ਮੋਹ – ਭਾਗ ਪਹਿਲਾ | moh – part 1

ਹਾਲੇ ਦੀਪੇ ਨੇ ਹਵੇਲੀ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਸੰਗਲ ਨੂੰ ਹੱਥ ਪਾਇਆ ਹੀ ਸੀ ਕਿ ਸਰਦਾਰ ਜਸਵੀਰ ਸਿੰਘ ਦਾ ਫੋਨ ਆ ਗਿਆ
,”ਕੀ ਕਰਦਾ ਦੀਪੇ?”
“ਕੁੱਝ ਨਹੀਂ ਬਸ ਪਾਣੀ ਪਿਲਾਉਣ ਲੱਗਾਂ ਪਸ਼ੂਆਂ ਨੂੰ”ਦੀਪੇ ਨੇ ਜੁਆਬ ਦਿੱਤਾ|
“ਐਂ ਕਰ ਪਾਣੀ ਫੇਰ ਆ ਕੇ ਪਿਆ ਦੇਵੀਂ ਅਸੀਂ ਚੱਲੇ ਵਿਆਹ ਤੇ ਤੈਨੂੰ ਦੱਸਿਆ ਸੀ ਨਾ | …ਸਿਮਰ ਦੀ ਬੱਸ ਲੰਘ ਗਈ ਉਹਨੂੰ ਸਕੂਲ ਛੱਡ ਆ …ਨਾਲੇ ਘਰ ਨੂੰ ਜੰਦਰਾ ਮਾਰ ਕੇ ਚਾਬੀ ਨਾਲ ਲੈ ਜਾਵੀਂ …ਦਿਨ ‘ਚ ਇੱਕ ਅੱਧੀ ਵਾਰੀ ਗੇੜਾ ਮਾਰ ਲਵੀਂ ਸਾਨੂੰ ‘ਨੇਰਾ ਹੋ ਜਾਣਾ ਮੁੜਦਿਆਂ”ਜਸਵੀਰ ਸਿੰਘ ਨੇ ਕਿਹਾ|
ਫਿਰ ਉਹ ਘਰ ਪਹੁੰਚ ਗਿਆ|ਸਿਮਰ ਜਸਵੀਰ ਸਿੰਘ ਦੀ ਸੋਲਾਂ ਕੁ ਵਰ੍ਹਿਆਂ ਦੀ ਕੁੜੀ ਸੀ ਜੋ ਲਾਗਲੇ ਸ਼ਹਿਰ ਦਸਵੀਂ ‘ਚ ਪੜ੍ਹਦੀ ਸੀ |ਉਹਦਾ ਇੱਕ ਪੁੱਤ ਵੀ ਸੀ ਛਿੰਦਾ ਜੋ ਸਿਮਰ ਤੋਂ ਵੱਡਾ ਸੀ ਪਰ ਸੀ ਪਿਉ ਵਾਂਗੂੰ ਵਿਹਲੀਆਂ ਖਾਣ ਵਾਲਾ|ਉਹ ਆਪਣੇ ਪੁੱਤ ਤੇ ਪਤਨੀ ਨਾਲ ਗੱਡੀ ਲੈਕੇ ਤੁਰ ਗਿਆ ਤੇ ਦੀਪਾ ਸਿਮਰ ਨੂੰ ਮੋਟਰਸਾਇਕਲ ਤੇ ਬਿਠਾ ਸਕੂਲ ਵੱਲ ਨੂੰ ਰਵਾਨਾ ਹੋ ਗਿਆ|ਉਹ ਪਹਿਲਾਂ ਵੀ ਕਈ ਵਾਰੀ ਸਰਦਾਰ ਨਾਲ ਉਹਦੇ ਸਕੂਲ ਗਿਆ ਸੀ ਕਈ ਵਾਰੀ ਛੱਡ ਕੇ ਵੀ ਆਉਂਦਾ ਰਿਹਾ ਹੈ।ਸਕੂਲ ਹਾਲੇ ਥੋੜ੍ਹੀ ਦੂਰ ਹੀ ਸੀ ਕਿ ਸਿਮਰ ਨੇ ਉਸਨੂੰ ਰੁਕਣ ਲਈ ਕਿਹਾ ਉਹਨੇ ਮੋਟਰਸਾਇਕਲ ਰੋਕ ਲਿਆ|ਉਹ ਉੱਤਰ ਕੇ ਆਪਣਾ ਬੈਗ ਫਰੋਲਣ ਲੱਗ ਪਈ|ਉਹਦੇ ‘ਚੋਂ ਇੱਕ ਕਿਤਾਬ ਕੱਢ ਕੇ ਉਹਨੂੰ ਫੜਾ ਦਿੱਤੀ|
“ਇਹ ਕੀ ਹੈ..?”ਦੀਪੇ ਨੇ ਪੁੱਛਿਆ
“ਇਹਨੂੰ ਘਰ ਜਾ ਕੇ ਦੇਖੀਂ …ਚੱਲ ਹੁਣ ..”ਸਿਮਰ ਨੇ ਕਿਹਾ
ਉਹਨੇ ਸ਼ਸ਼ੋਪੰਜੀ ‘ਚ ਕਿਤਾਬ ਰੱਖ ਲਈ ਤੇ ਮੋਟਰਸਾਇਕਲ ਸਟਾਰਟ ਕਰ ਲਿਆ|ਸਕੂਲ ਉੱਤਰ ਕੇ ਸਿਮਰ ਨੇ ਫਿਰ ਕਿਹਾ”ਦੀਪੇ…..ਕਿਤਾਬ ਵਿੱਚ ਤੇਰੇ ਲਈ ਕੁੱਝ ਰੱਖਿਆ….ਮੈਨੂੰ ਸ਼ਾਮ ਤੱਕ ਜਵਾਬ ਚਾਹੀਦਾ…”ਉਹ ਚਲੀ ਗਈ|ਪਰ ਉਹਨੂੰ ਕਿੰਨੇ ਹੀ ਸਵਾਲਾਂ ‘ਚ ਛੱਡ ਗਈ|ਉਹ ਤੁਰ ਪਿਆ ਪਰ ਰਸਤੇ ‘ਚ ਹੀ ਮੋਟਰਸਾਇਕਲ ਰੋਕ ਕੇ ਉਹਨੇ ਕਿਤਾਬ ਖੋਲ੍ਹੀ ਉਹ ਹੈਰਾਨ ਰਹਿ ਗਿਆ ਉਹਦੇ ‘ਚ ਇੱਕ ਚਿੱਠੀ ਸੀ ਪਰ ਉਹਨੂੰ ਤੇ ਪੜ੍ਹਨਾ ਹੀ ਨਹੀਂ ਸੀ ਆਉਂਦਾ |ਉਹਦਾ ਦਿਲ ਜੋਰ ਜੋਰ ਦੀ ਧੜਕਣ ਲੱਗ ਪਿਆ ਉਹਦੇ ਮੱਥੇ ਤੇ ਤਰੇਲੀ ਆ ਗਈ ਚਿੱਠੀ ਉੱਪਰ ਵਾਹੇ ਦਿਲ ਉਹਨੂੰ ਕੁੱਝ ਹੋਰ ਹੀ ਕਹਿ ਰਹੇ ਸੀ ਜਿਸ ਤੇ ਉਹ ਵਿਸ਼ਵਾਸ਼ ਨਹੀਂ ਕਰ ਪਾ ਰਿਹਾ ਸੀ|
“..ਹੈਂ ਸਿਮਰ ਇੰਨੀ ਵੱਡੀ ਹੋ ਗਈ …?ਮੈਂਨੂੰ ਤੇ ਪਤਾ ਹੀ ਨਹੀਂ ਲੱਗਿਆ..ਹਾਲੇ ਕੱਲ੍ਹ ਤਾਂ ਉਹਨੂੰ ਮੈਂ ਰੋਂਦੀ ਰੋਂਦੀ ਨੂੰ ਚੁੱਕ ਕੇ ਸਕੂਲ ਵਾਲੀ ਬੱਸ ਬਿਠਾਉਂਦਾ ਹੁੰਦਾ ਸੀ, ਹਾਲੇ ਕੱਲ੍ਹ ਤਾਂ ਮੈਂ ਆਪਣੇ ਝੱਗੇ ਨਾਲ ਉਹਦਾ ਨੱਕ ਸਾਫ ਕਰਦਾ ਹੁੰਦਾ ਸੀ ….ਹਾਲੇ …..ਉਹ ਕਿੰਨੇ ਹੀ ਸੁਆਲਾਂ ‘ਚ ਘਿਰਿਆ ਘਰ ਪਹੁੰਚਿਆ|ਹਵੇਲੀ ਦਾ ਸਾਰਾ ਕੰਮ ਨਿਬੇੜ ਕੇ ਉਹ ਆਪਣੇ ਘਰ ਪਹੁੰਚਿਆ|
“ਇੰਨੀ ਲੇਟ ਹੋ ਗਏ ਅੱਜ..?”ਮਨਜੀਤ ਨੇ ਪੁੱਛਿਆ |ਪਰ ਉਹ ਬਿਨਾ ਜੁਆਬ ਦਿੱਤਿਆਂ ਮੰਜੇ ਤੇ ਬੈਠ ਗਿਆ|ਕੁੱਝ ਸੋਚੀ ਗਿਆ ਕਿ ਮਨਜੀਤ ਤੋਂ ਚਿੱਠੀ ਪੜ੍ਹਾਵਾਂ ਕਿ ਨਾ ਉਹ ਕੁੱਝ ਗਲਤ ਨਾ ਸਮਝ ਲਵੇ|
,”ਕੀ ਹੋਇਆ….ਕੁਲਦੀਪ…ਇੱਦਾਂ ਕਿਉਂ ਬੈਠੇ ਹੋ,,?ਮਨਜੀਤ ਉਹਦੇ ਕੋਲ ਆ ਕੇ ਬੈਠ ਗਈ|
ਉਹਨੇ ਜਕਦੇ ਜਕਦੇ ਨੇ ਜੇਬ ਵਿੱਚੋਂ ਚਿੱਠੀ ਕੱਢ ਕੇ ਉਹਦੇ ਹੱਥ ਤੇ ਧਰ ਦਿੱਤੀ|
“ਮੈਨੂੰ ਨੀ ਪਤਾ ਕਿ ਕੀ ਲਿਖਿਆ….ਤੈਨੂੰ ਪਤਾ ਮੈਨੂੰ ਪੜ੍ਹਨਾ ਨੀ ਆਉਂਦਾ,,ਪਰ ਤੂੰ ਦੱਸੀਂ ਕੀ ਲਿਖਿਆ|”ਦੀਪੇ ਨੇ ਆਪਣੀ ਸਫਾਈ ਦਿੱਤੀ|ਮਨਜੀਤ ਨੇ ਜਿਉਂ ਜਿਉਂ ਚਿੱਠੀ ਪੜ੍ਹੀ ਉਹਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਗਏ|
“..ਮੈਨੂੰ ਵੀ ਦੱਸ ਕੁੱਝ …,ਮਨਜੀਤ ਦੱਸ ਵੀ ਕੀ ਲਿਖਿਆ ਮੇਰੇ ਤਾਂ ਹੱਥ ਪੈਰ ਕੰਬੀ ਜਾਂਦੇ ਨੇ”ਦੀਪੇ ਨੇ ਕਿਹਾ|
“ਆਓ ਪਹਿਲਾਂ ਆਪਾਂ ਰੋਟੀ ਖਾ ਲਈਏ”ਮਨਜੀਤ ਰੋਟੀ ਲੈਣ ਚਲੀ ਗਈ ਤੇ ਦੀਪਾ ਮੰਨੋ ਸਾਹ ਬੰਦ ਕਰਕੇ ਬੈਠਾ ਸੀ|ਮਨਜੀਤ ਤੇ ਉਹ ਜਦੋਂ ਰੋਟੀ ਖਾਣ ਲੱਗੇ ਤਾਂ ਮਨਜੀਤ ਨੇ ਹੌਲੀ ਹੌਲੀ ਗੱਲ ਤੋਰੀ|”ਕੁਲਦੀਪ ਤੂੰ ਸਿਮਰ ਨੂੰ ਨਿੱਕੀ ਹੁੰਦੀ ਨੂੰ ਆਪਣੇ ਹੱਥੀਂ ਖਿਡਾਇਆ ਏ ,ਤੂੰ ਮੈਨੂੰ ਉਹਦੀਆਂ ਕਿੰਨੀਆਂ ਗੱਲਾਂ ਕਿੰਨੀਆਂ ਸ਼ਰਾਰਤਾਂ ਦੱਸਦਾ ਹੁੰਦਾ ਏ|ਤੈਨੂੰ ਪਤਾ ਸਿਮਰ ਦੇ ਪਾਪਾ ਤੇ ਭਰਾ ਦਾ ਸੁਭਾਅ ਉਹ ਕਿਵੇਂ ਉਹਨੂੰ ਅੰਦਰ ਤਾੜੀ ਰੱਖਦੇ ਨੇ |ਅੱਜ ਖੁਦ ਸਾਰੇ ਚਲੇ ਗਏ ਉਹਨੂੰ ਛੱਡ ਗਏ|ਉਹਨੂੰ ਵਿਚਾਰੀ ਨੂੰ ਇਨਸਾਨ ਹੀ ਨਹੀਂ ਸਮਝਦੇ|ਉਹਦੀਆਂ ਭਾਵਨਾਵਾਂ ਕੋਈ ਨਹੀ ਸਮਝਦਾ|………ਤੂੰ ਜੋ ਚਿੱਠੀ ਬਾਰੇ ਸਮਝਿਆ ਉਹ ਸਹੀ ਏ….ਸਿਮਰ ਤੈਨੂੰ ਪਸੰਦ ਕਰਦੀ ਏ….|”
ਇਹ ਸੁਣਕੇ ਦੀਪੇ ਦੀ ਬੁਰਕੀ ਸੰਘ ‘ਚ ਹੀ ਫਸ ਗਈ|ਉਹ ਖੰਘਣ ਲੱਗ ਪਿਆ|ਮਨਜੀਤ ਨੇ ਉਸਨੂੰ ਪਾਣੀ ਪਿਲਾਇਆ…….
ਚਲਦਾ
ਦੀਪ ਕਮਲ

Leave a Reply

Your email address will not be published. Required fields are marked *