ਜਹਾਜ ਵਿਚ ਟਾਵੀਂ-ਟਾਵੀਂ ਸਵਾਰੀ ਹੀ ਸੀ..ਵੈਨਕੂਵਰ ਤੋਂ ਉੱਡਦਿਆਂ ਹੀ ਖਾਣੇ ਮਗਰੋਂ ਓਹਨਾ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ..!
ਲਗਪਗ ਹੋ ਗਏ ਹਨੇਰੇ ਵਿਚ ਅਚਾਨਕ ਬਾਥਰੂਮ ਵਾਲੇ ਪਾਸਿਓਂ ਨਿੱਕਾ ਜਿਹਾ ਇੱਕ ਬੱਚਾ ਮੇਰੇ ਕੋਲ ਆਇਆ ਅਤੇ ਮੇਰੀਆਂ ਲੱਤਾਂ ਤੋਂ ਉੱਪਰ ਦੀ ਚੜ ਨਿੱਘੇ ਕੰਬਲ ਅੰਦਰ ਵੜ ਸੌਂ ਗਿਆ..!
ਮੈਂ ਸਮਝ ਗਈ ਕੇ ਮਾਂ ਦੇ ਭੁਲੇਖੇ ਇਥੇ ਆ ਗਿਆ..ਫੇਰ ਵੀ ਉਸਦਾ ਸਿਰ ਥਾਪੜਦੀ ਹੋਈ ਨੇ ਘੇਸ ਵੱਟੀ ਰੱਖੀ..ਘੜੀ ਕੂ ਮਗਰੋਂ ਉਸਦੀ ਮਾਂ ਵੀ ਉਸਨੂੰ ਲੱਭਦੀ ਹੋਈ ਓਧਰ ਨੂੰ ਆ ਗਈ..ਇਸ਼ਾਰੇ ਨਾਲ ਆਖਿਆ ਕੇ ਫਿਕਰ ਨਾ ਕਰ ਮੇਰੀ ਬੁੱਕਲ ਵਿਚ ਹੀ ਪਿਆ ਹੈ..ਨਾਲ ਹੀ ਕੰਬਲ ਚੁੱਕ ਮੂੰਹ ਵਿਖਾ ਦਿੱਤਾ..!
ਉਸਨੇ ਪਹਿਲੋਂ ਮੈਥੋਂ ਮੁਆਫੀ ਮੰਗੀ ਤੇ ਫੇਰ ਉਸਨੂੰ ਗੂੜੀ ਨੀਂਦਰ ਵਿਚ ਪਏ ਨੂੰ ਚੁੱਕ ਕੇ ਲਿਜਾਣ ਲੱਗੀ..ਉਹ ਜਿੰਨਾ ਖਿੱਚੇ ਉਹ ਓਨਾ ਹੀ ਇਕੱਠਾ ਹੋਈ ਜਾਵੇ..!
ਅਖੀਰ ਉਸਨੇ ਉੱਚੀ ਸਾਰੀ ਅਵਾਜ ਦਿੱਤੀ..ਇਸ ਵੇਰ ਅੱਖਾਂ ਮਲਦਾ ਹੋਇਆ ਉਠਿਆ..ਪਹਿਲੋਂ ਮੇਰੇ ਵੱਲ ਵੇਖਿਆ ਤੇ ਫੇਰ ਆਪਣੀ ਮਾਂ ਦੇ ਚੇਹਰੇ ਵੱਲ..ਫੇਰ ਘੂਰੀ ਜਿਹੀ ਵੱਟ ਧੂ ਕੇ ਆਪਣੀ ਮਾਂ ਵੱਲ ਨੂੰ ਹੋ ਗਿਆ..ਦੂਰ ਜਾਂਦਾ ਹੋਇਆ ਵੀ ਮੁੜ ਮੁੜ ਇੰਝ ਵੇਖੀ ਜਾਵੇ ਜਿੱਦਾਂ ਮੈਂ ਕੋਈ ਵੱਡਾ ਗੁਨਾਹ ਕਰ ਲਿਆ ਹੋਵੇ..!
ਮਗਰੋਂ ਦਿੱਲੀ ਤੱਕ ਕਿੰਨੀ ਵੇਰ ਕੋਲੋਂ ਦੀ ਲੰਘਿਆ ਪਰ ਤੇਵਰ ਗੁੱਸੇ ਵਾਲੇ ਹੀ ਸਨ..ਪਰ ਮੈਂ ਅੰਦਰੋਂ ਖੁਸ਼ ਸਾਂ ਕੇ ਚਲੋ ਭੂਲੇਖੇ ਨਾਲ ਹੀ ਸਹੀ..ਚਿਰਾਂ ਬਾਅਦ ਘੜੀ ਦੋ ਘੜੀ ਲਈ ਇੱਕ ਵੱਖਰਾ ਜਿਹਾ ਇਹਸਾਸ ਤੇ ਹੋਇਆ..!
ਦਿੱਲੀ ਅੱਪੜਨ ਤੱਕ ਕਿੰਨੀਆਂ ਸਾਰੀਆਂ ਓਹਨਾ ਮਾਵਾਂ ਨੂੰ ਯਾਦ ਕਰਦੀ ਹੋਈ ਹੀ ਆਈ ਜਿਹਨਾਂ ਦੇ ਪੁੱਤ ਨਿੱਘੇ ਕੰਬਲਾਂ ਵਿਚੋਂ ਦੀ ਧੂ ਕੇ ਐਸੇ ਦੂਰ ਲਿਜਾਏ ਗਏ ਕੇ ਕਰਮਾਂ ਮਾਰੀਆਂ ਅਖੀਰ ਤੱਕ ਓਹਨਾ ਨੂੰ ਉਡੀਕਦੀਆਂ ਹੀ ਮੁੱਕ ਗਈਆਂ..!
ਪਿੰਡ ਸੱਜਰ ਸੂਈ ਗਾਂ ਦਾ ਵੱਛਾ..ਧਾਰ ਚੋਣ ਵੇਲੇ ਖੋਲ੍ਹਣਾ ਤਾਂ ਕਮਲਾ ਭੁਲਖੇ ਨਾਲ ਕੋਲ ਬੱਜੀ ਮੱਝ ਹੇਠ ਹੀ ਜਾ ਪਿਆ ਕਰਦਾ..ਉਹ ਵੀ ਰੱਬ ਦੇ ਨਾਮ ਵਾਲੀ..ਬਿਨਾ ਲੱਤ ਹਿਲਾਇਆਂ ਦੁੱਧ ਚੁੰਗਾਈ ਜਾਣਾ..ਅਸਲ ਮਾਂ ਨੇ ਸੰਗਲ ਤੁੜਾਉਣ ਤੱਕ ਜਾਣਾ..!
ਮਾਂ ਦੇ ਥਣਾਂ ਵਿਚੋਂ ਨਿੱਕਲਦਾ ਹੋਇਆ ਦੁੱਧ ਹੋਵੇ ਤੇ ਭਾਵੇਂ ਉਸਦੀ ਬੁੱਕਲ ਦਾ ਨਿੱਘ..ਹੁੰਦਾ ਤੇ ਹਰੇਕ ਦਾ ਇੱਕੋ ਜਿਹਾ ਹੀ..ਫਰਕ ਕਰਨਾ ਬੜਾ ਮੁਸ਼ਕਿਲ ਹੁੰਦਾ..ਪਰ ਜਦੋਂ ਕਿਧਰੇ ਕਿਸੇ ਮਾਂ ਨੂੰ ਵਕਤੋਂ ਪਹਿਲਾਂ ਰਵਾਨਗੀ ਪਾਉਣੀ ਪੈ ਜਾਵੇ ਤਾਂ ਕਈ ਬਾਪ ਮਾਵਾਂ ਦਾ ਰੂਪ ਧਾਰਦੇ ਖੁਦ ਅੱਖੀਂ ਵੇਖੇ ਨੇ..!
ਹਰਪ੍ਰੀਤ ਸਿੰਘ ਜਵੰਦਾ
bhut sohna likhya