ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਔਰਤਾਂ ਵਿਚ ਦੂਰਦ੍ਰਿਸ਼ਟੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਖ਼ਾਸ ਕਰਕੇ ਘਰੇਲੂ ਕੰਮਾਂ ਲਈ ਇਹ ਮਰਦਾਂ ਤੋਂ ਦੋ ਕਦਮ ਅਗਾਂਹ ਸੋਚਦੀਆਂ ਹਨ। ਗਲੀ ਵਿਚ ਸੂਟ ਵੇਚਣ ਵਾਲਾ ਭਾਈ ਆਇਆ ਹੋਵੇ ਤਾਂ ਔਰਤਾਂ ਦੀ ਦੂਰਅੰਦੇਸ਼ੀ ਵੇਖਣ ਵਾਲੀ ਹੁੰਦੀ ਹੈ। ਜਿਸ ਰੰਗ ਦੀ ਚੁੰਨੀ ਜਾਂ ਦੁਪੱਟਾ ਇਹਨਾਂ ਦੀ ਅਲਮਾਰੀ ਵਿਚ ਪਿਆ ਹੋਵੇ, ਇਹ ਉਸ ਨਾਲ ਮੈਚ ਕਰਦੇ ਇਕ ਨਹੀਂ ਦੋ ਸੂਟ ਖ਼ਰੀਦ ਲੈਂਦੀਆਂ ਹਨ। ਇਹ ਗੱਲ ਵੱਖਰੀ ਹੁੰਦੀ ਹੈ ਕਿ ਵੇਲੇ ਸਿਰ ਇਹਨਾਂ ਨੂੰ ਸੂਟ ਨਾਲ ਮੈਚ ਕਰਦੀ ਚੁੰਨੀ ਹੀ ਨਹੀਂ ਲੱਭਦੀ। ਜਦੋਂ ਚੁੰਨੀ ਨਾ ਲੱਭੇ, ਓਸ ਵੇਲੇ ਦਾ ਨਜ਼ਾਰਾ ਤਾਂ ਵੇਖਣ ਵਾਲਾ ਹੁੰਦਾ ਹੈ, ਸਾਰੇ ਘਰ ਵਿਚ ਭੜਥੂ ਪਾਇਆ ਹੁੰਦਾ ਹੈ। ਤੇ ਜਿਸ ਦਿਨ ਮੈਚ ਕਰਦੀ ਚੁੰਨੀ ਜਾਂ ਦੁਪੱਟਾ ਲੱਭ ਪਏ ਤਾਂ ਓਨੇ ਚਿਰ ਵਿਚ ਸੂਟ ਦਾ ਰਿਵਾਜ ਖ਼ਤਮ ਹੋ ਗਿਆ ਹੁੰਦਾ ਹੈ। ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਵੇਲੇ ਬੀਬੀਆਂ ਆਪਣੇ ਬੱਚੇ ਲਈ ਵਰਦੀ ਥੋੜ੍ਹੀ ਵੱਡੀ ਖਰੀਦਦੀਆਂ ਹਨ ਤਾਂ ਕਿ ਅਗਲੇ ਸਾਲ ਵੀ ਕੰਮ ਆ ਜਾਵੇ। ਉਹ ਗੱਲ ਵੱਖਰੀ ਹੈ ਕਿ ਅਗਲੇ ਸਾਲ ਸਕੂਲਾਂ ਵਾਲੇ ਕਈ ਵਾਰ ਵਰਦੀ ਦਾ ਰੰਗ ਹੀ ਬਦਲ ਦਿੰਦੇ ਹਨ।
ਮੈਨੂੰ ਕੁਝ ਮਹੀਨੇ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਰਹਿਣ ਦਾ ਮੌਕਾ ਮਿਲਿਆ। ਮੇਰਾ ਚਾਚਾ ਓਥੇ ਟਾਇਰਾਂ ਤੇ ਟਿਊਬ ਦਾ ਵਪਾਰ ਕਰਦਾ ਸੀ। ਸੂਰਤ ਤੋਂ ਬਾਹਰਵਾਰ ਇਕ ਪਿੰਡ ਵਿਚ ਕਿਰਾਏ ਤੇ ਦੋ ਕਮਰੇ ਲੈ ਕੇ ਅਸੀਂ ਕੰਮ ਕਰਦੇ ਸਾਂ। ਕੁਝ ਦਿਨ ਘੁੰਮਣ ਫਿਰਨ ਲਈ ਮੇਰੀ ਚਾਚੀ ਵੀ ਓਥੇ ਚਲੀ ਗਈ। ਇਕ ਦਿਨ ਸਵੇਰੇ ਨਾਸ਼ਤਾ ਕਰਕੇ ਅਸੀਂ ਘੁੰਮਣ ਫਿਰਨ ਜਾਣ ਦਾ ਪ੍ਰੋਗਰਾਮ ਬਣਾ ਰਹੇ ਸਾਂ ਕਿ ਬਾਰਿਸ਼ ਸ਼ੁਰੂ ਹੋ ਗਈ। ਮੈਂ ਤੇ ਚਾਚਾ ਬਾਰਿਸ਼ ਦਾ ਨਜ਼ਾਰਾ ਦੇਖ ਰਹੇ ਸਾਂ। ਏਨੇ ਨੂੰ ਚਾਚੀ ਕਾਹਲੀ ਨਾਲ ਬਾਹਰ ਆਈ ਤੇ ਬਾਰਿਸ਼ ਵਿਚ ਭਿਜ ਰਹੀ ਸਾਬਣਦਾਨੀ ਚੁੱਕ ਕੇ ਸੁੱਕੇ ਥਾਂ ਰੱਖ ਦਿੱਤੀ। ਫਿਰ ਕਹਿਣ ਲੱਗੀ, ‘ ਬਿਟਰ ਬਿਟਰ ਮੀਂਹ ਵੇਖਣ ਡਹੇ ਓ, ਸਾਬਣਦਾਨੀ ਹੀ ਪਾਸੇ ਕਰ ਦਿੰਦੇ, ਸਾਰਾ ਸਾਬਣ ਖੁਰ ਜਾਣਾ ਸੀ।’ ਮੈਨੂੰ ਤੇ ਮੇਰੇ ਚਾਚੇ ਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਸੀ ਕਿ ਸਾਬਣ ਖੁਰ ਰਿਹਾ ਸੀ। ਮੇਰਾ ਚਾਚਾ ਮੇਰੇ ਵੱਲ ਵੇਖ ਕੇ ਕਹਿਣ ਲੱਗਾ, ‘ ਕਿਉਂ ਭੀ ਭਤੀਜ ਮੰਨਦਾ ਏ ਨਾ ਫਿਰ ਜ਼ਨਾਨੀਆਂ ਦੀ ਦੂਰਅੰਦੇਸ਼ੀ ਨੂੰ।’ ਮੈਂ ਕਿਹਾ, ‘ ਮੰਨਦਾ ਜੀ ਮੰਨਦਾ।’