ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਵੀ ਇਸ ਗੱਲ ਦਾ ਵਹਿਮ ਹੋ ਗਿਆ ਕਿ ਸਾਡੀ ਪੰਜਾਬੀ ਮਾਂ ਬੋਲੀ ਖ਼ਤਰੇ ਵਿਚ ਹੈ। ਭਾਵੇਂ ਉਨ੍ਹੀਂ ਦਿਨੀਂ ਇਕ ਸੈਮੀਨਾਰ ਵਿਚ ਮਰਹੂਮ ਡਾ. ਬਖਸ਼ੀਸ਼ ਸਿੰਘ ਨਿੱਜਰ ਅਤੇ ਜਨਾਬ ਉਲਫ਼ਤ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਨੂੰ ਇਹ ਹੌਸਲਾ ਦਿੱਤਾ ਸੀ ਕਿ ਮੁੰਡਿਓ, ਜਿੰਨਾ ਚਿਰ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੂਫ਼ੀਆਂ ਅਤੇ ਕਿੱਸਾਕਾਰਾਂ ਦਾ ਕਲਾਮ ਮੌਜੂਦ ਹੈ ਓਨਾ ਚਿਰ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ। ਖ਼ੈਰ, ਅਸੀਂ ਨਿਊਜ਼ ਡੈਸਕ ਦੇ ਕੁਝ ਸਾਥੀਆਂ ਨੇ ਆਪਣੇ ਪੱਤਰਕਾਰਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ੁੱਧ ਪੰਜਾਬੀ ਵਰਤਿਆ ਕਰੋ। ਇਕ ਦਿਨ ਪਟਿਆਲੇ ਵਾਲੇ ਪਾਸਿਓਂ ਇਕ ਪੱਤਰਕਾਰ ਦੀਆਂ ਕੁਝ ਖ਼ਬਰਾਂ ਆਈਆਂ ਜਿਸ ਵਿਚ ਇਕ ਖ਼ਬਰ ਸੀ ਕਿ ਇਕ ਦੁਕਾਨ ਵਿਚ ਚੋਰੀ ਹੋ ਗਈ ਤੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਚਾਰ ਦਸ ਘੋੜਾ ਸ਼ਕਤੀ ਦੀਆਂ ਮੋਟਰਾਂ ਲੈ ਗਏ। ਫੋਨ ਕਰਕੇ ਪੱਤਰਕਾਰ ਨੂੰ ਪੁੱਛਿਆ ਕਿ ਇਹ ਦਾ ਘੋੜਾ ਸ਼ਕਤੀ ਦੀਆਂ ਮੋਟਰਾਂ ਦਾ ਕੀ ਅਰਥ ਹੈ ਤਾਂ ਕਹਿਣ ਲੱਗਾ, ‘ ਤੁਸੀਂ ਹੀ ਕਿਹਾ ਸੀ ਕਿ ਪੰਜਾਬੀ ਸ਼ੁੱਧ ਵਰਤੋ, ਚੋਰ ਦਸ ਹਾਰਸ ਪਾਵਰ ਦੀਆਂ ਚਾਰ ਮੋਟਰਾਂ ਲੈ ਗਏ ਹਨ।’
ਇਹ ਤਾਂ ਪੁਰਾਣੀ ਗੱਲ ਸੀ। ਮੈਂ ਲੰਘੀ ਰਾਤ ਇਕ ਵਿਦਵਾਨ ਸਾਥੀ ਨਾਲ ਪੰਜਾਬੀ ਦੀ ਵਰਤੋਂ ਬਾਰੇ ਗੱਲ ਕਰ ਰਿਹਾ ਸਾਂ ਤਾਂ ਉਹ ਕਹਿਣ ਲੱਗਾ, ‘ ਡਾਕਟਰ ਸਾਹਿਬ, ਸ਼ੁੱਧ ਪੰਜਾਬੀ ਵਿਚ ਵਿਸ਼ਵ ਕੱਪ ਨੂੰ ‘ਸੰਸਾਰ ਪਿਆਲਾ’ ਤੇ ਕੇਂਦਰੀ ਕੱਪੜਾ ਮੰਤਰੀ ਨੂੰ ‘ ਕੇਂਦਰੀ ਲੀੜਾ- ਲੱਤਾ ਮੰਤਰੀ’ ਲਿਖਣਾ ਠੀਕ ਰਹੇਗਾ?’ ਦੱਸਿਓ ਫਿਰ ਮੈਂ ਆਪਣੇ ਵਿਦਵਾਨ ਸਾਥੀ ਨੂੰ ਕੀ ਜਵਾਬ ਦਿਆਂ?