ਮੇਰੀ ਇੱਕ ਅਜੀਬ ਆਦਤ ਸੀ..ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਸਭ ਕੁਝ ਅੰਦਰ ਡੱਕ ਕੇ ਰੱਖਦੀ ਫੇਰ ਮੌਕਾ ਮਿਲਦੇ ਹੀ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..!
ਪਹਿਲੀ ਪੋਸਟਿੰਗ ਐਨ ਬਾਡਰ ਕੋਲ ਵੱਸੇ ਇੱਕ ਪਿੰਡ ਵਿਚ ਹੋ ਗਈ..ਘਰੋਂ ਏਨੀ ਦੂਰ ਕਈ ਵੇਰ ਮੇਰਾ ਰੋਣ ਨਿੱਕਲ ਜਾਇਆ ਕਰਦਾ..ਫੇਰ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੀ ਕੇ ਕਦੋਂ ਛੇ ਮਹੀਨੇ ਪੂਰੇ ਹੋਣ ਤੇ ਕਦੋ ਆਪਣੇ ਸ਼ਹਿਰ ਵਾਪਸੀ ਹੋਵੇ..!
ਵੈਸੇ ਤਾਂ ਸਕੂਲ ਦੇ ਸਾਰੇ ਬੱਚੇ ਹੀ ਇੰਝ ਦੇ ਹੀ ਸਨ ਪਰ ਤੀਜੀ ਜਮਾਤ ਦਾ ਉਹ ਮੁੰਡਾ ਬੜਾ ਹੀ ਅਜੀਬ ਸੀ..ਜਦੋਂ ਵੀ ਕਾਪੀ ਚੈੱਕ ਕਰਵਾ ਕੇ ਜਾਂਦਾ ਤਾਂ ਮਗਰੋਂ ਆਉਂਦੀ ਅਜੀਬ ਜਿਹੀ ਮੁਸ਼ਕ ਨਾਲ ਮੈਨੂੰ ਛਿੱਕਾਂ ਛਿੜ ਜਾਂਦੀਆਂ..ਖਾਸ ਕਰਕੇ ਰੰਗ ਬਰੰਗੇ ਅੱਧੀ ਬਾਂਹ ਦੇ ਤੰਦ-ਮੈਲੇ ਸਵੈਟਰ ਕੋਲੋਂ ਤਾਂ ਇੰਝ ਲੱਗਦਾ ਜੀਵੇਂ ਬੇਹੋਸ਼ ਹੋ ਕੇ ਹੀ ਡਿੱਗ ਪਵਾਂਗੀ..!
ਅਕਸਰ ਜਾਣ ਬੁੱਝ ਕੇ ਸਭ ਤੋਂ ਮਗਰੋਂ ਹੀ ਬੁਲਾਉਂਦੀ ਤੇ ਫੇਰ ਛੇਤੀ ਨਾਲ ਫਾਰਗ ਕਰਕੇ ਵਾਪਿਸ ਤੋਰ ਦਿਆ ਕਰਦੀ..!
ਇੱਕ ਦਿਨ ਤਬੀਅਤ ਥੋੜਾ ਢਿੱਲੀ ਸੀ..ਉੱਤੋਂ ਉਸਦਾ ਗੱਲ ਪਾਇਆ ਓਹੀ ਸਵੈਟਰ ਵੇਖ ਘਬਰਾਹਟ ਹੋਣ ਲੱਗੀ..ਉਸ ਦਿਨ ਉਸਨੂੰ ਜਾਣ ਬੁੱਝ ਕੇ ਹੀ ਨਜਰਅੰਦਾਜ ਕੀਤਾ..ਕੋਲ ਸੱਦਿਆ ਹੀ ਨਹੀਂ..!
ਘੜੀ ਕੂ ਮਗਰੋਂ ਪਜਾਮਾਂ ਝਾੜਦਾ ਉੱਠ ਖਲੋਤਾ..ਫ਼ਿਕਰਮੰਦੀ ਦੇ ਆਲਮ ਵਿਚ ਆਖਣ ਲੱਗਾ ਮੈਡਮ ਜੀ ਮੇਰੀ ਕਾਪੀ ਰਹਿ ਗਈ ਏ..!
ਮਜਬੂਰਨ ਕੋਲ ਸੱਦਣਾ ਪਿਆ..ਛੇਤੀ ਨਾਲ ਮੁਕਾ..ਕਾਪੀ ਵਾਪਿਸ ਫੜਾਉਂਦੀ ਹੋਈ ਨੇ ਅੱਜ ਪੁੱਛ ਹੀ ਲਿਆ ਕੇ ਓਏ ਤੂੰ ਨਹਾਉਂਦਾ ਕਿਓਂ ਨਹੀਂ?
ਨੀਵੀਂ ਪਾ ਲਈ..ਦੋਬਾਰਾ ਪੁੱਛਿਆ ਤਾਂ ਆਖਣ ਲੱਗਾ ਜੀ ਬਾਪੂ ਰੋਜ ਸੁਵੇਰੇ ਉਠਾ ਆਲੂ ਪੁੱਟਣ ਨਾਲ ਲੈ ਜਾਂਦਾ ਤੇ ਫੇਰ ਓਥੋਂ ਸਿੱਧਾ ਹੀ ਸਕੂਲੇ ਆਉਣਾ ਪੈਂਦਾ..ਰਾਹ ਵਿਚ ਰੁੱਖ ਦੀ ਦਾਤਣ ਕਰਨ ਮਗਰੋਂ ਮੂੰਹ ਹੱਥ ਵੀ ਰਾਹ ਵਿਚ ਪੈਂਦੀ ਕੱਸੀ ਵਿਚੋਂ ਹੀ ਧੋਣਾ ਪੈਂਦਾ..!
ਗਲ਼ ਪਾਏ ਸਵੈਟਰ ਵੱਲ ਇਸ਼ਾਰਾ ਕਰਦਾ ਆਖਣ ਲੱਗਾ ਜੀ ਮੈਨੂੰ ਪਤਾ ਤੁਹਾਨੂੰ ਇਸਤੋਂ ਮੁਸ਼ਕ ਆਉਂਦੀ ਏ ਪਰ ਕੀ ਕਰਾਂ ਇੱਕੋ ਹੀ ਹੈ..ਇਹ ਵੀ ਮਾਂ ਰਾਤ ਨੂੰ ਨਵੀਂ ਸੂਈ ਬੱਕਰੀ ਦੇ ਲੇਲੇ ਨੂੰ ਪਵਾ ਦਿੰਦੀ ਏ..ਆਖਦੀ ਜੇ ਠੰਡ ਨਾਲ ਮਰ ਗਿਆ ਤਾਂ ਦੁੱਧੋਂ ਨੱਸ ਜਾਊ ਤੇ ਫੇਰ ਚਾਹ ਪਾਣੀ ਕਾਹਦਾ ਬਣਾਉਣਾ..ਸਕੂਲੋਂ ਮੁੜਦੇ ਹੋਏ ਨੂੰ ਰਾਹ ਵਿਚੋਂ ਘਾਹ ਦੀ ਵੱਡੀ ਪੰਡ ਵੱਢ ਘਰੇ ਖੜਨੀ ਪੈਂਦੀ ਏ..ਕਈ ਵੇਰ ਰਾਹ ਵਿਚ ਹੀ ਲੁਕਾਈ ਦਾਤਰੀ ਗਵਾਚ ਜਾਵੇ ਤਾਂ ਬੜੀ ਕੁੱਟ ਪੈਂਦੀ ਏ..!
ਹੈਰਾਨ ਸਾਂ ਕੇ ਉਹ ਇਹ ਸਭ ਕੁਝ ਮੈਨੂੰ ਕਿਓਂ ਦੱਸੀ ਜਾ ਰਿਹਾ..ਪਰ ਜਿਸਨੂੰ ਅੱਜ ਤੱਕ ਮੈਂ ਗੂੰਗਾ ਸਮਝਦੀ ਆਈ ਸਾਂ ਅੱਜ ਬੋਲੀ ਜਾ ਰਿਹਾ ਸੀ..ਲਗਾਤਾਰ..ਬਿਨਾ ਰੁਕੇ..ਇੱਕੋ ਸਾਹੇ..ਅੱਖਾਂ ਵਿਚ ਅੱਖਾਂ ਪਾ ਕੇ..ਸ਼ਾਇਦ ਅਗਲੀਆਂ ਪਿਛਲੀਆਂ ਸਾਰੀਆਂ ਗਲਤਫਹਿਮੀਆਂ ਅੱਜ ਦੂਰ ਕਰ ਦੇਣਾ ਚਾਹੁੰਦਾ ਸੀ..ਸਦਾ ਲਈ..ਤਾਂ ਕੇ ਨਜ਼ਰਅੰਦਾਜ਼ੀ ਵਾਲਾ ਹਰ ਰੋਜ ਸੀਨੇ ਖੁੱਬਦਾ ਤਿੱਖਾ ਖੰਜਰ ਹਮੇਸ਼ਾਂ ਲਈ ਹੀ ਕਿਧਰੇ ਗਰਕ ਹੋ ਜਾਵੇ..!
ਅਖੀਰ ਮੈਨੂੰ ਸੁਣਨਾ ਬੰਦ ਹੋ ਗਿਆ ਤੇ ਘੜੀ ਕੂ ਮਗਰੋਂ ਦਿਸਣਾ ਵੀ..ਕਿਓੰਕੇ ਮੈਂ ਰੋ ਪਈ ਸਾਂ..ਪਹਿਲੀ ਵੇਰ ਸਾਰੀ ਜਮਾਤ ਸਾਮਣੇ..ਫੇਰ ਘੜੀ ਕੂ ਮਗਰੋਂ ਉਹ ਵੀ ਰੋ ਪਿਆ..!
ਮੇਰੇ ਹੰਝੂਆਂ ਵਿਚ ਪਛਤਾਵੇ ਦੀ ਇੱਕ ਝਲਕ ਸੀ ਤੇ ਪਰ ਉਸਦੇ ਕੋਇਆਂ ਵਿਚੋਂ ਵਗਦੇ ਹੋਏ ਖਾਰੇ ਪਾਣੀ ਦੇ ਦਰਿਆ ਵਿੱਚ ਇੱਕ ਵੱਖਰੀ ਜਿਹੀ ਖੁਸ਼ੀ ਦਾ ਝਲਕਾਰਾ ਸੀ..!
ਅੱਜ ਤੀਕਰ ਨਜਰ ਅੰਦਾਜੀ ਦਾ ਖੰਜਰ ਖੋਬਦੀ ਆਈ ਇੱਕ ਸ਼ਹਿਰੀ ਮੈਡਮ ਨੂੰ ਇੱਕ “ਅਸਲੀਅਤ” ਤੋਂ ਜਾਣੂੰ ਕਰਵਾਉਣ ਦੀ ਖੁਸ਼ੀ ਦਾ ਝਲਕਾਰਾ..ਬੱਕਰਖਾਨੇ ਵਰਗੀ ਮੁਸ਼ਕ ਮਾਰਦੇ ਸਵੈਟਰ ਦੀ ਅਸਲੀਅਤ..!
ਪਹਿਲੀ ਵੇਰ ਪਤਾ ਲੱਗਾ ਕੇ ਕੁਝ ਲੋਕ ਹੱਦ ਦਰਜੇ ਦੀ ਤੰਗੀ ਤੁਰਸ਼ੀ ਵਿੱਚ ਵੀ ਕਿੰਨਾ ਕੁਝ ਅੰਦਰ ਸਮੋਈ ਜਿੰਦਗੀ ਦੇ ਪੰਧ ਤੇ ਤੁਰੇ ਜਾਂਦੇ ਨੇ ਤੇ ਕੁਝ ਨਿਗੂਣਾ ਜਿਹਾ ਕੰਢਾ ਵੀ ਚੁੱਬ ਜਾਵੇ ਤਾਂ ਜਮੀਨ ਆਸਮਾਨ ਇੱਕ ਕਰ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ
ਵਾਕਿਆ।ਇਹ ਅਸਲੀਅਤ ਹੈ। ਬਹੁਤ ਕੁਝ ਕਰਨ ਦੀ ਖ਼ਵਾਹਿਸ਼ ਹੁੰਦੀ ਪਰ!!
bhut vadia ji mae vi ese halta vicho nikla ha ..
vvv nice