ਪੂਰਾਣੀ ਗੱਲ ਏ..ਚਿੱਟਿਆਂ ਤੋਂ ਵੀ ਪਹਿਲਾਂ ਦੀ..ਕਾਦੀਆਂ ਚੁੰਗੀ ਠੇਕੇ ਤੇ ਕੰਮ ਕਰਿਆ ਕਰਦਾ ਸਾਂ..ਉਹ ਦਿਨ ਢਲੇ ਜਿਹੇ ਆਉਂਦਾ ਤੇ ਅਧੀਆ ਲੈ ਓਥੇ ਹੀ ਖੋਖੇ ਮਗਰ ਜਾ ਪੀ ਲਿਆ ਕਰਦਾ..ਇਹ ਸਿਲਸਿਲਾ ਚਿਰਾਂ ਤੀਕਰ ਚੱਲਦਾ ਰਿਹਾ..!
ਇੱਕ ਦਿਨ ਉਸਦਾ ਮੁੰਡਾ ਆਇਆ..ਮੁੱਛ ਵੀ ਨਹੀਂ ਸੀ ਫੁੱਟੀ..ਅਖ਼ੇ ਅਧੀਆ ਦਿਓ ਭਾਪੇ ਮੰਗਵਾਇਆ..ਮੈਂ ਦੇ ਦਿੱਤਾ..ਅਗਲੇ ਦਿਨ ਫੇਰ..!
ਕਾਫੀ ਦਿਨ ਬਾਅਦ ਜਦੋਂ ਉਹ ਮੁੜ ਦਿਸਿਆ ਤਾ ਪੁੱਛ ਲਿਆ..ਵੱਸਣ ਸਿਹਾਂ ਕਿਥੇ ਰਿਹਾ..ਤੇਰਾ ਸਮਾਨ ਵੀ ਤੇਰਾ ਪੁੱਤ ਲੈ ਕੇ ਜਾਂਦਾ ਰਿਹਾ..!
ਹੱਥੀਂ ਫੜੀ ਬੋਤਲ ਛੁੱਟ ਗਈ..ਆਖਣ ਲੱਗਾ ਮੈਂ ਤੇ ਹਸਪਤਾਲ ਦਾਖਿਲ ਸਾਂ..ਮੈਂ ਉਸਨੂੰ ਕਦੋਂ ਘੱਲਿਆ..ਫੇਰ ਕੁਝ ਸੋਚਿਆ ਤੇ ਓਸੇ ਵੇਲੇ ਘਰੇ ਪਰਤ ਗਿਆ..ਤੇ ਮੁੜ ਕਦੇ ਨਹੀਂ ਦਿਸਿਆ..!
ਪਤਾ ਲੱਗਾ ਨਾਲਦੀ ਨੇ ਸਹੁੰ ਪਵਾ ਦਿੱਤੀ ਸੀ..ਪੱਕੀ..ਵਿਸਾਖੀ ਤੇ ਮਹਿਤੇ ਗੁਰਦਰਸ਼ਨ ਪ੍ਰਕਾਸ਼ ਖੜ..!
ਨਾਨੀ ਦੱਸਦੀ ਹੁੰਦੀ ਸੀ..ਜਦੋਂ ਬਿੱਲੀ ਦੇ ਪੈਰ ਸੜਨ ਲੱਗਦੇ ਤਾਂ ਬਲੂੰਗੜੇ ਪੈਰਾਂ ਹੇਠ ਲੈ ਲੈਂਦੀ..ਪਰ ਆਪਣੇ ਸਿਰ ਤੇ ਚੁੱਕਦੀ ਹੋਈ ਅੱਜ ਪਹਿਲੀ ਵੇਰ ਵੇਖੀ ਸੀ..!
ਮੁੜ ਲਹਿਰ ਜ਼ੋਰ ਫੜ ਗਈ ਤੇ ਮੈਂ ਵੀ ਨੌਕਰੀ ਛੱਡ ਅਮ੍ਰਿਤਸਰ ਆ ਗਿਆ!
ਦੋਸਤੋ ਇਹ ਤੇ ਸੀ ਉਸ ਵੇਲੇ ਦੇ ਇੱਕ ਗੁਰਮੁਖ ਦੀ ਅਸਲ ਵਾਪਰੀ ਪਰ ਬਾਹਰੀ ਤੌਰ ਤੇ ਸਿੱਖ ਬਣ ਦੁਨੀਆ ਨੂੰ ਦਰਸਾਉਣ ਨਾਲੋਂ ਪੱਕੀਆਂ ਸਹੁੰਆਂ ਪਾ ਗੁਰੂ ਵਾਲੇ ਬਣਨ ਦੀ ਲੋੜ ਕਿਤੇ ਵਧੇਰੇ ਏ!
ਹਰਪ੍ਰੀਤ ਸਿੰਘ ਜਵੰਦਾ