤੇ ਵਜੀਰ ਸਿੰਘ ਉੱਚ ਖਾਨਦਾਨ ਦੇ ਜੱਟ ਪਰਿਵਾਰ ਵਿੱਚੋਂ ਸੀ, ਪਰ ਨਾਂਹ ਕਰਨ ਤੇ ਬਿੱਕਰ ਸਿੰਘ ਦੀ ਜਾਨ ਨੂੰ ਖਤਰਾ ਸੀ ਅਤੇ ਸਾਰੇ ਪਰਿਵਾਰ ਨੂੰ ਤਸ਼ੱਦਦ ਵੀ ਝੱਲਣਾ ਪੈਣਾ ਸੀ। ਸਾਰਾ ਪਰਿਵਾਰ ਇਹ ਵੀ ਮਹਿਸੂਸ ਕਰ ਰਿਹਾ ਸੀ ਕਿ ਜੇਕਰ ਨਾਂਹ ਕਰ ਦਿੱਤੀ ਤਾਂ ਬੋਘਾ ਬੁੱਚੜ ਪਿੱਛੇ ਹਟਣ ਵਾਲਾ ਤਾਂ ਹੈ ਨਹੀਂ, ਉਹ ਪਿੱਲੀ ਨਾਲ ਧੱਕਾ ਵੀ ਕਰੇਗਾ ਤੇ ਉਸਦੀ ਇੱਜ਼ਤ ਵੀ ਨਹੀਂ ਬਚੇਗੀ। ਸਾਰੀ ਰਾਤ ਵਿੱਚ ਉਹ ਕਿਸੇ ਫੈਸਲੇ ਤੇ ਨਾ ਪਹੁੰਚ ਸਕੇ। ਦਿਨ ਚੜ੍ਹਦਿਆਂ ਦਫ਼ਤਰ ਖੁੱਲਿ੍ਹਆ ਤਾਂ ਬੋਘਾ ਆਪਣੀ ਕੁਰਸੀ ਤੇ ਆ ਬੈਠਾ ਤੇ ਪਿੱਲੀ ਨੂੰ ਉਸ ਕੋਲ ਪੇਸ਼ ਕਰਨ ਲਈ ਕਿਹਾ। ਪਿੱਲੀ ਬੋਘੇ ਦੇ ਦਫ਼ਤਰ ਵੱਲ ਜਾ ਰਹੀ ਸੀ ਤਾਂ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ, ਬੁੱਲ੍ਹ ਫਰਕ ਰਹੇ ਸਨ ਤੇ ਬੋਘਾ ਉਸਨੂੰ ਜਮਦੂਤ ਦੀ ਸ਼ਕਲ ਵਿੱਚ ਦਿਸਦਾ ਸੀ। ਪਿੱਲੀ ਦਫ਼ਤਰ ਵਿੱਚ ਵੜੀ ਤਾਂ ਉਸਨੇ ਇਸ ਵਾਰ ਧਰਤੀ ਤੇ ਨਹੀਂ ਸਗੋਂ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਫਿਰ ਕਿਹਾ, ‘‘ਕੀ ਫੈਸਲਾ ਕੀਤੈ ਪਿੱਲੀ ਫੇਰ! ਸਮੁੱਚਾ ਪਰਿਵਾਰ ਤਾਂ ਭਾਵੇਂ ਕਿਸੇ ਫੈਸਲੇ ਤੇ ਨਹੀਂ ਸੀ ਪੁੱਜਾ ਪਰ ਪਿੱਲੀ ਨੇ ਆਪਣੀ ਇੱਜ਼ਤ, ਆਬਰੂ, ਜਿੰਦਗੀ, ਸਾਰੇ ਪਰਿਵਾਰ ਦੀ ਸੁਖ ਸਾਂਤੀ, ਭਰਾ ਦੀ ਜਾਨ ਬਖ਼ਸੀ ਲਈ ਆਪਣੇ ਆਪ ਨੂੰ ਸਮਰਪਿਤ ਕਰਦਿਆਂ ਕਿਹਾ, ‘‘ ਅਸੀਂ ਥੋਡੇ ਤੋਂ ਬਾਹਰ ਤਾਂ ਨਹੀਂ, ਮੇਰੀ ਹਾਂ ਐ।’’ ਸਾਮ ਨੂੰ ਤਿੰਨਾਂ ਨੂੰ ਥਾਨੇ ਚੋਂ ਛੱਡ ਦਿੱਤਾ ਗਿਆ ਤੇ ਉਹ ਘਰ ਚਲੇ ਗਏ। ਹੁਣ ਨਾ ਕਦੇ ਪੁਲਿਸ ਘਰੇ ਆਈ, ਨਾ ਕਿਸੇ ਨੇ ਧਮਕੀ ਦਿੱਤੀ ਅਤੇ ਨਾ ਹੀ ਬਿੱਕਰ ਨੂੰ ਪੇਸ਼ ਕਰਨ ਲਈ ਦਬਾਅ ਪਾਇਆ।
ਕਈ ਦਿਨਾਂ ਬਾਅਦ ਬੋਘਾ ਬੁੱਚੜ ਸਿਵਲ ਕੱਪੜਿਆਂ ਵਿੱਚ ਆਪਣੀ ਪ੍ਰਾਈਵੇਟ ਕਾਰ ਤੇ ਵਜੀਰ ਸਿੰਘ ਦੇ ਘਰ ਪਹੁੰਚਿਆ ਅਤੇ ਅਗਲੇ ਐਤਵਾਰ ਨੂੰ ਰਾਮਾ ਮੰਡੀ ਦੇ ਇੱਕ ਗੁਰਦੁਆਰੇ ਵਿੱਚ ਅਨੰਦ ਕਾਰਜ ਕਰਾਉਣ ਦੀ ਸਹਿਮਤੀ ਲੈ ਲਈ। ਭਾਵੇਂ ਉਹ ਪਹਿਲਾਂ ਵੀ ਸ਼ਾਦੀ ਸ਼ੁਦਾ ਸੀ ਅਤੇ ਉਸਦੇ ਇੱਕ ਲੜਕਾ ਤੇ ਇੱਕ ਲੜਕੀ ਵੀ ਸੀ ਅਤੇ ਬਗੈਰ ਤਲਾਕ ਲਿਆਂ ਕਾਨੂੰਨ ਦੂਜੇ ਵਿਆਹ ਦੀ ਇਜਾਜਤ ਵੀ ਨਹੀਂ ਦਿੰਦਾ, ਪਰ ਮਾੜੇ ਹਾਲਾਤਾਂ ਵਿੱਚ ਜਦ ਸਾਰਾ ਕਾਨੂੰਨ ਪੁਲਿਸ ਅਨੁਸਾਰ ਹੀ ਚਲਦਾ ਸੀ, ਕੌਣ ਸੀ ਬੋਘੇ ਬੁੱਚੜ ਵਰਗੇ ਜੁਲਮਾਂ ਦੇ ਅਧਾਰ ਤੇ ਬਣੇ ਸ਼ਕਤੀਸ਼ਾਲੀ ਅਫ਼ਸਰ ਨੂੰ ਰੋਕਣ ਵਾਲਾ।
ਐਤਵਾਰ ਦਾ ਦਿਨ ਆਇਆ, ਵਜੀਰ ਸਿੰਘ ਆਪਣੇ ਕੁਝ ਰਿਸਤੇਦਾਰਾਂ ਤੇ ਪਰਿਵਾਰ ਸਮੇਤ ਪਿੱਲੀ ਨੂੰ ਲੈ ਕੇ ਰਾਮਾ ਮੰਡੀ ਦੇ ਗੁਰਦੁਆਰਾ ਸਾਹਿਬ ’ਚ ਪਹੁੰਚ ਗਿਆ ਅਤੇ ਬੋਘਾ ਸਿੰਘ ਵੀ ਇੱਕ ਸ਼ਰੀਫ਼ ਇਨਸਾਨ ਦਾ ਦਿਖਾਵਾ ਕਰਦਾ ਹੋਇਆ ਸਜ ਧਜ ਕੇ ਪਹੁੰਚ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਅਨੰਦ ਕਾਰਨ ਦੀ ਰਸਮ ਹੋਈ ਤੇ ਫਿਰ ਭਾਈ ਜੀ ਨੇ ‘ਮੈਂ ਲੜ ਤੇਰੇ ਲਾਗੀ’’ ਦਾ ਸਬਦ ਕੀਰਤਨ ਕੀਤਾ ਤੇ ਅਰਦਾਸ ਕਰਨ ਉਪਰੰਤ ਬੋਘਾ ਆਪਣੀ ਨਵੀਂ ਪਤਨੀ ਪਿੱਲੀ ਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ।
ਸ਼ਰਾਬ ਦੇ ਦੌਰ ਚੱਲੇ, ਬੋਘੇ ਤੇ ਉਸਦੇ ਨਾਲ ਆਏ ਪੁਲਸੀਏ ਭੰਗੜਾ ਪਾਉਣ ਲੱਗ ਪਏ, ਪਿੱਲੀ ਸਭ ਕੁਝ ਔਰਤਾਂ ਵਿੱਚ ਬੈਠੀ ਦੇਖ ਰਹੀ ਸੀ। ਉਹ ਆਪਣੇ ਚਿਹਰੇ ਦੇ ਖੁਸ਼ੀ ਲਿਆਉਣ ਦੇ ਯਤਨ ਕਰ ਰਹੀ ਸੀ, ਅੰਦਰੋਂ ਉਸਨੂੰ ਆਪਣੇ ਭਰਾ ਦੇ ਕਾਤਲ ਤੇ ਜ਼ਾਲਮ ਲੋਕ ਭੰਗੜੇ ਪਾਉਂਦੇ ਦਿਸਦੇ ਸਨ, ਪਰ ਉਹ ਬੇਵੱਸ ਬੈਠੀ ਸੀ। ਦੇਰ ਰਾਤ ਉਹ ਬੈੱਡ ਤੇ ਬੈਠੀ ਇੱਕ ਪਤੀ ਨਹੀਂ ਸਗੋਂ ਜ਼ਾਲਮ ਇਨਸਾਨ ਦੀ ਉਡੀਕ ਕਰ ਰਹੀ ਸੀ, ਉਹ ਆਇਆ ਤਾਂ ਪਿੱਲੀ ਨੇ ਬਣਾਉਟੀ ਹਸਦਾ ਚਿਹਰਾ ਬਣਾ ਕੇ ਉਸਦਾ ਸੁਆਗਤ ਕੀਤਾ। ਉਹ ਕੋਲ ਬੈਠਾ ਤੇ ਪਿੱਲੀ ਦੇ ਸਰੀਰ ਨੂੰ ਟੋਹਣ ਲੱਗਾ, ਪਰ ਉਸ ਲਾਚਾਰ ਨਵ ਵਿਆਹੀ ਨੂੰ ਬੋਘੇ ਦੀਆਂ ਉਂਗਲਾਂ ਦੇ ਪੋਟੇ ਖੁਸ਼ੀ ਦੇਣ ਦੀ ਬਜਾਏ ਸੰਗੀਨ ਚੁਭਣ ਵਾਲਾ ਦਰਦ ਦੇ ਰਹੇ ਸਨ, ਉਸਨੂੰ ਪਤੀ ਪਿਆਰ ਕਰਦਾ ਨਹੀਂ ਸੀ ਲਗਦਾ, ਸਗੋਂ ਇੱਕ ਜ਼ਾਲਮ ਵੱਲੋਂ ਸਰੀਰ ਨੋਚਿਆ ਜਾ ਰਿਹਾ ਪ੍ਰਤੀਤ ਹੁੰਦਾ ਸੀ। ਰਾਤ ਬਤੀਤੀ ਹੋਈ ਸੁਭਾ ਉੱਠਣ ਤੇ ਪਿੱਲੀ ਨੂੰ ਗਰਿਸਥੀ ਜੀਵਨ ਤੋਰਨ ਲਈ ਸਮਾਜ ਵੱਲੋਂ ਬਣਾਇਆ ਖੁਸ਼ੀਆਂ ਭਰਿਆ ਨਿਯਮ ਨਹੀਂ ਲੱਗਿਆ ਸਗੋਂ ਮਰਜੀ ਦੇ ਖਿਲਾਫ ਭੇੜੀਆ ਕਿਸਮ ਦੇ ਵਿਅਕਤੀ ਵੱਲੋਂ ਕੀਤੇ ਬਲਾਤਕਾਰ ਦਾ ਦੁੱਖ ਮਹਿਸੂਸ ਹੋਇਆ। ਪਰ ਉਹ ਸਭ ਕੁਝ ਨਾ ਚਾਹੁੰਦੀ ਹੋਈ ਬਰਦਾਸਤ ਕਰ ਰਹੀ ਸੀ। ਉਧਰ ਬੋਘ ਸਿੰਘ ਦੀ ਪਹਿਲੀ ਪਤਨੀ ਆਪਣੇ ਬੱਚਿਆਂ ਨਾਲ ਬੋਘ ਸਿੰਘ ਨੂੰ ਅਲਵਿਦਾ ਕਹਿ ਕੇ ਆਪਣੇ ਪੇਕੇ ਘਰ ਚਲੀ ਗਈ।
ਪਿੱਲੀ ਨੇ ਬੋਘ ਸਿੰਘ ਦੇ ਘਰ ਨੂੰ ਆਪਣਾ ਘਰ ਸਮਝ ਕੇ ਅਪਣਾ ਤਾਂ ਲਿਆ, ਪਰ ਉਸਨੇ ਇਹ ਫੈਸਲਾ ਕਰ ਲਿਆ ਸੀ ਕਿ ਉਸਦੇ ਜੀਵਨ ਦਾ ਅਖ਼ੀਰਲਾ ਸਮਾਂ ਭਾਵੇਂ ਹੋਰ ਵੀ ਮੁਸੀਬਤਾਂ ਭਰਿਆ ਲੰਘੇ ਪਰ ਉਹ ਬੋਘ ਸਿੰਘ ਦੇ ਨੁਤਫ਼ੇ ਤੋਂ ਔਲਾਦ ਨਹੀਂ ਪੈਦਾ ਕਰੇਗੀ ਸਗੋਂ ਸਮਾਂ ਮਿਲਣ ਤੇ ਉਸਤੋ ਬਦਲਾ ਲਵੇਗੀ। ਕਈ ਸਾਲਾਂ ਦਾ ਸਮਾਂ ਲੰਘ ਗਿਆ, ਪੰਜਾਬ ਵਿੱਚ ਅੱਤਵਾਦ ਦਾ ਦੌਰ ਖਤਮ ਹੋ ਗਿਆ ਅਤੇ ਇਸਦੇ ਨਾਲ ਹੀ ਬੋਘ ਸਿੰਘ ਵਰਗਿਆਂ ਦੀ ਧੱਕੜਸ਼ਾਹੀ ਤੇ ਸਰਦਾਰੀ ਦਾ ਵੀ ਅੰਤ ਹੋ ਗਿਆ। ਰਾਜ ਵਿੱਚ ਸ਼ਾਂਤੀ ਹੋ ਜਾਣ ਤੇ ਜਾਗਰੂਕ ਲੋਕਾਂ ਨੇ ਬੋਘ ਸਿੰਘ ਵੱਲੋ ਬਣਾਏ ਝੂਠੇ ਮੁਕੱਦਮਿਆਂ ਦੀਆਂ ਇਨਕੁਆਰੀਆਂ ਕਰਵਾਉਣ ਲਈ ਹਾਈਕੋਰਟ ਵਿੱਚ ਜਾ ਦਸਤਕ ਦਿੱਤੀ। ਬੋਘ ਸਿੰਘ ਤੇ ਮੁਕੱਦਮਾ ਦਰਜ ਹੋ ਗਿਆ ਤੇ ਮਹਿਕਮੇ ਨੇ ਉਸਨੂੰ ਮੁਅੱਤਲ ਕਰ ਦਿੱਤਾ। ਹੁਣ ਉਸ ਤੇ ਕਈ ਹੋਰ ਮੁਕੱਦਮੇ ਦਰਜ ਹੋ ਗਏ, ਜਿਹਨਾਂ ਦੇ ਅਧਾਰ ਤੇ ਪੁਲਿਸ ਵਿਭਾਗ ਨੇ ਉਸਦੀ ਅਗੇਤਰੀ ਸੇਵਾਮੁਕਤੀ ਕਰਕੇ ਘਰ ਭੇਜ ਦਿੱਤਾ। ਉਮਰ ਵਧ ਜਾਣ, ਆਮਦਨ ਘਟ ਜਾਣ, ਮੁਕੱਦਮਿਆਂ ਦੀ ਪਰੇਸ਼ਾਨੀ ਅਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਕਾਰਨ ਉਹ ਬਹੁਤ ਨਿਰਾਸ਼ਾ ਵਿੱਚ ਚਲਾ ਗਿਆ। ਪਰਿਵਾਰ ਤੇ ਕੀਤੇ ਤਸ਼ੱਦਦ ਧੱਕੇਸ਼ਾਹੀਆਂ ਅਤੇ ਆਪਣੇ ਬੇਕਸੂਰ ਭਰਾ ਦੇ ਕੀਤੇ ਨਜਾਇਜ ਕਤਲ ਦਾ ਬਦਲਾ ਲੈਣ ਲਈ ਪਿੱਲੀ ਨੂੰ ਸਮਾਂ ਯੋਗ ਲੱਗਣ ਲੱਗਿਆ।
ਦੇਰ ਸਾਮ ਜਦ ਪਿੱਲੀ ਬਰਤਨ ਆਦਿ ਸਾਂਭ ਕੇ ਕਮਰੇ ’ਚ ਗਈ ਤਾਂ ਬੋਘਾ ਘੂਕ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਸੀ। ਇਹ ਦੇਖ ਕੇ ਪਿੱਲੀ ਦੇ ਦਿਲ ਵਿੱਚ ਬਦਲੇ ਦੀ ਅੱਗ ਭੜਕ ਪਈ ਅਤੇ ਉਹ ਬੋਘੇ ਦਾ ਰਿਵਾਲਵਰ ਤੇ ਕਾਰਤੂਸ ਲੱਭਣ ਲੱਗੀ। ਜਦ ਉਸਨੂੰ ਰਿਵਾਲਵਰ ਨਾ ਲੱਭਿਆ ਤਾਂ ਉਸਦੀ ਨਿਗਾਹ ਕੁਹਾੜੀ ਤੇ ਪਈ। ਉਹ ਕੁਹਾੜੀ ਲੈ ਕੇ ਕਮਰੇ ਵੱਲ ਜਾਣ ਲੱਗੀ ਤਾਂ ਬੋਘਾ ਅਚਾਨਕ ਜਾਗ ਪਿਆ। ਪਿੱਲੀ ਨੇ ਕੁਹਾੜੀ ਕਮਰੇ ਤੋਂ ਬਾਹਰ ਹੀ ਰੱਖ ਦਿੱਤੀ ਤੇ ਬੋਘੇ ਕੋਲ ਜਾ ਕੇ ਬੈਠ ਗਈ ਅਤੇ ਡੂੰਘੀਆਂ ਸੋਚਾਂ ਵਿੱਚ ਗੁੰਮ ਹੋ ਗਈ। ਉਹ ਕਦੇ ਸੋਚਦੀ ਕਿ ਅੱਜ ਮੌਕਾ ਖੁੰਝ ਗਿਐ, ਕਦੇ ਮਨ ਵਿੱਚ ਕਹਿੰਦੀ ਅਜੇ ਇਹਦੇ ਦਿਨ ਨੀ ਪੂਰੇ ਹੋਏ, ਕਦੇ ਸੋਚਦੀ ਕਿ ਅਜੇ ਇਸਨੂੰ ਪਾਪਾਂ ਦੀ ਸਜ਼ਾ ਹੋਰ ਮਿਲਣੀ ਹੈ, ਆਖਰ ਇਸ ਨਤੀਜੇ ਤੇ ਪਹੁੰਚ ਗਈ ਕਿ ਉਹ ਕੌਣ ਹੈ ਬਦਲਾ ਲੈਣ ਵਾਲੀ, ਉਪਰਲਾ ਸਭ ਜਾਣਦੈ ਉਹੋ ਹੀ ਬਦਲੇ ਲਊ ਗਿਣ ਗਿਣ ਕੇ। ਪਰ ਹੁਣ ਉਹ ਬੋਘੇ ਬੁੱਚੜ ਨੂੰ ਟਿੱਚ ਸਮਝਣ ਲੱਗੀ। ਉਹ ਦਿਨ ਰਾਤ ਉਸਨੂੰ ਬੁੱਚੜਾ ਕਹਿ ਕੇ ਬੁਲਾਉਂਦੀ, ਸੀਰੀਆਂ ਪਾਲੀਆਂ ਵਾਂਗ ਉਸਨੂੰ ਖਾਣ ਲਈ ਦੋ ਟੁਕੜੇ ਦਿੰਦੀ, ਹੁਣ ਲਾਚਾਰ ਪਿੱਲੀ ਨਹੀਂ ਸੀ ਸਗੋਂ ਬੋਘਾ ਬੁੱਚੜ ਸੀ, ਉਹ ਚੁੱਪ ਕਰਕੇ ਜੋ ਮਿਲਿਆ ਖਾ ਛਡਦਾ। ਜਿਸ ਮਿੱਤਰ ਦੋਸਤ ਕੋਲ ਉਹ ਪਿੱਲੀ ਵੱਲੋਂ ਕੀਤੀ ਜਾ ਰਹੀ ਦੁਰਗਤੀ ਬਾਰੇ ਗੱਲ ਕਰਦਾ ਤਾਂ ਅੱਗੋਂ ਇਹੋ ਜਵਾਬ ਮਿਲਦਾ, ‘‘ਬਈ ਤੂੰ ਕਿਹੜਾ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਘੱਟ ਕੀਤੀ ਐ। ਹੁਣ ਆਪਣੇ ਕੀਤੇ ਦੀ ਸਜ਼ਾ ਭੁਗਤਦਾ ਹੈਂ ਅਤੇ ਪਾਪ ਧੋਣ ਲਈ ਇਹ ਭੁਗਤਣੀ ਹੀ ਪਊਗੀ।’’
ਬੋਘ ਸਿੰਘ ਇੰਸਪੈਕਟਰ ਹੁਣ ਵਲ਼ ਕੱਢ ਚੁੱਕਾ ਸੀ, ਉਸਨੂੰ ਨਾ ਘਰ ਦਾ ਕੋਈ ਬੁਲਾਉਂਦਾ ਨਾ ਬਾਹਰ ਦਾ। ਉਹ ਘਰ ਦੇ ਦਰਵਾਜੇ ਵਿੱਚ ਮੰਜੇ ਤੇ ਬੈਠਾ ਇੱਕ ਬਿਰਧ ਬਾਂਦਰ ਵਾਂਗ ਪਾਸੇ ਪਾਸੇ ਝਾਕੀ ਜਾਂਦਾ। ਹੁਣ ਉਹ ਆਪਣੇ ਵੱਲੋਂ ਕੀਤੇ ਪਾਪਾਂ ਤੇ ਪਛਤਾਉਣ ਲੱਗਾ ਅਤੇ ਉਸਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਧਰਮ ਹੀ ਇੱਕ ਸਹਾਰਾ ਲੱਗਾ। ਜਦ ਉਸਨੂੰ ਕੀਤੇ ਅਣਮਨੁੱਖੀ ਤਸ਼ੱਦਦ ਤੇ ਪਾਪ ਯਾਦ ਆਉਂਦੇ ਤਾਂ ਉਹ ਪਾਠ ਕਰਨ ਲੱਗ ਜਾਂਦਾ। ਇੱਕ ਦਿਨ ਕਿਸੇ ਮਹਾਂਪੁਰਸ਼ ਨੇ ਉਸ ਦੇ ਘਰ ਦੇ ਨਜਦੀਕ ਹੀ ਧਾਰਮਿਕ ਦੀਵਾਨ ਸਜਾਏ ਸਨ। ਇਲਾਕੇ ਭਰ ਦੇ ਲੋਕ ਕੀਰਤਨ ਸਰਵਣ ਕਰਨ ਲਈ ਪਹੁੰਚਣ ਲੱਗੇ। ਬੋਘ ਸਿੰਘ ਵੀ ਦੀਵਾਨ ’ਚ ਪਹੁੰਚ ਕੇ ਕੀਰਤਨ ਸਰਵਣ ਕਰਕੇ ਆਪਣੇ ਪਾਪ ਧੋਣ ਲਈ ਦੀਵਾਨ ਵਾਲੇ ਸਥਾਨ ਵੱਲ ਚੱਲ ਪਿਆ। ਜਦ ਉਹ ਦੀਵਾਨ ਦੇ ਮੁੱਖ ਗੇਟ ਤੇ ਪੁੱਜਾ ਤਾਂ ਉਸਦੇ ਕੰਨਾਂ ਵਿੱਚ ਕੀਰਤਨ ਕਰ ਰਹੇ ਮਹਾਂਪੁਰਖਾਂ ਦੀ ਅਵਾਜ ਸੁਣਾਈ ਦਿੱਤੀ, ਜੋ ਸਬਦ ਪੜ੍ਹ ਰਹੇ ਸਨ, ‘‘ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ।’’ ਇਹ ਸੁਣਦਿਆਂ ਬੋਘ ਸਿੰਘ ਦੇ ਪੈਰ ਅੱਗੇ ਜਾਣ ਤੋਂ ਜਵਾਬ ਦੇ ਗਏ ਅਤੇ ਉਹ ਮੁੜ ਕੇ ਘਰ ਵੱਲ ਚੱਲ ਪਿਆ।
ਮੋਬਾ: 098882 75913