ਦਸ ਗੱਲਾਂ | das gallan

ਉਮਰ ਦੇ ਆਖਰੀ ਪੜਾਅ ਤੇ ਅੱਪੜ ਚੁੱਕਿਆ ਰਤਨ ਟਾਟਾ ਨਾਮ ਦਾ ਕਾਰੋਬਾਰੀ ਅਕਸਰ ਹੀ ਵਹਾਅ ਦੇ ਉਲਟ ਤਾਰੀ ਲਾਉਂਦਾ ਹੀ ਰਹਿੰਦਾ..!
ਹੱਸਮੁੱਖ ਇਨਸਾਨ ਅਕਸਰ ਹੀ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਵੀ ਕਰਦਾ ਹੀ ਰਹਿੰਦਾ!
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਅੱਪੜ ਚੁੱਕੇ ਕਿਸੇ ਵੀ ਇਨਸਾਨ ਦੀ ਜਿੰਦਗੀ ਵਿਚ ਵੱਡਾ ਬਦਲਾਅ ਲਿਆ ਸਕਦੀਆਂ ਹਨ..ਆਓ ਸਾਂਝੀਆਂ ਕਰੀਏ!
1.ਸਾਰੀ ਜਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ..ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ!
2.ਲੋਕ ਸ਼ੁਰੂਆਤ ਵਿਚ ਤੁਹਾਡੇ ਸਵੈ-ਮਾਣ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਖੁਦ ਨੂੰ ਓਹਨਾ ਸਾਮਣੇ ਸਾਬਿਤ ਕਰਨਾ ਪੈਂਦਾ!
3.ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਤਨਖਾਹ ਦੀ ਆਸ ਕਦੇ ਨਹੀਂ ਰੱਖਣੀ ਚਾਹੀਦੀ..ਬਹੁਤ ਘਟ ਸੰਭਾਵਨਾ ਏ ਕੇ ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ-ਕੱਟ ਮਾਰ ਚੋਰ ਮੋਰੀ ਰਾਹੀਂ ਕੰਪਨੀ ਦੀ ਟੀਸੀ ਤੇ ਜਾ ਅੱਪੜੇ!
4.ਸਾਨੂੰ ਆਪਣੇ ਮਾਸਟਰ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਰਹਿੰਦੇ ਜਦੋਂ ਤੱਕ ਸਾਡਾ ਵਾਸਤਾ “ਬੌਸ” ਨਾਮ ਦੇ ਇੱਕ ਪ੍ਰਾਣੀ ਨਾਲ ਨਹੀਂ ਪੈ ਜਾਂਦਾ!
5.ਤੁਹਾਡੀ ਗਲਤੀ ਸਿਰਫ ਤੁਹਾਡੀ ਆਪਣੀ ਹੀ ਹੁੰਦੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਵੀ ਯੋਗਦਾਨ ਨਹੀਂ ਹੈ!
6.ਕੰਪਾਰਟਮੈਂਟ ਆਉਣ ਤੇ ਫੇਰ ਦੋਬਾਰਾ ਪ੍ਰੀਖਿਆ ਵਿਚ ਬੈਠਣਾ ਸਿਰਫ ਸਕੂਲਾਂ ਕਾਲਜਾਂ ਵਿਚ ਹੀ ਨਸੀਬ ਹੁੰਦਾ..ਅਸਲ ਜਿੰਦਗੀ ਗਲਤੀ ਸੁਧਾਰਨ ਦਾ ਦੋਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਹੀ ਦਿੰਦੀ ਹੈ!
7.ਜਿੰਦਗੀ ਦੇ ਅਸਲ ਸਕੂਲ ਵਿਚ ਕੋਈ ਕਲਾਸ..ਜਮਾਤ..ਸੈਕਸ਼ਨ ਅਤੇ ਪ੍ਰੋਫੈਸਰ ਨਹੀਂ ਹੁੰਦਾ..ਇਥੇ ਤੁਸੀਂ ਖੁਦ ਹੀ ਜਮਾਤ ਹੋ..ਖੁਦ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਹਾਨੂੰ ਖੁਦ ਹੀ ਚੈਕ ਕਰਨੇ ਪੈਣੇ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਖੁਦ ਆਪ ਹੀ ਤਹਿ ਕਰਨਾ ਏ!
8.ਟੈਲੀਵਿਜਨ ਵਿਚ ਦਿਖਾਏ ਜਾਂਦੇ ਨਾਟਕਾਂ ਸੀਰੀਅਲਾਂ ਅਤੇ ਫ਼ਿਲਮਾਂ ਵਿਚਲੀ ਚਮਕ-ਦਮਕ ਵਾਲੀ ਜਿੰਦਗੀ ਅਕਸਰ ਹੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ..ਮੇਕ-ਅੱਪ ਦੀ ਮੋਟੀ ਪਰਤ ਹੇਠ ਦੱਬੀ ਜੀਵਨ ਸ਼ੈਲੀ ਨੂੰ ਆਪਣੀ ਆਦਤ ਦਾ ਹਿੱਸਾ ਕਦੀ ਨਹੀਂ ਬਣਨ ਦੇਣਾ ਚਾਹੀਦਾ!
9.ਮੁਸ਼ਕਿਲ ਹਲਾਤਾਂ ਵਿਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਵੀ ਮਜਾਕ ਨਾ ਉਡਾਓ..ਹੋ ਸਕਦਾ ਜਿੰਦਗੀ ਦੇ ਕਿਸੇ ਮੋੜ ਤੇ ਕਿਸੇ ਮਜਬੂਰੀ ਵੱਸ ਤੁਹਾਨੂੰ ਓਸੇ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ!
10.ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਏਨੇ ਨੀਰਸ,ਬਦਸੂਰਤ,ਬੋਰਿਗ ਤੇ ਚਿੜਚਿੜੇ ਨਹੀਂ ਸਨ ਹੋਇਆ ਕਰਦੇ..ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖ਼ੂਬਸੂਰਤ ਜਿੰਦਗੀ ਦੇਣ ਦੇ ਲਗਾਤਾਰ ਚੱਲਦੇ ਸੰਘਰਸ਼ ਨੇ ਸ਼ਾਇਦ ਓਹਨਾ ਦਾ ਸੁਬਾਹ ਤੇ ਸ਼ਕਲ ਬਦਲ ਦਿੱਤੀ ਹੈ!
ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ ਦਸ ਗੱਲਾਂ ਜਰੂਰ ਸਾਂਝੀਆਂ ਕਰਿਓ!
ਹਰਪ੍ਰੀਤ ਸਿੰਘ ਜਵੰਦਾ

One comment

  1. ਸਤ੍ ਸ੍ਰੀ ਅਕਾਲ ਜੀ, ਬਹੁਤ ਵਧੀਆ ਸਿੱਖਿਆਦਾਇਕ ਲਿਖਤ ਹੈ ਜੀ।

Leave a Reply

Your email address will not be published. Required fields are marked *