ਸੋਮਵਾਰ ਨੂੰ ਠੱਕੇ ਵਾਲੀ ਠੰਡ ਦਾ ਲੁਕਵਾਂ ਜਿਹਾ ਖ਼ੌਫ਼..ਸੁਵੇਰੇ ਉੱਠ ਦੇਖਿਆ -38 ਡਿਗਰੀ..!
ਛੇਵੀਂ ਜਮਾਤ ਮਾਸਟਰ ਸਵਰਨ ਸਿੰਘ..ਸਾਇੰਸ ਦਾ ਪਹਿਲਾ ਪੀਰੀਅਡ..ਨਿੱਰੀ ਮੌਤ..ਪੰਜ ਪੰਜ ਸੋਟੀਆਂ ਪੱਕੀਆਂ..ਪਹਿਲੀਆਂ ਦੋ ਔਖਿਆਂ ਕਰਦੀਆਂ ਅਗਲੀਆਂ ਦਾ ਪਤਾ ਹੀ ਨਾ ਲੱਗਦਾ..ਠੀਕ ਏਦਾਂ ਹੀ ਪਹਿਲੀ ਠੰਡ ਔਖੀ ਕਰਦੀ ਮੁੜ ਕੁਝ ਪਤਾ ਨੀ ਲੱਗਦਾ..ਉੱਖਲੀ ਵਿਚ ਸਿਰ ਦੋ ਸੱਟਾਂ ਵੱਧ ਕੀ ਤੇ ਘੱਟ ਕੀ..ਦੋ ਪਈਆਂ ਵਿੱਸਰ ਗਈਆਂ..!
ਨੌ ਕੂ ਵਜੇ ਬਾਰ ਖੋਲਿਆ..ਸੀਤ ਹਵਾ ਧੂੰਆਂ ਬਣ ਬੂਹੇ ਥਾਣੀ ਅੰਦਰ ਇੰਝ ਵੜੀ ਜਿੱਦਾਂ ਕੋਈ ਬਿਨ-ਟਿਕਟਾ ਰੇਲ ਦੇ ਟੀ.ਟੀ ਨੂੰ ਵੇਖ ਗੁਸਲਖਾਨੇ ਵਿਚ ਜਾ ਵੜਦਾ..ਇਥੇ ਇੱਕ ਸਿਕਰੀ ਬੁੱਲਾਂ ਤੇ ਜੰਮਦੀ ਦੂਜੀ ਟਰੱਕ ਦੇ ਸ਼ੀਸ਼ੇ ਤੇ..ਖੁਰਚ ਖੁਰਚ ਲਹੁਣੀ ਪੈਂਦੀ..ਕੋਈ ਸੰਗ ਸ਼ਰਮ ਨਹੀਂ ਗਵਾਂਢੀ ਕੀ ਆਖੂ..ਹਰੇਕ ਨੂੰ ਖੁਦ ਦਾ ਖੁਦ ਹੀ ਨੇਪਰੇ ਚਾੜਨਾ ਪੈਂਦਾ..!
ਫਿਰ ਟਰੱਕ ਦਾ ਸੇਲ੍ਫ਼ ਮਾਰਿਆ..ਇੰਜਣ ਅਜੀਬ ਤਰਾਂ ਦੀਆਂ ਡਰਾਉਣੀਆਂ ਅਵਾਜਾਂ ਨਾਲ ਕੰਬ ਉਠਿਆ..ਇੰਝ ਜਿੱਦਾਂ ਬਿਮਾਰੀ ਦਾ ਭੰਨਿਆਂ ਬਾਬਾ ਅੱਧੀ ਰਾਤ ਕੱਚੀ ਨੀਂਦਰ ਉਠਾ ਦਿੱਤਾ ਹੋਵੇ..ਤਾਂ ਵੀ ਕਰਮਾ ਵਾਲਾ ਟਰੱਕ ਇੰਜ ਆਖਦਾ ਪ੍ਰਤੀਤ ਹੋਇਆ “ਮਿੱਤਰਾ ਧੋਖਾ ਨਹੀਂ ਦੇਵਾਂਗਾ..ਲੀਹੇ ਪਾਵਾਂਗਾ ਤੇਰੀ ਜਿੰਦਗੀ..ਤੂੰ ਕਮਾਵੇਂਗਾ ਤਾਂ ਹੀ ਤਾਂ ਮੇਰਾ ਢਿੱਡ ਭਰੂ”!
ਏਨੀ ਠੰਡ ਵਿਚ ਵੀ ਔਖੇ ਸੌਖੇ ਸਟਾਰਟ ਹੋ ਹੀ ਜਾਂਦੇ ਕਈ ਵੇਰ ਧੀਆਂ ਪੁੱਤਾਂ ਵਾਂਙ ਹੀ ਪਿਆਰੇ ਲੱਗਦੇ..!
ਡੈਸ਼-ਬੋਰਡ ਦੀਆਂ ਝੀਥਾਂ ਥਾਣੀ ਮੂੰਹ ਤੇ ਵੱਜਦੀ ਗਰਮ ਹਵਾ ਇੰਝ ਜਿੱਦਾਂ ਅੱਖ ਚੁੱਬਣ ਤੇ ਮੂੰਹ ਦੀ ਫੂਕ ਨਾਲ ਗਰਮ ਕੀਤੀ ਮਾਂ ਦੇ ਗੁੱਛੂ-ਮੁੱਛੂ ਕੀਤੇ ਦੁੱਪਟੇ ਦੀ ਨੁੱਕਰ..ਸਦੀਵੀਂ ਸੁਕੂਨ ਦਿੰਦੀ..!
ਡੇਢ ਸਾਲ ਪਹਿਲੋਂ ਤਾਰਾ ਬਣ ਗਈ..ਉਸਦੇ ਵਰਗੀ ਹੀ ਕੋਲੋਂ ਤੁਰੀ ਜਾਂਦੀ ਇਕ ਹੋਰ ਬੀਜੀ ਦਿਸ ਪਈ..ਉੱਪਰ ਮੋਟੀ ਜੈਕਟ ਪਰ ਥੱਲੇ ਪਤਲੀ ਸਲਵਾਰ..ਜੀ ਕੀਤਾ ਆਖਾਂ ਮੇਰੀਏ ਮਾਏਂ ਇਸ ਮੁਲਖ ਵਿਚ ਰਿਸ਼ਤੇ ਹੀ ਸੁੰਨ ਨਹੀਂ ਹੁੰਦੇ..ਲੱਤਾਂ-ਬਾਹਾਂ ਵੀ ਹੋ ਜਾਂਦੀਆਂ..ਘੜੀਆਂ ਪਲਾਂ ਵਿਚ ਹੀ..ਫੇਰ ਸੋਚਿਆ ਮਨਾ ਬਿਨ ਮੰਗੀ ਸਲਾਹ ਪੁੱਠੀ ਹੀ ਨਾ ਪੈ ਜਾਵੇ..ਦੜ੍ਹ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ!
ਪੁੱਠਾ ਐੱਮ ਵੇਖ ਕੌਫੀ ਦੀ ਤਲਬ ਲੱਗਣ ਲੱਗੀ..ਮੈਕਡੋਨਲ ਅੱਪੜਿਆਂ..ਅੱਗੇ ਰੌਣਕਾਂ..ਗੋਰੀ ਕੁੜੀ..ਠੰਡ ਨਾਲ ਲਾਲ ਸੁਰਖ ਹੋਇਆ ਸੂਹਾ ਨੱਕ..ਬਟਾਲੇ ਦਾ ਸ਼ਿਵ ਚੇਤੇ ਆ ਗਿਆ..ਅੱਜ ਦਿਨ ਚੜਿਆ ਤੇਰੇ ਰੰਗ ਵਰਗਾ..ਇੱਕ ਦੂਜੇ ਵੱਲ ਬਰਫ ਦੇ ਗੋਲੇ ਮਾਰਦੇ ਹੋਏ ਸਕੂਲ ਦੇ ਬੱਚੇ..ਟੈਕਸੀ ਤੇ ਡਟਿਆ ਹੋਇਆ ਆਪਣਾ ਭਾਈ..ਕੂੜੇ ਦੇ ਟਰੱਕ ਪਿੱਛੇ ਲਮਕਿਆ ਹੌਲੀ ਜਿਹੀ ਉਮਰ ਦਾ ਗੋਰਾ..ਸ਼ੀਸ਼ਾ ਬਣੀ ਬਰਫ ਤੋਂ ਕਿਸੇ ਤਿਲਕ ਕੇ ਡਿੱਗੇ ਹੋਏ ਦੀ ਭੋਏਂ ਤੇ ਜੰਮੀ ਹੋਈ ਕੌਫੀ..ਇੱਕ ਸੁਨੇਹਾ ਦੇ ਰਹੀ ਸੀ ਕੇ ਜਿੰਦਗੀ ਵਿਚ ਕਦੀ ਕਦੀ ਕੁਝ ਕਦਮ ਫੂੰਕ ਫੂੰਕ ਕੇ ਰੱਖਣੇ ਵੀ ਬਹੁਤ ਜਰੂਰੀ ਨੇ..ਫੈਕ੍ਟ੍ਰੀ ਦੀ ਚਿਮਨੀ ਵਿਚੋਂ ਨਿੱਕਲਦਾ ਚਿੱਟੇ ਰੰਗ ਦਾ ਧੂੰਆਂ..ਸੜਕਾਂ ਤੇ ਲੂਣ ਖਿਲਾਰਦੇ ਟਰੱਕ..ਮੂੰਹਾਂ ਤੇ ਮਫਲਰ ਲਪੇਟੀ ਸੈਰ ਲਈ ਤੁਰੇ ਜਾਂਦੇ ਗੋਰੇ ਗੋਰੀਆਂ..ਦੁਕਾਨ ਦੇ ਗੇਟ ਅੱਗੇ ਲੂਣ ਛਿੜਕਦੀ ਗੋਰੀ..ਮਤੇ ਕੋਈ ਤਿਲਕ ਹੀ ਨਾ ਪਵੇ..ਬੱਸ ਵਿਚ ਸਵਾਰੀਆਂ ਚੜਾਉਂਦਾ ਪੱਗ ਵਾਲਾ ਡਰਾਈਵਰ ਵੀਰ..ਕਾਰ ਦੀ ਮਗਰਲੀ ਸੀਟ ਤੇ ਬੈਠਾ ਕੁੱਤਾ..ਬੈੰਕ ਕਾਊਂਟਰ ਤੇ ਕੰਮ ਕਰਦੀ ਆਪਣੀ ਕੁੜੀ..ਪੰਪਾਂ ਤੇ ਗੈਸ ਪਾਉਂਦੇ ਪੰਜਾਬੀ ਮੁੰਡੇ..ਦਾਹੜੀ ਤੇ ਜੰਮੀ ਬਰਫ..ਓਹਨਾ ਨਾਲ ਹਮਦਰਦੀ ਕਰਦੇ ਲੋਕ..ਦਫਤਰ ਬਾਹਰੋਂ ਬਰਫ ਹਟਾਉਂਦਾ ਇੱਕ ਬਜ਼ੁਰਗ ਗੋਰਾ..ਰੇਹੜੀ ਤੇ ਗਰੋਸਰੀ ਧੱਕੀ ਜਾਂਦੀ ਬੁੜੀ..ਸਟੋਰ ਅੰਦਰ ਖੁਦ ਪੋਚਾ ਲਾਉਂਦਾ ਟਾਈ ਬੰਨੀ ਮੈਨੇਜਰ..ਆਰੇ ਨਾਲ ਮੀਟ ਕੱਟਦੀ ਇਕ ਫਿਲੀਪੀਨੋ..ਆਟੇ ਦੀਆਂ ਬੋਰੀਆਂ ਅੰਦਰ ਰੱਖਦਾ ਹੋਇਆ ਇੱਕ ਆਪਣਾ ਵੀਰ..ਆਡਰ ਦੇ ਕੇ ਵਾਸ਼ਰੂਮ ਗਏ ਗ੍ਰਾਹਕ ਦਾ ਇੰਤਜਾਰ ਕਰਦੀ ਇੱਕ ਵਡੇਰੀ ਉਮਰ ਦੀ ਮਾਈ..ਨਿੱਕੇ ਜਿਹੇ ਕੁੱਤੇ ਨੂੰ ਸਵੈਟਰ ਅਤੇ ਬੂਟ ਪਵਾ ਬਾਹਰ ਸੈਰ ਕਰਾਉਂਦੀ ਇੱਕ ਕੁੜੀ..ਠੰਡ ਨਾਲ ਪਾਟ ਗਏ ਜਮੀਨ ਹੇਠਲੇ ਪਾਣੀ ਦੇ ਪਾਈਪ ਦੀ ਮੁਰੰਮਤ ਕਰਦੇ ਮਾਵਾਂ ਦੇ ਪੁੱਤ..ਸਭ ਕੁਝ ਦੇਖ ਅੰਤਾਂ ਦੀ ਠੰਡ ਵਿੱਸਰ ਗਈ..ਬੱਸ ਮੂਹੋਂ ਇੱਕੋ ਗੱਲ ਹੀ ਨਿੱਕਲੀ..ਜਿੰਦਗੀ ਜਿੰਦਾਬਾਦ..!
ਸੀਨਾ ਡਾਹ ਕੇ ਹਾਲਾਤਾਂ ਨਾਲ ਲੜਨਾ ਸਿਖਾਉਂਦੀ ਏ ਕਨੇਡਾ ਦੀ ਠੰਡ..ਫ਼ਿਲਮਾਂ ਵਿਚ ਦਿਖਾਇਆ ਜਾਂਦਾ ਚਮਕਾਂ ਮਾਰਦਾ ਕਨੇਡਾ ਜਿਆਦਤਰ ਛਲਾਵਾ ਏ ਬੱਸ..ਦਸਤਾਨਿਆਂ ਵਿਚੋਂ ਵੀ ਸੁੰਨ ਹੋ ਜਾਂਦੀਆਂ ਉਂਗਲਾਂ ਜਦੋਂ ਮੂੰਹ ਵਿਚ ਪਾ ਕੇ ਗਰਮ ਕਰਨੀਆਂ ਪੈਂਦੀਆਂ ਤਾਂ ਬਰਸੀਨ ਵੱਢਦਿਆਂ ਪੋਟਿਆਂ ਤੇ ਫਿਰ ਗਈ ਦਾਤਰੀ ਮਗਰੋਂ ਨਿਕਲਦੀ ਲਹੂ ਦੀ ਧਾਰ ਚੇਤੇ ਆ ਜਾਂਦੀ..ਧੱਕੇ ਖਾਣ ਦੀ ਪੈ ਗਈ ਆਦਤ ਨੂੰ ਲੋਕ ਸੈੱਟ ਹੋਣਾ ਆਖ ਦਿੰਦੇ..!
ਏਨਾ ਕੁਝ ਸੋਚਦੇ ਹੋਏ ਇੱਕ ਦਫਤਰ ਪਹੁੰਚਿਆ..ਇੱਕ ਗੋਰੇ ਦੀ ਅੰਤਿਮ ਅਰਦਾਸ ਦਾ ਇਸ਼ਤਿਹਾਰ..ਜਿਊਣ ਜੋਗਾ ਏਨਾ ਆਖ ਮਰ ਕੇ ਵੀ ਜਿੰਦਗੀ ਨੂੰ ਹਰਾ ਗਿਆ ਸੀ ਕੇ “ਮੇਰੀ ਮੜੀ ਤੇ ਚੜਾਉਣ ਲਈ ਕੋਈ ਫੁਲ ਪੱਤੀਆਂ ਨਾ ਲੈ ਕੇ ਆਇਓ..ਸਗੋਂ ਓਹਨਾ ਪੈਸਿਆਂ ਦਾ ਕਿਸੇ ਗਰੀਬ ਨੂੰ ਖਾਣ ਪੀਣ ਜੋਗਾ ਕੁਝ ਲੈ ਦਿਓ”
ਇੱਕ ਜਾਪਾਨੀ ਲੇਖਕ ਚੇਤੇ ਆ ਗਿਆ..ਕਿੰਨੇ ਸਾਰੇ ਫੁਲ ਇੱਕਠੇ ਹੋ ਕੇ ਰੱਬ ਦੇ ਦਰਬਾਰ ਪੇਸ਼ ਹੋਏ..ਅਖ਼ੇ ਲੋਕ ਸਾਨੂੰ ਤੋੜ ਕੇ ਪੈਰਾਂ ਵਿਚ ਮਧੋਲ ਸੁੱਟਦੇ..ਸਾਡਾ ਕੁਝ ਕਰੋ..ਅੱਗਿਓਂ ਆਖਣ ਲੱਗਾ ਜਾਉ ਸਾਰੇ ਤਿਤਲੀਆਂ ਬਣ ਜਾਓ..ਇਹ ਉੱਡਦੀਆਂ ਫਿਰਦੀਆਂ ਤਿਤਲੀਆਂ ਵੀ ਅਸਲ ਵਿਚ ਫੁਲ ਹੀ ਨੇ..ਬਲਿਹਾਰੇ ਜਾਵਾਂ ਐਸੀ ਸੋਚ ਤੇ..!
ਖੈਰ ਗੱਲ ਲੰਮੀ ਹੋ ਗਈ..ਜਾਂਦੇ ਜਾਂਦੇ ਫੋਟੋ ਵਿਚਲੇ ਹਿਰਨ ਦਾ ਜਿਕਰ..ਥੋੜੀ ਦੂਰ ਐਨ ਜੰਗਲ ਦੀ ਧੁੰਨੀ ਅੰਦਰ ਰਹਿੰਦੀ ਇੱਕ ਗੋਰੀ ਨੂੰ ਬਾਹਰ ਠੰਡ ਵਿਚ ਖਲੋਤਾ ਹੋਇਆ ਹਿਰਨ ਸ਼ਾਇਦ ਇਹ ਸੁਨੇਹਾ ਦੇ ਰਿਹਾ ਕੇ ਸਾਡੀ ਬਰਾਦਰੀ ਕੋਲ “ਬੈੰਕਾਂ ਨਹੀਂ..ਖਾਤੇ ਨਹੀਂ..ਘਰ ਨਹੀਂ..ਸ਼ੇਅਰ ਨਹੀਂ..ਕਾਰਾਂ ਨਹੀਂ..ਡਾਕਟਰ ਨਹੀਂ..ਫਰਿਜ ਨਹੀਂ..ਰੀਸ ਨਹੀਂ..ਸਾੜਾ ਨਹੀਂ..ਈਰਖਾ ਨਹੀਂ..ਦੌੜ ਨਹੀਂ..ਦਿਖਾਵਾ ਨਹੀਂ..ਅਤੇ ਇਸਤੋਂ ਵੀ ਵੱਧ ਸਾਨੂੰ ਆਉਣ ਵਾਲੇ ਕੱਲ ਦਾ ਕੋਈ ਫਿਕਰ ਵੀ ਨਹੀਂ..ਪਰ ਇੱਕ ਵਿਸ਼ਵਾਸ਼ ਏ ਕੇ ਉੱਪਰ ਵਾਲੇ ਨੇ ਸਭ ਦਾ ਬੰਦੋਬਸਤ ਪਹਿਲਾਂ ਹੀ ਕੀਤਾ ਹੋਇਆ..ਬਸ ਵਰਤਮਾਨ ਵਿਚ ਹੀ ਰਹੀਦਾ..ਦੇਖ ਲੈ ਅਸੀਂ ਤਾਂ ਵੀ ਚੰਗੇ ਭਲੇ ਹਾਂਂ..ਬਰਫ ਚੱਬ ਤ੍ਰੇਹ ਮੁੱਕ ਜਾਂਦੀ ਤੇ ਥੱਲਿਓਂ ਨਿੱਕਲੇ ਸੁੱਕੇ ਘਾਹ ਨਾਲ ਭੁੱਖ..!
ਨਾਲ ਹੀ ਇੱਕ ਹੋਰ ਖਬਰ..ਅਡਾਨੀ ਦਾ ਸੱਤਰ ਬਿਲੀਅਨ ਅੱਜ ਮਿੱਟੀ ਹੋ ਗਿਆ..ਏਨਿਆਂ ਨੂੰ ਰੁਪਈਆਂ ਵਿਚ ਬਣਾ ਕੇ ਦੱਸਿਆ ਜੇ ਅੱਗੇ ਕਿੰਨੀਆਂ ਸਿਫਰਾਂ ਲੱਗਦੀਆਂ..ਅਤੇ ਉਹ ਸਿਫਰਾਂ ਬੰਦੇ ਦੇ ਮੁੱਕ ਜਾਣ ਮਗਰੋਂ ਓਨੀਆਂ ਹੀ ਰਹਿੰਦੀਆਂ ਕੇ ਕੁਝ ਹੋਰ..ਕਬਰਾਂ ਉਡੀਕਦੀਆਂ ਜਿਓਂ ਪੁੱਤਰਾਂ ਨੂੰ ਮਾਵਾਂ!
ਹਰਪ੍ਰੀਤ ਸਿੰਘ ਜਵੰਦਾ
Nice
ਬਹੁ ਹੀ ਵਧੀਆ ਵੀਰ ਕਨੇਡਾ ਦੀ ਅਸਲੀਅਤ ਤੁਸੀਂ ਹੀ ਵਿਖਾਉਂਦੇ ਹੋ ਵਧਾਈ