ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..ਓਏ ਜਜਬਾਤੀ ਹੋ ਕੇ ਕਦੀ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..!
ਇੱਕ ਦਿਨ ਸੁਵੇਰੇ ਸੁਵੇਰੇ ਕੋਲ ਸੱਦ ਆਖਣ ਲੱਗੇ ਸ਼ੈਲਰ ਤੇ ਕੰਮ ਘੱਟ ਗਿਆ ਏ..ਇੱਕ ਦੋ ਬੰਦਿਆਂ ਦੀ ਛਾਂਟੀ ਕਰਨੀ ਪੈਣੀ ਏ..ਕੋਈ ਨਾਮ ਬੋਲ..?
ਮੇਰੇ ਵਾਸਤੇ ਬੜਾ ਮੁਸ਼ਕਿਲ ਸੀ..ਕਿਸਦਾ ਨਾਮ ਲਵਾਂ..ਦੂਰ ਪਿੰਡਾਂ ਤੋਂ ਆਉਂਦੀ ਸਾਰੀ ਲੇਬਰ..ਨਿੱਕੇ-ਨਿੱਕੇ ਜਵਾਕ..ਗਰੀਬ ਟੱਬਰਾਂ ਵਿਚੋਂ..ਦੋ ਡੰਗ ਦਾ ਜੁਗਾੜ ਹੀ ਮਸਾਂ ਚੱਲਦਾ!
ਹਿਸਾਬ ਕਿਤਾਬ ਲਾਇਆ ਅਤੇ ਤੁਲਾਈ ਕਰਦੇ ਦਰਸ਼ਨ ਸਿੰਘ ਨੂੰ ਕੋਲ ਸੱਦ ਨੌਕਰੀ ਤੋਂ ਫਾਰਗ ਕਰਨ ਵਾਲਾ ਫੈਸਲਾ ਸੁਣਾ ਦਿੱਤਾ..!
ਓਸਤੇ ਬਿਜਲੀ ਡਿੱਗ ਪਈ ਹੋਵੇ..ਹੱਥ ਜੋੜ ਆਖਣ ਲੱਗਾ ਜੀ ਨਿੱਕੇ ਨਿੱਕੇ ਜਵਾਕ ਨੇ..ਕੋਈ ਹੱਲ ਨਿੱਕਲਦਾ ਕਰੋ..ਕਿਥੋਂ ਲੱਭਾਂਗਾ ਹੋਰ ਨੌਕਰੀ!
ਮੈਂ ਸਾਰੀ ਗੱਲ ਵੱਡੇ ਭਾਜੀ ਤੇ ਪਾ ਆਪ ਪਾਸੇ ਹੋ ਗਿਆ..!
ਘੰਟੇ ਕੂ ਬਾਅਦ ਸਾਰੀ ਲੇਬਰ ਦਫਤਰ ਦੇ ਬਾਹਰ ਇੱਕਠੀ ਹੋ ਗਈ..ਇੰਝ ਲੱਗਿਆ ਜਿੱਦਾਂ ਸਾਰੇ ਇਕੱਠੇ ਹੋ ਕੇ ਰੋਸ ਗਿਲਾ ਸ਼ਿਕਵਾ ਤੇ ਜਾਂ ਫੇਰ ਹੜਤਾਲ ਕਰਨਗੇ..!
ਪਰ ਵਿਚਲੀ ਗੱਲ ਕੋਈ ਹੋਰ ਨਿੱਕਲੀ..ਸਾਰੇ ਆਖਣ ਲੱਗੇ ਜੀ ਦਰਸ਼ਨ ਨੂੰ ਨੌਕਰੀ ਤੋਂ ਨਾ ਕੱਢੋ..ਦੋ ਧੀਆਂ ਦਾ ਬਾਪ ਅਤੇ ਉੱਤੋਂ ਬੁੱਢੇ ਮਾਪੇ..!
ਅੱਗੋਂ ਜਿਹੜੀ ਗੱਲ ਨੇ ਮੈਨੂੰ ਪੂਰੀ ਤਰਾਂ ਸੁੰਨ ਹੀ ਕਰ ਕੇ ਰੱਖ ਦਿੱਤਾ ਉਹ ਇਹ ਸੀ ਕੇ ਸਾਰੇ ਇੱਕ ਮਤ ਹੋ ਕੇ ਆਖਣ ਲੱਗੇ ਜੀ ਇੰਝ ਕਰੋ ਇਸਦੀ ਜਿੰਨੀ ਵੀ ਤਨਖਾਹ ਬਣਦੀ ਏ ਓਨੀ ਰਕਮ ਦੀ ਸਾਡੇ ਸਾਰਿਆਂ ਦੀਆਂ ਤਨਖਾਹਾਂ ਵਿਚੋਂ ਬਰੋਬਰ-ਬਰੋਬਰ ਕਰ ਕਟੌਤੀ ਕਰ ਲਿਆ ਕਰਿਓ ਪਰ ਇਸਨੂੰ ਕੰਮ ਕਰਨ ਦਿਓ..ਮਹਾਮਾਰੀ ਦੇ ਇਸ ਦੌਰ ਵਿਚ ਕਿਥੇ ਜਾਊ..ਅਸੀਂ ਬੇਸ਼ੱਕ ਥੋੜੀ ਘੱਟ ਹੀ ਖਾ ਲਿਆ ਕਰਾਂਗੇ”
ਵੱਡੇ ਭਾਜੀ ਨਾਲ ਗੱਲ ਕੀਤੀ ਤਾਂ ਓਹਨਾ ਨੀਵੀਂ ਪਾ ਲਈ..!
ਆਪਣੇ ਦਿਮਾਗਾਂ ਦੀ ਆਖੀ ਅਣਸੁਣੀ ਕਰ “ਦਿਲ ਦੀ ਹੂਕ” ਤੇ ਅਧਾਰਿਤ ਵੱਡੇ ਫੈਸਲੇ ਲੈਂਦੇ ਹੋਏ ਕੁਝ ਐਸੇ ਦੇਵ ਪੁਰਸ਼ ਸ਼ਾਇਦ ਅੱਜ ਪਹਿਲੀ ਵਾਰ ਵੇਖੇ ਸਨ ਜਿਹਨਾਂ ਨੇ ਸੱਪ ਵੀ ਮਾਰ ਦਿੱਤਾ ਤੇ ਸੋਟੀ ਵੀ ਟੁੱਟਣੋਂ ਬਚਾ ਲਈ ਸੀ!
ਸੋ ਦੋਸਤੋ ਕੁਝ ਖ਼ਾਮੋਸ਼ ਦਸਵੰਦਾਂ ਹਮਾਤੜ ਵੀ ਕੱਢਿਆ ਕਰਦੇ ਨੇ ਪਰ ਕੱਢਣ ਦੇ ਤਰੀਕੇ ਹੋਰ ਹੁੰਦੇ ਨੇ..!
ਹਰਪ੍ਰੀਤ ਸਿੰਘ ਜਵੰਦਾ