ਗੱਲ ਮੇਰੇ ਬਚਪਨ ਵੇਲੇ ਦੀ ਅੱਜ ਤੋਂ ਤਕਰੀਬਨ 55-60 ਸਾਲ ਪੁਰਾਣੀ ਹੈ। ਸਾਡਾ ਪਿੰਡ ਪਟਿਆਲਾ ਸਮਾਣਾ ਰੋਡ ਤੋਂ 2 ਕੂ ਕਿਲੋਮੀਟਰ ਪਾਸੇ ਉਤੇ ਹੈ ਜਿੱਥੇ ਉਸ ਸਮੇਂ ਲਿੰਕ ਰਸਤਾ ਕੱਚਾ ਅਤੇ ਟਿੱਬਿਆਂ ਦੇ ਰੇਤੇ ਵਿਚੋਂ ਲੰਘ ਕੇ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਪਿੰਡ ਵਿੱਚ ਬੱਸ ਸਿਰਫ ਬਰਾਤ ਲਿਆਉਣ ਜਾਂ ਲਿਜਾਣ ਲਈ ਹੀ ਆਉਂਦੀ ਸੀ। ਬੱਚੇ ਬਸ ਦੀ ਝਾਟੀ ਲੈਣ ਲਈ ਪਿੰਡ ਤੋਂ ਬਰਾਤ ਚਲਣ ਵੇਲੇ ਬਸ ਪਿੱਛੇ ਲੱਗੀਆਂ ਪਾਈਪਾਂ ਅਤੇ ਪੌੜੀਆਂ ਉਤੇ ਖੜਕੇ ਮੇਨ ਰੋਡ ਤੱਕ ਆਉਂਦੇ ਸਨ ਅਤੇ ਮੋੜ ਕਾਰਨ ਜਦ ਬਸ ਹੌਲੀ ਹੁੰਦੀ ਤਾਂ ਛਾਲਾਂ ਮਰ ਕੇ ਉਤਰ ਜਾਂਦੇ ਅਤੇ ਵਾਪਸ ਪਿੰਡ ਦੌੜ ਕੇ ਆਉਂਦੇ। ਜਿਸ ਵੇਲੇ ਬਰਾਤ ਨੇ ਵਾਪਸ ਆਉਣਾ ਹੁੰਦਾ ਤਾਂ ਪਹਿਲਾਂ ਹੀ ਭੱਜ ਕੇ ਮੇਨ ਰੋਡ ਉਤੇ ਪਹੁੰਚ ਜਾਂਦੇ ਅਤੇ ਮੋੜ ਉਤੇ ਜਦ ਬਸ ਹੌਲੀ ਹੁੰਦੀ ਤਾਂ ਬਸ ਪਿੱਛੇ ਲਮਕ ਕੇ ਪਿੰਡ ਤਕ ਬਸ ਦੀ ਝਾਟੀ ਲੈਂਦੇ। ਜਿਹੜੇ ਵਿਚਾਰੇ ਬਸ ਉਤੇ ਲਮਕਣ ਤੋਂ ਰਹਿ ਜਾਂਦੇ ਓਹ ਦੋ ਕਿਲੋਮੀਟਰ ਫਿਰ ਬਸ ਦੇ ਪਿੱਛੇ ਭੱਜੇ ਆਉਂਦੇ।
ਉਨ੍ਹਾਂ ਦਿਨਾਂ ਵਿਚ ਬਰਾਤ ਰਾਤ ਰਹਿੰਦੀ ਹੁੰਦੀ ਸੀ ਅਤੇ ਅਗਲੇ ਦਿਨ ਵਾਪਸ ਆਉਂਦੀ ਸੀ। ਇਸ ਲਈ ਬਰਾਤੀ ਆਪਣੇ ਬਿਸਤਰੇ ਵੀ ਨਾਲ ਲੈਕੇ ਜਾਂਦੇ ਸਨ। ਸਾਡੇ ਦਾਦਾ ਜੀ ਕੋਲ ਦੁਨਾਲੀ ਬੰਦੂਕ ਸੀ। ਇਸ ਲਈ ਉਨ੍ਹਾਂ ਨੂੰ ਬਰਾਤ ਦੇ ਸੱਦੇ ਵਿਚ ਖਾਸ ਤੌਰ ਉੱਤੇ ਕਿਹਾ ਜਾਂਦਾ ਸੀ ਕਿ ਬਰਾਤ ਵਿਚ ਬੰਦੂਕ ਨਾਲ ਲੈਕੇ ਜਾਣੀ ਹੈ ਕਿਉਂਕਿ ਉਸ ਨਾਲ ਰੁਤਬਾ ਵਧਦਾ ਸੀ ਅਤੇ ਸੁਰੱਖਿਆ ਵੀ ਰਹਿੰਦੀ ਸੀ। ਉਸ ਸਮੇਂ ਦੀ ਇੱਕ ਘਟਨਾ ਸਾਂਝੀ ਕਰ ਰਿਹਾ ਹਾਂ। ਮੈਂ 8 ਕੂ ਸਾਲ ਦਾ ਸੀ ਤਾਂ ਮੇਰੇ ਦਾਦਾ ਜੀ ਮੈਨੂੰ ਵੀ ਇਕ ਬਰਾਤ ਵਿਚ ਨਾਲ ਲੈ ਗਏ। ਬਰਾਤ ਵਾਪਿਸ ਆਉਣ ਵੇਲੇ ਕਾਫੀ ਲੇਟ ਹੋ ਗਈ। ਬਸ ਦੇ ਡਰਾਈਵਰ, ਜਿਹੜਾ ਕਾਫੀ ਸ਼ਰਾਬੀ ਹੋਇਆ ਸੀ, ਨੇ ਪਿੰਡ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਟਿੱਬੇ ਨੇੜੇ ਆ ਕੇ ਰੇਤੇ ਵਿਚ ਬਸ ਖੜ੍ਹੀ ਕਰ ਦਿੱਤੀ ਅਤੇ ਕਿਹਾ ਕਿ ਬਸ ਰੇਤੇ ਕਾਰਨ ਹੋਰ ਅੱਗੇ ਨਹੀਂ ਜਾ ਸਕਦੀ, ਇਸ ਲਈ ਸਾਰੇ ਇਥੇ ਹੀ ਉਤਰ ਜਾਓ। ਕਝ ਬਰਾਤੀਆਂ ਨੇ ਨੀਚੇ ਉਤਰ ਕੇ ਬਸ ਨੂੰ ਧੱਕਾ ਲਗਾ ਕੇ ਵੀ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬਸ ਉਥੋਂ ਅੱਗੇ ਨਾਂ ਚੱਲੀ। ਬਰਾਤੀਆਂ ਨੇ ਡਰਾਈਵਰ ਨਾਲ ਕਾਫੀ ਬਹਿਸ ਕੀਤੀ ਕਿ ਕੱਲ ਵੀ ਬਸ ਇਥੋਂ ਲੰਘ ਕੇ ਗਈ ਹੈ ਲੇਕਿਨ ਡਰਾਈਵਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਸੀ। ਸਾਡੇ ਦਾਦਾ ਜੀ ਨੇ ਵੀ ਡਰਾਈਵਰ ਨੂੰ ਬਸ ਅੱਗੇ ਲਿਜਾਣ ਲਈ ਕਿਹਾ ਲੇਕਿਨ ਉਹ ਉਨ੍ਹਾਂ ਨੂੰ ਕੁਝ ਉਲਟਾ ਹੀ ਬੋਲਿਆ, ਜਿਸ ਕਾਰਣ ਉਨ੍ਹਾਂ ਨੂੰ ਗੁੱਸਾ ਆ ਗਿਆ। ਉਹ ਸਾਰੇ ਬਰਾਤੀਆਂ ਨੂੰ ਬੋਲੇ ਕਿ ਬਸ ਵਿਚ ਬੈਠ ਜਾਓ ਹੁਣ ਅਸੀਂ ਪਿੰਡ ਜਾ ਕੇ ਹੀ ਉਤਰਾਂਗੇ। ਮੇਰੇ ਦਾਦਾ ਹੀ ਨੇ ਡਰਾਈਵਰ ਨੂੰ ਕਿਹਾ ਕਿ ਜੇਕਰ ਬਸ ਪਿੰਡ ਵੱਲ ਨਹੀਂ ਜਾ ਸਕਦੀ ਤਾਂ ਫਿਰ ਵਾਪਿਸ ਪਿੱਛੇ ਵੀ ਨਹੀਂ ਜਾਵੇਗੀ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਨੇ ਬੰਦੂਕ ਦੀ ਨਾਲੀ ਡਰਾਈਵਰ ਦੇ ਕੰਨ ਕੋਲ ਲਗਾ ਦਿੱਤੀ ਅਤੇ ਬੋਲੇ ਕਿ ਠੀਕ ਹੈ ਤੂੰ ਵੀ ਅੱਜ ਘਰ ਨਹੀਂ ਜਾ ਸਕਦਾ। ਡਰਾਈਵਰ ਦੀ ਸਾਰੀ ਸ਼ਰਾਬ ਉਤਰ ਗਈ ਅਤੇ ਹੱਥ ਜੋੜ ਕੇ ਬੋਲਿਆ ਕਿ ਬਾਪੂ ਜੀ ਠੀਕ ਹੈ ਬੱਸ ਪਿੰਡ ਤਕ ਜਾਵੇਗੀ ਲੇਕਿਨ ਇਹ ਬੰਦੂਕ ਪਾਸੇ ਕਰ ਲਓ। ਉਸ ਨੇ ਬਸ ਸਟਾਰਟ ਕੀਤੀ ਅਤੇ ਪਿੰਡ ਵੱਖ ਤੋਰ ਲਈ। ਮੈਨੂੰ ਉਸ ਦਿਨ ਸਮਝ ਆਇਆ ਕਿ ਡਰ ਅੱਗੇ ਭੂਤ ਨੱਚਣਾ ਕਿਸ ਨੂੰ ਕਹਿੰਦੇ ਹਨ। ਦਰਅਸਲ ਡਰਾਈਵਰ ਕਿਸੇ ਗੱਲੋਂ ਨਾਰਾਜ਼ ਸੀ ਇਸ ਲਈ ਜਾਣ ਬੁੱਝ ਕੇ ਬਰਾਤੀਆਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦਾ ਸੀ।
ਸੁਖਜੀਤ ਸਿੰਘ ਨਿਰਵਾਨ