ਬਾਬਾ | baba

ਮੇਰੇ ਦਾਦਾ ਜੀ ਜਿੰਨਾ ਨੂੰ ਅਸੀਂ ਸਾਰੇ ਬਾਬਾ ਕਹਿੰਦੇ ਸਾਂ ਭਰ ਜਵਾਨੀ ਵਿੱਚ ਅੱਖਾਂ ਤੋਂ ਅੰਨੇ ਹੋ ਗ‌ਏ ਸਨ।
ਪਿੜਾਂ ਵਿੱਚ ਕਣਕ ਗਾਹੀ ਜਾ ਰਹੀ ਸੀ ਤੇ ਕਣੀਆਂ ਪੈ ਗ‌ਈਆਂ। ਅਗਲੇ ਦਿਨ ਧੁੱਪ ਨਿਕਲਦਿਆਂ ਬਾਬੇ ਨੇ ਸਾਰੀ ਪੈਰੀ ਹਿਲਾ ਦਿੱਤੀ ਕਿ ਸੁੱਕ ਜਾਵੇ ਤਾਂ ਫਲਿਆਂ ਦਾ ਕੰਮ ਚੱਲੇ।
ਅਗਲੇ ਦਿਨ ਫੇਰ ਕਣੀਆਂ ਆ ਗ‌ਈਆਂ ਤੇ ਧੁੱਪ ਲੱਗਣ ਤੇ ਬਾਬੇ ਨੇ ਪੈਰੀ ਨੂੰ ਵਾਢ ਦੇ ਕੇ ਹਿਲਾ ਦਿੱਤੀ।
ਵਾਹਿਗੁਰੂ ਦੀ ਮਰਜ਼ੀ ਕਣੀਆਂ ਫੇਰ ਹੋਰ ਪੈ ਗ‌ਈਆਂ ਇਉਂ ਬਾਬਾ ਨੰਗੇ ਪੈਰੀਂ ਲਾਂਗੇ ਨੂੰ ਵਾਢਾਂ ਲਾਉਂਦਾ ਰਿਹਾ ਕਣੀਆ ਕਾਰਨ ਥੱਲਿਓ ਪੈਰਾਂ ਨੂੰ ਚੜਦੀ ਤਪਸ਼ (ਸੇਕ) ਦੀ ਬਾਬੇ ਨੇ ਪਰਵਾਹ ਨਾ ਕੀਤੀ।
ਸਿੱਟੇ ਵਜੋਂ ਅੱਖਾਂ ਖਰਾਬ ਹੋ ਗ‌ਈਆਂ ਪੜਦਾਦਾ ਜੀ ਲਾਹੌਰ ਵੀ ਲੈ ਕੇ ਗ‌‌ਏ ਪਰ ਅੱਖਾਂ ਬਿਲਕੁੱਲ ਖਤਮ ਹੋ ਗ‌ਈਆਂ।
ਇਸ ਤੋਂ ਬਾਅਦ ਪੰਜਾਹ ਸਾਲ ਬਾਬੇ ਦੀ ਜ਼ਿੰਦਗੀ ਬਿਨਾਂ ਅੱਖਾਂ ਤੋਂ ਗੁਜਰੀ।
ਬਾਬਾ ਹੱਥ ਵਿੱਚ ਸੋਟੀ ਰੱਖਦਾ ਅਤੇ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾਂਦਾ ਵਾਪਸ ਆਪਣੀ ਸੂਝ ਨਾਲ ਆਪਣੇ ਬੂਹੇ ਵੜਦਾ।
ਬਾਬਾ ਛਿੱਕਲੇ ਛਿੱਕਲੀਆਂ ਧਲਿਆਰੇ ਬਣਾਉਣ ਟੁੱਟੇ ਰੱਸਿਆਂ ਨੂੰ ਸੰਢ ਲਾਉਣ ਗੱਡੇ ਦਾ ਸਿਰ ਬੰਨਣ ਮੰਜਾ ਬੁਣਨ ਮੰਜੇ ਦੇ ਬੱਕਰਦੰਦੀ ਪਾਉਣ ਦਾ ਮਾਹਰ ਸੀ।
ਇਸ ਤੋਂ ਬਿਨਾ ਛੱਪਰ ਬੰਨਣ ਸਣ ਕੱਤਣ ਰੱਸੇ ਮੇਲਣ ਵਰਗੇ ਕੰਮ ਕਰਦਾ ਰਹਿੰਦਾ ਸੀ।
ਇੱਕ ਵਾਰ ਬਾਬਾ ਨੌਹਰੇ ਵਿਚ ਬੈਠਾ ਸੀ ਤੇ ਝੋਟਾ ਆ ਗਿਆ ਬਾਬਾ ਝੋਟੇ ਤੋਂ ਬਚਣ ਲਈ ਆਪਣੀ ਸੂਝ ਨਾਲ ਟਾਹਲੀ ਤੇ ਚੜ੍ਹ ਗਿਆ।
ਜਦੋਂ ਨੌਹਰੇ ਵਿਚ ਬੈਠਾ ਹੁੰਦਾ ਤਾਂ ਕੋਲੋਂ ਲੰਘਣ ਵਾਲੇ ਦੀ ਪੈਰਚਾਲ ਤੋਂ ਪਛਾਣ ਕਰਕੇ ਨਾਂ ਲੈ ਕੇ ਬੁਲਾ ਲੈਂਦਾ।
ਬਾਬਾ ਮੱਝ ਦੀ ਧਾਰ ਕੱਢਕੇ ਕੁੱਝ ਧਾਰਾਂ ਆਪ ਜ਼ਰੂਰ ਚੁੰਘਦਾ ਸੀ ਬਾਬੇ ਦਾ ਮੰਨਣਾ ਸੀ ਕਿ ਇਉ ਕਰਨ ਨਾਲ ਲਵੇਰੇ ਦਾ ਮਨ ਖੁਸ਼ ਹੋ ਜਾਂਦਾ ਹੈ।
ਬਾਬਾ ਸਵੇਰੇ ਸ਼ਾਮ ਰੋਟੀ ਖਾ ਕੇ ਸ਼ੁਕਰਾਨੇ ਦੀ ਅਰਦਾਸ ਕਰਦਾ ਸੀ ਕੁੱਝ ਕ ਲਫ਼ਜ਼ਾਂ ਦੀ।
ਬਾਬਾ ਬਾਤਾਂ ਵੀ ਸੁਣਾਉਂਦਾ ਸੀ ਅੱਖਾਂ ਬਾਰੇ ਦੱਸਿਆ ਕਰਦਾ ਸੀ ਕਿ ਨਿੱਕੇ ਹੁੰਦੇ ਨੇ ਗੁਟਾਰ ਦੇ ਬੱਚੇ ਦੀਆਂ ਅੱਖਾਂ ਕੱਢ ਦਿੱਤੀਆਂ ਸਨ ਜਿਸ ਦਾ ਸਰਾਫ ਭੁਗਤ ਰਿਹਾ ਹਾਂ।
ਬਾਬੇ ਹੋਰੀਂ ਚਾਰ ਭਰਾ ਸਨ ਮਰਦੇ ਦਮ ਤੱਕ ਬਾਬੇ ਦਾ ਛੋਟੇ ਭਰਾਵਾਂ ਤੇ ਦਾਬਾ ਰਿਹਾ ਕੋਈ ਵੀ ਗੱਲ ਨਹੀਂ ਸੀ ਉਲੰਘਦਾ।
ਬਾਬੇ ਤੋ ਸਾਲ ਕੁ ਪਹਿਲਾਂ ਜਦੋ ਅੰਬੋ (ਦਾਦੀ) ਦੀ ਮੌਤ ਹੋਈ ਤੇ ਉਸ ਨੂੰ ਦੱਸਿਆ ਤਾਂ ਉਸ ਨੇ ਦੋਵੇਂ ਹੱਥ ਜੋੜ ਕੇ ਉਤਾਂਹ ਨੂੰ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਭਲਾ ਹੋਇਆ ਅਸੀਂ ਦੋ ਜੀ ਘਰ ਵਿੱਚ ਮੰਜੇ ਤੇ ਬੈਠੇ ਪਰਿਵਾਰ ਉਤੇ ਬੋਝ ਸਾਂ ਅੱਜ ਕੁੱਝ ਬੋਝ ਹਲਕਾ ਹੋ ਗਿਆ ਹੈ।
ਬੁਢਾਪੇ ਵਿੱਚ ਬਾਬੇ ਨੂੰ ਪਿਸ਼ਾਬ ਰੁਕਣ ਦੀ ਬਿਮਾਰੀ ਹੋ ਗਈ ਮਹੀਨੇ ਦੋ ਮਹੀਨਿਆਂ ਬਾਅਦ ਪਿਸ਼ਾਬ ਰੁਕ ਜਾਣ ਤੇ ਸ਼ਹਿਰ ਡਾਕਟਰ ਕੋਲ ਲਿਜਾਣਾ ਪੈਂਦਾ ਸੀ।
ਬਾਪੂ ਜੀ ਦੋਹੀਂ ਪਾਸੀ ਲੱਤਾਂ ਕਰਵਾ ਕੇ ਸਾਈਕਲ ਮਗਰ ਬਿਠਾ ਕੇ ਸ਼ਹਿਰ ਲਿਜਾਂਦੇ ਹਨ।
ਇੱਕ ਵਾਰ ਬਾਬੇ ਦੀ ਹਾਲਤ ਗੰਭੀਰ ਹੋਣ ਤੇ ਡਾਕਟਰ ਨੂੰ ਪੁੱਛਿਆ ਤਾਂ ਅੱਗੋਂ ਡਾਕਟਰ ਦਾ ਜਵਾਬ ਸੀ ਇਹ ਏਡੀ ਛੇਤੀ ਨਹੀਂ ਮਰਦਾ ਮਰਨ ਲੱਗਿਆ ਵੀ ਮੌਤ ਨਾਲ ਹਫਤਾ ਲੜਾਈ ਲੜੂਗਾ।
ਡਾਕਟਰ ਦੀ ਗੱਲ ਸੱਚੀ ਹੋਈ।
ਬਾਪੂ ਜੀ ਹੋਰਾਂ ਦੇ ਵਿਆਹਾਂ ਨੂੰ ਮੁਕਲਾਵਾ ਲੈਣ ਗਏ ਤਿੰਨ ਦਿਨ ਰਹੇ ਤੇ ਬਾਬੇ ਹੋਰੀਂ ਪਸੇਰੀ ਪਸੇਰੀ ਕੜਾਹ ਖਾਂਦੇ ਰਹੇ।
ਅਖੀਰ 100 ਦੇ ਨੇੜੇ ਉਮਰ ਭੋਗ ਕੇ ਬਾਬਾ ਬਿਨਾਂ ਅੱਖਾਂ ਤੋਂ ਹੀ ਅੱਖਾਂ ਵਾਲਿਆਂ ਨਾਲੋਂ ਵਧੀਆ ਜ਼ਿੰਦਗੀ ਗੁਜ਼ਾਰ ਕੇ ਅਪ੍ਰੈਲ 1977ਵਿੱਚ ਰੁਖ਼ਸਤ ਹੋ ਗਿਆ।
ਮਰਨ ਤੋਂ ਪਹਿਲਾਂ ਕਹਿ ਗਿਆ ਕਿ ਤੁਸੀਂ ਚੱਪਲਾਂ ਪਾ ਕੇ ਦਾਦੀ ਦੇ ਕਾਹਨੀ ਲੱਗੇ ਸੀ ਮੇਰੇ ਕਾਹਨੀ ਲੱਗਣ ਵੇਲੇ ਨੰਗੇ ਪੈਰੀਂ ਲੱਗਿਓ ।
ਨਰ ਸਿੰਘ ਫਾਜ਼ਿਲਕਾ
8-4-2023

Leave a Reply

Your email address will not be published. Required fields are marked *